ਕਰੋੜਾਂ ਅਮਰੀਕੀ ਲੋਕ ਲੋਨ ਦੀਆਂ ਕਿਸ਼ਤਾਂ ਮੋੜਨ ਤੋਂ ਹੋਏ ਬੇਵੱਸ

326
Share

-ਵਿਦਿਆਰਥੀਆਂ ਨੂੰ ਆ ਰਹੀ ਹੈ ਸਭ ਤੋਂ ਜ਼ਿਆਦਾ ਮੁਸ਼ਕਿਲ
ਨਿਊਯਾਰਕ, 23 ਜੂਨ (ਪੰਜਾਬ ਮੇਲ)- ਅਮਰੀਕਾ ‘ਚ ਕਰੋੜਾਂ ਲੋਕ ਵੱਖ-ਵੱਖ ਤਰ੍ਹਾਂ ਦੇ ਲਏ ਕਰਜ਼ੇ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨ ਤੋਂ ਖੁਦ ਨੂੰ ਅਸਮਰਥ ਮਹਿਸੂਸ ਕਰ ਰਹੇ ਹਨ। ਕੋਰੋਨਾਵਾਇਰਸ ਕਾਰਨ ਅਮਰੀਕਾ ‘ਚ ਵੱਡੀ ਗਿਣਤੀ ਵਿਚ ਲੋਕਾਂ ਦੀ ਆਰਥਿਕ ਹਾਲਤ ਖਰਾਬ ਹੋਈ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਲਈ ਲੋਨ ਲਏ ਸਨ, ਉਹ ਇਸ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨ ਵਿਚ ਬੇਵੱਸ ਹਨ। ਆਟੋ ਲੋਨ ਅਤੇ ਹੋਰ ਕਈ ਤਰ੍ਹਾਂ ਦੇ ਲੋਨ ਲੈਣ ਵਾਲੇ ਲੋਕ ਵੀ ਕਿਸ਼ਤਾਂ ਅਦਾ ਕਰਨ ਵਿਚ ਔਖ ਮਹਿਸੂਸ ਕਰਦੇ ਹਨ। ਇੱਕ ਅਨੁਮਾਨ ਮੁਤਾਬਕ ਇੱਕ ਮਾਰਚ ਤੋਂ ਬਾਅਦ ਇਨ੍ਹਾਂ ਲੋਕਾਂ ਦੀ ਗਿਣਤੀ ਵਧੀ ਹੈ। ਜਿੱਥੇ ਪਹਿਲਾਂ ਇਹ ਗਿਣਤੀ 100 ਮਿਲੀਅਨ ਦੇ ਲਗਭਗ ਸੀ, ਇਹ ਵਧ ਹੋ ਕੇ 106 ਮਿਲੀਅਨ ਹੋ ਗਈ ਹੈ। ਅਪ੍ਰੈਲ ਵਿਚ ਇਹ ਲੋਕ ਮੁਸ਼ਕਲ ਦੇ ਨਾਲ 35 ਮਿਲੀਅਨ ਸਨ ਅਤੇ ਅੱਜਕੱਲ੍ਹ ਇਸ ਵਿਚ ਤਿੰਨ ਗੁਣਾ ਵਾਧਾ ਹੋ ਗਿਆ ਹੈ।
ਇੱਕ ਕ੍ਰੈਡਿਟ ਰਿਪੋਰਟਿੰਗ ਫਰਮ ਟਰਾਂਸ ਯੂਨੀਅਨ ਮੁਤਾਬਕ ਸਭ ਤੋਂ ਵੱਧ ਮੁਸ਼ਕਲ ਵਿਦਿਆਰਥੀਆਂ ਨੂੰ ਆ ਰਹੀ ਹੈ, ਜਿਨ੍ਹਾਂ ਨੇ ਆਪਣੀ ਪੜ੍ਹਾਈ ਦਾ ਲੋਨ ਲਿਆ ਸੀ। ਇਸ ਸਮੇਂ 79 ਮਿਲੀਅਨ ਵਿਦਿਆਰਥੀਆਂ ਵੱਲੋਂ ਲੋਨ ਦੀ ਅਦਾਇਗੀ ਕਰਨ ਵਿਚ ਮੁਸ਼ਕਲ ਮਹਿਸੂਸ ਕੀਤੀ ਜਾ ਰਹੀ ਹੈ। ਦੋ ਮਹੀਨੇ ਪਹਿਲਾਂ ਅਜਿਹੇ ਵਿਦਿਆਰਥੀਆਂ ਦੀ ਗਿਣਤੀ ਸਿਰਫ 18 ਮਿਲੀਅਨ ਸੀ। ਆਟੋ ਲੇਨ ਦੇ ਖੇਤਰਾਂ ‘ਚ ਵੀ ਉਨ੍ਹਾਂ ਲੋਕਾਂ ਦੀ ਗਿਣਤੀ ਬਹੁਤ ਵਧੀ ਹੈ, ਜੋ ਕਰਜ਼ੇ ਦੀ ਕਿਸ਼ਤ ਦੇਣ ਵਿਚ ਮੁਸ਼ਕਲ ਮਹਿਸੂਸ ਕਰਦੇ ਹਨ। ਦੋ ਮਹੀਨੇ ਪਹਿਲਾਂ ਅਜਿਹੇ ਲੋਕਾਂ ਦੀ ਗਿਣਤੀ 1.3 ਮਿਲੀਅਨ ਸੀ, ਉਹ ਵਧ ਕੇ 7.3 ਮਿਲੀਅਨ ਹੋ ਗਈ ਹੈ। ਇਨ੍ਹਾਂ ਲੋਕਾਂ ਦੀ ਗਿਣਤੀ ‘ਚ ਵਾਧੇ ਤੋਂ ਬਾਅਦ ਅਮਰੀਕਾ ਦੀਆਂ ਵੱਖ-ਵੱਖ ਕੰਪਨੀਆਂ ‘ਤੇ ਲੋਕਾਂ ਨੂੰ ਰਾਹਤ ਦੇਣ ਲਈ ਦਬਾਅ ਵਧ ਰਿਹਾ ਹੈ। ਕੁਝ ਕੇਸਾਂ ਵਿਚ ਸਰਕਾਰ ਨੇ ਕੰਪਨੀਆਂ ਨੂੰ ਇਹ ਹਦਾਇਤਾਂ ਕੀਤੀਆਂ ਹਨ ਕਿ ਉਹ ਆਪਣੇ ਕਰਜ਼ਦਾਰਾਂ ਦੀਆਂ ਕਿਸ਼ਤਾਂ ਅੱਗੇ ਪਾ ਦੇਣ। ਇਸ ਬਾਰੇ ਮਾਰਚ ਵਿਚ ਇੱਕ ਪੈਕੇਜ ‘ਤੇ ਸਮਝੌਤਾ ਵੀ ਹੋਇਆ ਸੀ। ਉਦੋਂ ਇਹ ਯੋਜਨਾ ਬਣੀ ਸੀ ਕਿ ਤੀਹ ਸਤੰਬਰ ਤੱਕ ਲੋਕਾਂ ਕੋਲੋਂ ਲਏ ਹੋਏ ਲੋਨ ਦੀਆਂ ਕਿਸ਼ਤਾਂ ਨਾ ਲਈਆਂ ਜਾਣ। ਵਿਦਿਆਰਥੀਆਂ ਨੂੰ ਇਸ ਸੰਬੰਧੀ ਵਿਸ਼ੇਸ਼ ਰਾਹਤ ਦੇਣ ਦੀ ਯੋਜਨਾ ਬਣੀ ਸੀ। ਅਜੇ ਵੀ ਕੋਰੋਨਾਵਾਇਰਸ ਦੀ ਦਹਿਸ਼ਤ ਜਾਰੀ ਰਹਿਣ ਕਾਰਨ ਇਸ ਸਮੇਂ ਨੂੰ ਹੋਰ ਅੱਗੇ ਵਧਾਏ ਜਾਣ ਦੀ ਮੰਗ ਹੋ ਰਹੀ ਹੈ।


Share