ਕਰੋਨਾ ਸਬੰਧੀ ਪੰਜਾਬ ਦੇ ਮੈਡੀਕਲ ਕਾਲਜਾਂ ਦੀਆਂ ਲੈਬਾਂ ਵਲੋਂ 10000 ਟੈਸਟ ਕਰਨ ਦਾ ਅੰਕੜਾ ਪਾਰ : ਸੋਨੀ

936

ਪੰਜਾਬ ਦੇ ਮੈਡੀਕਲ ਕਾਲਜਾਂ ਵਿੱਚ ਕਰੋਨਾ ਵਾਇਰਸ ਸਬੰਧੀ ਟੈਸਟ ਕਰਨ ਦੀ ਸਮਰੱਥਾ ਵਿੱਚ ਵਾਧਾ ਕਰਨ ਲਈ ਕੀਤੇ ਜਾ ਰਹੇ ਪ੍ਰਬੰਧ

ਚੰਡੀਗੜ੍ਹ, 26 ਅਪ੍ਰੈਲ (ਪੰਜਾਬ ਮੇਲ)- ਪੰਜਾਬ ਰਾਜ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਦੀਆਂ ਲੈਬਾਂ ਨੇ ਕਰੋਨਾ ਵਾਇਰਸ ਸਬੰਧੀ 10000 ਟੈਸਟ ਕਰਨ ਦਾ ਅੰਕੜਾ ਪਾਰ ਕਰ ਲਿਆ ਹੈ। ਇਨ੍ਹਾਂ ਟੈਸਟਾਂ ਵਿਚੋਂ 217 ਟੈਸਟ ਪਾਜਟਿਵ ਪਾੲੇ ਗੲੇ ਸਨ ।
ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਰਾਜ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਕੀਤਾ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਰੋਨਾ (ਕੋਵਿਡ 19) ਨੂੰ ਮਾਤ ਪਾਉਣ ਲਈ ਕੀਤੇ ਗਏ ਪ੍ਰਬੰਧਾਂ ਵਿਚ ਹੋਰ ਇਜ਼ਾਫਾ ਕਰਨ ਦੇ ਮਕਸਦ ਨਾਲ ਪੰਜਾਬ ਰਾਜ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਵਿਚ ਕਰੋਨਾ ਸਬੰਧੀ ਟੈਸਟ ਕਰਨ ਦੀ ਸਮਰੱਥਾ ਨੂੰ ਰੋਜ਼ਾਨਾ 1050 ਤੋਂ ਵਧਾ ਕੇ 3800 ਕਰਨ ਲਈ ਲੋੜੀਂਦੀਆਂ ਤਿਆਰੀਆਂ ਸ਼ੁਰੂ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਚਾਲੂ ਕੋਸ਼ਿਸ਼ਾਂ ਸਦਕੇ ਨੇਪਰੇ ਚੜ੍ਹਨ ਤੋਂ ਬਾਅਦ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਪਟਿਆਲਾ 1400-1400 ਅਤੇ ਮੈਡੀਕਲ ਕਾਲਜ ਫਰੀਦਕੋਟ ਵਿੱਚ 1000 ਟੈਸਟ ਹੋਇਆ ਕਰਨਗੇ।
ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਪਟਿਆਲਾ ਵਿਚ ਵਿਚ ਆਈ.ਸੀ.ਐਮ.ਆਰ ਦੀ ਪ੍ਰਵਾਨਗੀ ਤੋਂ ਬਾਅਦ 15 ਮਾਰਚ 2020 ਨੂੰ 40-40 ਟੈਸਟ ਰੋਜ਼ਾਨਾ ਕਰਨ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਮੁੜ ਵਿਭਾਗ ਵਲੋਂ ਆਈ.ਸੀ.ਐਮ.ਆਰ. ਨਾਲ ਤਾਲਮੇਲ ਕਰਕੇ ਇਹ ਰੋਜ਼ਾਨਾ ਟੈਸਟ ਸਮਰੱਥਾ ੳੁਕਤ ਮੈਡੀਕਲ ਕਾਲਜਾਂ ਵਿੱਚ 400-400 ਟੈਸਟ ਕਰਨ ਦੀ ਪ੍ਰਵਾਨਗੀ ਹਾਸਿਲ ਕਰ ਲਈ ਸੀ। ਇਸ ਤੋਂ ਇਲਾਵਾ ਮੈਡੀਕਲ ਕਾਲਜ ਫਰੀਦਕੋਟ ਵਿੱਚ ਵੀ 250 ਟੈਸਟ ਕਰਨ ਦੀ ਪ੍ਰਵਾਨਗੀ ਮਿਲ ਗਈ ਸੀ। ਜਿਸ ਨਾਲ ਸੂਬੇ ਵਿਚ ਕਰੋਨਾ ਦਾ ਟਾਕਰਾ ਕਰਨ ਵਿਚ ਕਾਫੀ ਮਦਦ ਮਿਲੀ।
ਸ੍ਰੀ ਸੋਨੀ ਨੇ ਦੱਸਿਆ ਕਿ ਮੋਜੂਦਾ ਸਮੇਂ ਰਾਜ ਦੇ ਸਰਕਾਰੀ ਮੈਡੀਕਲ ਕਾਲਜ ਕੋਲ 5346 ਅਕਸਟਰਕਸ਼ਨ (ਮੈਨੂਅਲ) ਅਤੇ 29461 ਆਰ.ਟੀ. – ਪੀ. ਸੀ. ਆਰ. ਟੈਸਟ ਕਿੱਟਾਂ ਉਪਲਬਧ ਹਨ।
ਉਨ੍ਹਾਂ ਦੱਸਿਆ ਕਰੋਨਾ ਵਾਇਰਸ ਸਬੰਧੀ ਮੋਜੂਦਾ ਸਮੇਂ ਡਾਟਾ ਮੈਨੂਅਲ ਤਰੀਕੇ ਨਾਲ ਰੱਖਿਆ ਜਾਂਦਾ ਹੈ ਅਤੇ ਹੁਣ ਇਸ ਨੂੰ ਆਨ ਲਾਈਨ ਪ੍ਰਣਾਲੀ ਅਧੀਨ ਲਿਆਂਦਾ ਜਾ ਰਿਹਾ ਹੈ ਜਿਸ ਤਹਿਤ ਮਰੀਜ਼ ਦਾ ਸੈਂਪਲ ਲੈਣ ਵੇਲੇ ਆਪ ਲਾਈਨ ਡਾਟਾ ਐਂਟਰੀ ਕੀਤੀ ਜਾਵੇਗੀ ਅਤੇ ਫਿਰ ਟਰਾਂਸਪੋਰਟ ਕਰਨ ਵੇਲੇ ਐਂਟਰੀ ਕੀਤੀ ਜਾਵੇਗੀ ਅਤੇ ਅਖੀਰ ਵਿੱਚ ਟੈਸਟ ਕਰਨ ਵੇਲੇ ਐਂਟਰੀ ਹੋਵੇਗੀ ਅਤੇ ਟੈਸਟ ਦੇ ਨਤੀਜੇ ਵੀ ਆਨ ਲਾਈਨ ਹੀ ਭੇਜੇ ਜਾਣਗੇ। ਜਿਸ ਨਾਲ ਸੈਪਲਿੰਗ ਤੋਂ ਲੈ ਕੇ ਸੈਂਪਲ ਦੀ ਲੈਬ ਤੱਕ ਪਹੁੰਚਣ ਤੱਕ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਅਤੇ ਨਾਲ ਹੀ ਟੈਸਟਾਂ ਦਾ ਰਿਕਾਰਡ ਵੀ ਆਪ ਲਾਈਨ ਹੀ ਰੱਖਿਆ ਜਾਵੇਗਾ।
ਸ੍ਰੀ ਸੋਨੀ ਨੇ ਸੂਬੇ ਦੇ ਵਿਗਿਆਨਕਾਂ, ਮੈਡੀਕਲ ਕਾਲਜਾਂ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਅਮਲੇ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ।