ਕਰੋਨਾ ਵਾਇਰਸ ਤੋਂ ਬਾਅਦ ਬਦਲ ਜਾਵੇਗਾ ਦੁਨੀਆਂ ਦੀਆਂ ਖੇਡਾਂ ਦਾ ਆਕਾਰ ਅਤੇ ਸਵਰੂਪ

992
ਕਰੋਨਾ ਵਾਰਿਸ ਨੇ ਪੂਰੀ ਦੁਨੀਆਂ ਵਿੱਚ ਜ਼ਿੰਦਗੀ ਦੇ ਅਰਥ ਬਦਲ ਕੇ ਰੱਖ ਦਿੱਤੇ ਹਨ ਦੁਨੀਆਂ ਦੇ ਹਰ ਖੇਤਰ ਨੂੰ ਕਰੋਨਾ ਨੇ ਤਹਿਸ ਨਹਿਸ ਕਰ ਦਿੱਤਾ ਹੈ ।ਖਾਸ ਕਰਕੇ ਜੇਕਰ ਗੱਲ ਕਰੀਏ ਖੇਡਾਂ ਦੀੇ ਉਸ ਵਿੱਚ ਓਲੰਪਿਕ ਖੇਡਾਂ ,ਯੂਰੋਕੱਪ ਫੁੱਟਬਾਲ ,ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ,ਪ੍ਰੋ ਕਬੱਡੀ ਲੀਗ ,ਪ੍ਰੋ ਹਾਕੀ ਲੀਗ ਜੋ ਆਪਣੇ ਜਾਹੋ ਜਲਾਲ ਤੇ ਸਨ ਦੀ ਕਹਾਣੀ ਖ਼ਤਮ ਕਰਕੇ ਰੱਖ ਦਿੱਤੀ ਹੈ । ਕੋਈ ਵੱਡਾ ਈਵੈਂਟ ਮੁਲਤਵੀ ਹੋ ਗਿਆ ਕੋਈ ਰੱਦ ਹੋ ਗਿਆ ਕੋਈ ਅੱਗੇ ਪੈ ਗਿਆ ਤੇ ਗਰਾਊਂਡਾਂ ਵਿਰਾਨ ਹੋ ਗਈਆਂ ਖਿਡਾਰੀਆਂ ਦੀਆਂ ਖੇਡ ਗਤੀਵਿਧੀਆਂ  ਥਾਂ ਦੀ ਥਾਂ ਠੱਪ ਹੋ ਕੇ ਰਹਿ ਗਈਆਂ ਹਨ  ਪੰਜਾਬ ਦੇ ਪਿੰਡਾਂ ਵਿੱਚ ਹੋਣ ਵਾਲੇ ਵੱਡੇ ਵੱਡੇ  ਕਬੱਡੀ ਕੱਪ ਅਤੇ ਕੈਨੇਡਾ ਅਮਰੀਕਾ ਆਸਟਰੇਲੀਆ ਯੂਰਪ ਆਦਿ ਮੁਲਕਾਂ ਦੀਆਂ ਕਬੱਡੀ ਸਰਗਰਮੀਆਂ  ਪੂਰੀ ਤਰ੍ਹਾਂ ਬੰਦ ਹੋ ਗਈਆਂ ਹਨ ਚਲੋ ਕੁਦਰਤ ਅੱਗੇ ਕੋਈ ਜ਼ੋਰ ਨਹੀਂ ਕਿ ਕਰੋਨਾ ਵਾਰਿਸ ਵਰਗੀ ਭਿਆਨਕ ਮਹਾਂਮਾਰੀ ਆਈ ਤੇ ਸਾਰੇ ਸਿਸਟਮ ਫੇਲ ਹੋ ਕੇ ਰਹਿ ਗਏ ਇਹ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਪਲੇਗ ,ਹੈਜ਼ਾ ,ਮਲੇਰੀਆ ,ਚੇਚਕ ਅਤੇ ਸਵਾਈਨ ਫਲੂ ਆਦਿ   ਹੋਰ ਭਿਆਨਕ ਬਿਮਾਰੀਆਂ ਨੇ ਦੁਨੀਆਂ ਵਿੱਚ ਮੌਤਾਂ ਦੀ ਤਬਾਹੀ ਮਚਾਈ ਦੁਨੀਆਂ ਦਾ ਜਾਨੀ ਮਾਲੀ ਨੁਕਸਾਨ ਕੀਤਾ ਆਖਰ ਫਿਰ ਗੱਡੀ ਲੀਹ ਤੇ ਆ ਜਾਂਦੀ ਰਹੀ ਖ਼ਾਸ ਕਰਕੇ ਦੂਸਰੇ ਵਿਸ਼ਵ ਯੁੱਧ ਵਿੱਚ ਦੁਨੀਆਂ ਦੀ ਵੱਡੀ ਤਬਾਹੀ ਹੋਈ ਪਰ ਉਸ ਯੁੱਧ ਤੋਂ ਬਾਅਦ ਦੁਨੀਆਂ ਵਿੱਚ ਇੱਕ ਵੱਡੀ ਤਬਦੀਲੀ ਆਈ , ਵੱਖ ਵੱਖ ਮੁਲਕਾਂ ਨੇ ਲੜਾਈਆਂ ਅਤੇ ਖਾਨਾਜੰਗੀ ਤੋਂ ਸਬਕ ਸਿੱਖਿਆ ਕਿ ਹਥਿਆਰਾਂ ਨਾਲ ਇੱਕ ਦੂਜੇ ਨੂੰ ਮਾਰਨ ਤੇ ਮਰਵਾਉਣ ਅਤੇ ਹਰਾਉਣ ਦੀ ਬਜਾਏ ਖੇਡ ਮੈਦਾਨਾਂ ਵਿੱਚ ਜੱਦੋ ਜਹਿਦ ਕਰਕੇ ਇੱਕ ਦੂਜੇ ਨੂੰ  ਜਿੱਤਿਆ ਅਤੇ  ਹਰਾਇਆ ਜਾਵੇ । ਇਸ ਤਬਦੀਲੀ ਦਾ ਨਾਮ ਸੀ ਸਪੋਰਟਸਮੈਨ ਸ਼ਿੱਪ । ਇਸ ਖੇਡ ਭਾਵਨਾ ਨੇ ਪੂਰੀ ਦੁਨੀਆਂ ਨੂੰ ਇੱਕ ਦੂਜੇ ਦੇ ਨੇੜੇ ਕੀਤਾ ਆਪਸੀ ਪਿਆਰ ਮਿਲਵਰਤਨ ਅਤੇ ਅੱਗੇ ਵਧਣ ਦਾ ਮੌਕਾ ਦਿੱਤਾ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆਂ ਦੇ ਤਾਕਤਵਰ ਮੁਲਕਾਂ ਨੇ ਵਿਸ਼ਵ ਕੱਪ ਫੁੱਟਬਾਲ ਨੂੰ ਜਿੱਤਣਾ ਹੀ ਦੁਨੀਆਂ ਨੂੰ ਜਿੱਤਣਾ ਮੰਨ ਲਿਆ ਜੋ ਫੁੱਟਬਾਲ ਦੀ ਦੁਨੀਆਂ ਦਾ ਚੈਂਪੀਅਨ। ਉਸ ਨੂੰ ਇੰਝ ਲੱਗਦਾ ਕਿ ਮੈਂ ਹੀ ਦੁਨੀਆਂ ਦਾ ਦੁਨੀਆਂ ਦਾ ਜੇਤੂ ਸਿਕੰਦਰ ਹਾਂ। ਪੂਰੀ ਦੁਨੀਆਂ ਵਿੱਚ ਓਲੰਪਿਕ ਖੇਡ ਮੁਕਾਬਲਿਆਂ ਦੀ ਚੜ੍ਹਤ ਮੱਚੀ ਪੂਰੀ ਦੁਨੀਆਂ ਦੇ ਮੁਲਕ ਹੀ ਓਲੰਪਿਕ ਖੇਡਾਂ ਵਿੱਚ ਭਾਗੀਦਾਰੀ ਪਾਓੁਣ ਲੱਗੇ, ਤਗਮੇ ਜਿੱਤਣਾ ਖਿਡਾਰੀਆਂ ਦਾ ਟੀਚਾ ਬਣਿਆ ਫਿਰ ਵੱਖ ਵੱਖ ਮਹਾਂਦੀਪਾਂ ਦੇ ਖੇਡ ਮੁਕਾਬਲੇ ਸ਼ੁਰੂ ਹੋਏ ਵੱਖ ਵੱਖ ਖੇਡਾਂ ਦੇ ਵਿਸ਼ਵਪੱਧਰੀ ਮੁਕਾਬਲੇ ਸ਼ੁਰੂ ਹੋਏ ਏਸ਼ੀਅਨ ਖੇਡਾਂ ,ਹਾਕੀ ਵਰਲਡ ਕੱਪ ਕ੍ਰਿਕਟ ਵਰਲਡ ਕੱਪ ,ਅਥਲੈਟਿਕਸ ਵਰਲਡ ਚੈਂਪੀਅਨਸ਼ਿਪ ਬਗੈਰਾ ਬਗੈਰਾ ਖੇਡ ਸਰਗਰਮੀਆਂ ਸ਼ੁਰੂ ਹੋਈਆ ਹਰ ਮੁਲਕ ਖੇਡਾਂ ਦੇ ਖੇਤਰ ਵਿੱਚ ਸੁਪਰ ਪਾਵਰ ਬਣਨ ਅਤੇ ਖੇਡਾਂ ਦੇ ਖੇਤਰ ਵਿੱਚ ਹਿੱਸਾ ਲੈਣਾ ਆਪਣਾ ਸੁਭਾਗ ਮੰਨਦਾ ,ਦੁਨੀਆਂ ਦੇ ਖੇਡ ਸਟੇਡੀਅਮ ਨੱਕੋ ਨੱਕ ਭਰਨੇ ਸ਼ੁਰੂ ਹੋਏ ਖਿਡਾਰੀ ਦੁਨੀਆਂ ਦੇ ਹੀਰੋ ਬਣੇ ,ਖੇਡਾਂ ਵਿੱਚ ਫਿਲਮੀ ਸਿਤਾਰਿਆਂ ਦੀ ਸ਼ਮੂਲੀਅਤ ਹੋਣ ਲੱਗੀ ,ਕਾਰਪੋਰੇਟ ਹਾਊਸ ਅਤੇ ਵੱਡੇ ਸਪਾਂਸਰ ਖੇਡਾਂ ਵਿੱਚ ਆਏ ਵੱਖ ਵੱਖ ਮੁਲਕਾਂ ਦੀਆਂ ਸਰਕਾਰਾਂ ਦੀ ਅਹਿਮ ਭੂਮਿਕਾ ਖੇਡਾਂ ਵਿੱਚ ਬਣੀ,ਵੱਡੀਆਂ ਵੱਡੀਆਂ ਪ੍ਰਬੰਧਕੀ ਖੇਡ ਕਮੇਟੀਆਂ ਬਣੀਆਂ ,ਅੰਤਰਰਾਸ਼ਟਰੀ ਓਲੰਪਿਕ ਕੌਂਸਲ ਅਤੇ ਹੋਰ ਖੇਡਾਂ ਦੀਆਂ ਵਿਸ਼ਵ ਪੱਧਰੀ ਸੰਸਥਾਵਾਂ ਬਣੀਆਂ ਕਿਸੇ ਲਈ ਇਹ ਖੇਡਾਂ ਖੇਡਾਂ ਹੀ ਰਹੀਆਂ ,ਕਿਸੇ ਲਈ ਆਪਣੀ ਪਹਿਚਾਣ ,ਕਿਸੇ ਲਈ ਵਪਾਰ ਦੇ ਹੱਬ ਬਣ ਗਈਆਂ,ਕੋਈ ਮੁਲਕ ਖੇਡਾਂ ਵਿੱਚ ਆਪਣੀ ਸਰਦਾਰੀ ਦਰਸਾਉਣ ਲੱਗ ਪਿਆ ਕੋਈ ਮੁਲਕ ਕਿਸੇ ਇੱਕ ਖੇਡ ਦੇ ਵਿੱਚ ਹੀ ਆਪਣੀ ਵੱਖਰੀ ਪਹਿਚਾਣ ਬਣਾਉਣ ਲੱਗ ਪਿਆ , ਦਰਸ਼ਕਾਂ ਦੇ ਸਿਰ ਖੇਡ ਦਾ ਜਨੂੰਨ ਪੂਰੀ ਦੁਨੀਆਂ ਵਿੱਚ ਸਿਰ ਚੜ ਕੇ ਬੋਲ ਰਿਹਾ ਹੈ ਖੇਡ ਭਾਵੇਂ ਫੁੱਟਬਾਲ ਹੋਵੇ ,ਕ੍ਰਿਕਟ ਹੋਵੇ ,ਕਬੱਡੀ ਹੋਵੇ ,ਹਾਕੀ ਬਾਸਕਟਬਾਲ , ਓਸੈਨ ਬੋਲਟ ਜਾਂ ਕਾਰਲੂਈਸ ਦੀ 100 ਮੀਟਰ ਦੀ ਦੌੜ ਹੋਵੇ ਸਟੇਡੀਅਮ ਵਿੱਚ ਦਰਸ਼ਕਾਂ ਦਾ ਹੜ੍ਹ ਆਇਆ ਹੁੰਦਾ ਅਤੇ ਤਿਲ ਸੁੱਟਣ ਜੋਗੀ  ਵੀ ਜਗ੍ਹਾ ਨਹੀਂ ਬਚਦੀ ।
ਪਰ ਦੁਨੀਆਂ ਵਿੱਚ ਖੇਡਾਂ ਦੇ ਚੱਲਦੇ ਵਧੀਆ ਸੁਹਾਵਣੇ ਮਾਹੌਲ ਨੂੰ ਕਰੋਨਾ ਵਾਰਿਸ ਮਹਾਂਮਾਰੀ ਨੇ ਇੱਕ ਅਜਿਹੀ ਬ੍ਰੇਕ ਲਾਈ ਕਿ ਦੁਨੀਆਂ ਦੀਆਂ ਖੇਡਾਂ ਦੇ ਅਰਥ ਹੀ ਬਦਲ ਕੇ ਰੱਖ ਦਿੱਤੇ ਹਨ ਅੱਜ ਦੇ ਹਾਲਾਤ ਇਹ ਹਨ ਕਿ ਚਾਰ ਬੰਦਿਆਂ ਦਾ ਇਕੱਠੇ ਖੜ੍ਹਾ ਹੋਣਾ ਮੁਸ਼ਕਲ   ਹੋ ਗਿਆ ਹੈ ਜ਼ਿੰਦਗੀ ਵਿੱਚ ਸੋਸ਼ਲ ਡਿਸਟੈਂਸ ਦੀ ਭੂਮਿਕਾ ਅਹਿਮ ਹੋ ਗਈ ਹੈ ਕਰੋਨਾ ਵਾਇਰਸ ਦਾ ਕੋਈ ਸਹੀ ਇਲਾਜ ਅਜੇ ਦੁਨੀਆਂ ਨੂੰ ਮਿਲ ਨਹੀਂ ਰਿਹਾ । ਕਰੋਨਾ ਵਾਇਰਸ ਦੀ ਬੀਮਾਰੀ  ਇੰਨੀ ਜਲਦੀ ਜਾਣ ਵਾਲੀ ਨਹੀਂ ,ਖੇਡਾਂ ਬਹੁਤਾ ਸਮਾਂ ਰੁਕਣ ਵਾਲੀਆਂ ਨਹੀਂ ,ਫਿਰ ਆਖਰ ਖੇਡਾਂ ਦਾ ਭਵਿੱਖ ਕੀ ਹੋਵੇਗਾ ਕਿ ਸਟੇਡੀਅਮ ਪਹਿਲਾਂ ਦੀ ਤਰ੍ਹਾਂ ਲੋਕਾਂ ਨਾਲ ਖਚਾ ਖੱਚ ਭਰਨਗੇ ,ਟੀਮ ਗੇਮਜ਼ ਜਿਸ ਤਰ੍ਹਾਂ ਫੁੱਟਬਾਲ ਹਾਕੀ ਜਿਸ ਵਿੱਚ ਖਿਡਾਰੀਆਂ ਦੀ ਭਰਮਾਰ ਹੁੰਦੀ ਹੈ ਉਹਨਾਂ ਖੇਡਾਂ ਨੂੰ ਕਿਸ ਤਰ੍ਹਾਂ ਖੇਡਾਂਗੇ ਇਸ ਪ੍ਰਤੀ ਪੂਰੀ ਦੁਨੀਆ ਚਿੰਤਤ ਹੈ,ਅੰਤਰ ਰਾਸ਼ਟਰੀ  ਓਲੰਪਿਕ ਕੌਂਸਲ ਬਹੁਤ ਗੰਭੀਰ ਹੈ ਗੱਲ ਕੀ ਹੁਣ ਖੇਡਾਂ ਦਾ ਆਕਾਰ ਅਤੇ ਸਵਰੂਪ ਪੂਰੀ ਤਰ੍ਹਾਂ ਬਦਲ ਜਾਵੇਗਾ ਅੰਤਰਰਾਸ਼ਟਰੀ ਓਲੰਪਿਕ ਕੌਂਸਲ ਨੇ ਇਹ ਉਪਰਾਲੇ ਸ਼ੁਰੂ ਕਰ ਦਿੱਤੇ ਹਨ ਹੁਣ ਓਲੰਪਿਕ ਖੇਡਾਂ ਜਾਂ ਹੋਰ ਵੱਡੇ ਮੁਕਾਬਲਿਆਂ ਲਈ ਵੱਡੇ ਸਟੇਡੀਅਮ ਬਣਾਉਣ ਦੀ ਲੋੜ ਨਹੀਂ ਪਵੇਗੀ ਸਿਰਫ ਖਿਡਾਰੀ ਹੀ ਖੇਡ ਮੈਦਾਨਾਂ ਵਿੱਚ ਖੇਡਣਗੇ ਅਤੇ ਲੋਕਾਂ ਨੂੰ ਟੀ ਵੀ ਚੈਨਲਾਂ ਉੱਤੇ ਹੀ ਖੇਡਾਂ ਦਾ ਆਨੰਦ ਮਾਣਨਾ ਪਵੇਗਾ ਖੇਡਾਂ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ ਹਾਕੀ ਫੁਟਬਾਲ ਵਰਗੀਆਂ ਖੇਡਾਂ 11 ਖਿਡਾਰੀਆਂ ਤੋਂ ਘੱਟ ਕੇ 5-ਏ- ਸਾਈਡ ਤੱਕ ਸੀਮਤ ਰਹਿ ਜਾਣਗੀਆਂ। ਬਾਸਕਟਬਾਲ 3*3 ਖਿਡਾਰੀਆਂ ਤੱਕ ਸੀਮਤ ਰਹਿ ਜਾਵੇਗੀ ਕ੍ਰਿਕਟ ਵੀ 20-20 ਓਵਰਾਂ ਤੋਂ ਘੱਟ ਕੇ ਸੀਮਿਤ ਓਵਰ ਅਤੇ ਸੀਮਿਤ ਖਿਡਾਰੀਆਂ ਤੱਕ ਲੈ ਜਾਵੇਗੀ। ਹੋਰ ਖੇਡਾਂ ਨੂੰ ਵੀ ਇਸ ਤਰ੍ਹਾਂ ਦੀ ਹੀ ਖਿਡਾਰੀਆਂ ਪੱਖੋਂ ਖੇਡ ਦੇ ਸਿਸਟਮ ਪੱਖੋਂ ਵੱਡੀ ਕਟੌਤੀ ਲੱਗੇਗੀ ਇਸ ਤਰ੍ਹਾਂ ਖੇਡਾਂ ਖੇਡਣ ਅਤੇ ਦਰਸ਼ਕਾਂ ਵੱਲੋਂ ਦੇਖਣ ਦਾ ਸਮਾਂ ਵੀ ਸੀਮਤ ਜਿਹਾ ਹੀ ਰਹਿ ਜਾਵੇਗਾ ਅਤੇ ਖੇਡਾਂ ਦਾ ਰੋਮਾਂਚ ਅਤੇ ਜਨੂੰਨ ਵੱਡੇ ਪੱਧਰ ਤੇ ਵਧੇਗਾ ਪਰ ਪੰਜਾਬੀਆਂ ਲਈ ਵੱਡੀ ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬੀਆਂ ਦੀ ਮਕਬੂਲ ਖੇਡ ਕਬੱਡੀ ਦਾ ਕੀ ਬਣੇਗਾ ਕਿਉਂਕਿ ਕਬੱਡੀ ਵਿੱਚ ਤਾਂ ਪਹਿਲਾਂ ਹੀ ਨਾ ਹੀ ਖਿਡਾਰੀਆਂ ਦਾ, ਨਾ ਹੀ ਦਰਸ਼ਕਾਂ ਦਾ ,ਨਾਂ ਹੀ  ਪ੍ਰਬੰਧਕਾਂ ਦਾ ਕੋਈ ਨਿਯਮ ਸਿਧਾਂਤ ਹੈ ਮਨਾਂ ਮੂੰਹੀਂ ਕਬੱਡੀ ਪ੍ਰੇਮੀ ਖਿਡਾਰੀ ਥੋੜ੍ਹੀ ਦੀ ਜਗ੍ਹਾ ਤੇ ਇਕੱਤਰ ਹੋ ਜਾਂਦੇ ਹਨ ਜਦ ਕਿ ਸੋਸ਼ਲ ਡਿਸਟੈਂਸ  ਦਾ ਰਹਿਣਾ ਭਵਿੱਖ  ਵਿੱਚ ਬਹੁਤ ਜ਼ਰੂਰੀ ਹੈ ਇਹ ਮਾਮਲਾ ਸਿਰਫ ਤਾਂ ਹੀ ਨਜਿੱਠੇਗਾ ਜਦੋਂ  ਪੰਜਾਬ ਸਰਕਾਰ ਇਸ ਪ੍ਰਤੀ ਕੋਈ ਕਾਨੂੰਨ ਜਾਂ ਹਦਾਇਤ  ਅਖਤਿਆਰ ਕਰੇਗੀ ਨਹੀਂ ਤਾਂ ਕਬੱਡੀ ਵਾਲਿਆਂ ਦਾ ਵੀ ਫਿਰ ਤਬਲੀਗੀ ਜਮਾਤ ਜਾਂ ਹਜ਼ੂਰ ਸਾਹਿਬ ਵਾਲੇ ਸ਼ਰਧਾਲੂਆਂ ਵਾਲਾ ਹਸ਼ਰ ਹੋਵੇਗਾ।
             ਭਵਿੱਖ ਦੀ ਅਸਲੀਅਤ ਤਾਂ ਇਹ ਹੈ ਕਿ  ਕਰੋਨਾ ਵਾਇਰਸ  ਤੋਂ ਬਾਅਦ ਜ਼ਿੰਦਗੀ ਦੇ ਅਰਥ ਬਦਲ ਜਾਣਗੇ ਦੁਨੀਆਂ ਦੇ ਵਿੱਚ ਵੱਡੀ ਤਬਦੀਲੀ ਆਵੇਗੀ ਭਾਵੇਂ ਉਹ ਖੇਡਾਂ ਹੋਣ ਜਾਂ ਕੋਈ ਹੋਰ ਖੇਤਰ ਹੋਵੇ ਬੀਤ ਚੁੱਕਿਆ ਕੱਲ੍ਹ ਸਿਰਫ਼ ਇੱਕ ਇਤਿਹਾਸ ਹੋਵੇਗਾ ਅੱਜ ਵਾਲੀ ਜ਼ਿੰਦਗੀ ਦੀਆਂ ਤਾਂ ਅਸੀਂ ਸਿਰਫ ਗੱਲਾਂ ਹੀ ਕਰਿਆ ਕਰਾਂਗੇ ਨਵੀਂ ਜ਼ਿੰਦਗੀ ਕੁਝ ਹੋਰ ਹੋਵੇਗੀ ਜਿਵੇਂ ਅਸੀਂ ਆਪਣੇ ਵੱਡੇ ਵਡੇਰਿਆਂ ਦੀਆਂ ਗੱਲਾਂ ਕਰਦੇ ਹਾਂ ਕਿ ਉਸ ਵਕਤ ਨਾ ਕੋਈ ਟਰਾਂਸਪੋਰਟ ਸੀ ਨਾ ਹੀ ਜਹਾਜ਼ ਅਤੇ ਰੇਲਾਂ ਚੱਲਦੇ ਸਨ ਨਾ ਕੋਈ ਵੀ ਅੱਜ ਵਰਗਾ ਵਪਾਰ ਸੀ ਨਾ ਸੜਕਾਂ ਸਨ ਨਾ ਹੀ ਟੈਲੀਫੋਨ ਸਨ ਨਾ ਹੀ ਪੈਸਾ ਪ੍ਰਧਾਨ ਸੀ ਨਾ ਹੀ ਕੋਈ ਅੱਜ ਵਰਗੀ ਹੰਕਾਰੀ ਜ਼ਿੰਦਗੀ ਸੀ ਸਿਰਫ ਸਧਾਰਨ ਜੀਵਨ ਜਿਉਂ ਕੇ ਜ਼ਿੰਦਗੀ ਦਾ ਨਿਰਬਾਹ ਹੁੰਦਾ ਸੀ।
ਗੱਲ ਇਥੇ ਮੁੱਕਦੀ ਆ ਕੇ ਬੰਦੇ ਨੇ ਕੁਦਰਤ ਨਾਲ ਅਤੇ ਪ੍ਰਕਿਰਤੀ ਨਾਲ ਖਿਲਵਾੜ ਬਹੁਤ ਕੀਤਾ ਹੁਣ ਕੁਦਰਤ ਬੰਦੇ ਨੂੰ ਸਬਕ ਸਿਖਾਇਆ ਕਿ ਬੰਦਿਆ ਬੰਦਾ ਬਣ ਅਤੇ ਬੰਦਿਆਂ ਵਾਲੇ ਕੰਮ ਕਰ , ਹੁਣ ਕਰੋਨਾ ਤੋਂ ਬਚਿਆ ਬੰਦਾ ਸੋਚੇਗਾ ਕਿ ਉਸ ਨੇ ਆਪਣੀ ਬਚੀ ਹੋਈ ਜ਼ਿੰਦਗੀ ਕਿਸ ਤਰ੍ਹਾਂ ਜਿਉਣੀ ਹੈ ਭਾਵੇਂ ਹੋਣ ਖੇਡਾਂ ਭਾਵੇਂ ਹੋਵੇ ਕੋਈ ਹੋਰ ਖੇਤਰ , ਦੁਨੀਆਂ ਦੇ ਲੋਕੋ ਸੋਚੋ ਸਮਝੋ ਇਹ ਕੁਦਰਤ ਦੀ ਤਬਦੀਲੀ ਦਾ ਬਿਗਲ ਅਨੋਖਾ ਹੈ । ਦੁਨੀਆਂ ਦਾ ਰੱਬ ਰਾਖਾ!

ਜਗਰੂਪ ਸਿੰਘ ਜਰਖੜ
ਖੇਡ ਲੇਖਕ
ਫੋਨ ਨੰਬਰ  9814300722