ਕਰੋਨਾ ਵਾਇਰਸ:…ਜਿਸਨੇ ਵਿਛੋੜੇ ਕਈ ਪਰਿਵਾਰ

399
Share

ਇਮੀਗ੍ਰੇਸ਼ਨ ਜੀ! ‘ਸਾਡੇ ਪਰਿਵਾਰਾਂ ਨੂੰ ਤਾਂ ਆਉਣ ਦਿਓ’’
ਨਿਊਜ਼ੀਲੈਂਡ ਪਾਰਲੀਮੈਂਟ ਸਾਹਮਣੇ ਲੋਕ ਕਰਦੇ ਨੇ ਰੋਸ ਪ੍ਰਦਰਸ਼ਨ
ਆਕਲੈਂਡ, 23 ਦਸੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਕਰੋਨਾ ਕਾਰਨ ਨਿਊਜ਼ੀਲੈਂਡ ਦੀਆਂ ਸਰਹੱਦਾਂ ਵਿਦੇਸ਼ੀ ਲੋਕਾਂ ਲਈ 19 ਮਾਰਚ 2020 ਤੋਂ ਬੰਦ ਹਨ ਅਤੇ 280 ਦਿਨ ਦਾ ਸਮਾਂ ਹੋ ਗਿਆ ਹੈ। ਇਸ ਕਰੋਨਾ ਨੇ ਜਿੱਥੇ ਵੱਖ-ਵੱਖ ਦੇਸ਼ਾਂ ਦਰਮਿਆਨ ਚਲਦੇ ਸੈਰ-ਸਪਾਟਾ ਉਦਯੋਗ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ ਉਥੇ ਪਰਿਵਾਰਾਂ ਨੂੰ ਵੀ ਇਕ ਦੂਜੇ ਤੋਂ ਵਿਛੋੜ ਕੇ ਰੱਖ ਦਿੱਤਾ ਹੈ। ਨਿਊਜ਼ੀਲੈਂਡ ਵਸਦੇ ਕਈ ਪ੍ਰਵਾਸੀ ਵੀ ਇਸ ਕਰੋਨਾ ਦੀ ਮਾਰ ਹੇਠ ਆਪਣੇ ਪਿਆਰੇ ਪਰਿਵਾਰਕ ਮੈਂਬਰਾਂ ਤੋਂ ਦੂਰ ਔਖੇ-ਸੌਖੇ ਜ਼ਿੰਦਗੀ ਬਤੀਤ ਕਰ ਰਹੇ ਹਨ। ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਨੀਤੀ ਹੈ ਕਿ ਪਹਿਲਾਂ ਉਹ ਇਥੇ ਦੇ ਨਾਗਰਕਿਾਂ ਅਤੇ ਪੱਕੇ ਵਸਨੀਕਾਂ ਨੂੰ ਵਾਪਿਸ ਆਉਣ ਦੀ ਆਗਿਆ ਦੇਣਗੇ ਅਤੇ ਬਾਕੀਆਂ ਨੂੰ ਬਾਅਦ ਵਿਚ। ਹੁਣ ਜਦ ਕਿ ਵੱਖ-ਵੱਖ ਦੇਸ਼ਾਂ ਤੋਂ ਅਜਿਹੇ ਕਾਫੀ ਲੋਕ ਆ ਵੀ ਚੁੱਕੇ ਹਨ ਪਰ ਅਸਥਾਈ ਵੀਜ਼ੇ ਵਾਲਿਆਂ ਦੀ ਵਾਰੀ ਅਜੇ ਵੀ ਨਹÄ ਆ ਰਹੀ। ਕੁਝ ਗੰਭੀਰ ਸਥਿਤੀਆਂ ਦੇ ਵਿਚ ਲੋਕ ਆ ਸਕਦੇ, ਜਿਸ ਦੀ ਅਗਾਊਂ ਪ੍ਰਵਾਨਗੀ ਲੈਣੀ ਹੁੰਦੀ ਹੈ। ਇਮੀਗ੍ਰੇਸ਼ਨ ਕੋਲ ਅਰਜ਼ੀਆਂ ਦੀ ਵੱਡੀ ਗਿਣਤੀ ਅਜਿਹੀ ਪ੍ਰਵਾਨਗੀ ਵਾਸਤੇ ਪਹੁੰਚੀ ਹੈ, ਪਰ ਉਨ੍ਹਾਂ ਦੇ ਵਿਚੋਂ ਬਹੁਤ ਘੱਟ ਨੂੰ ਪ੍ਰਵਾਨਗੀ ਮਿਲ ਰਹੀ ਹੈ। ਪ੍ਰਕਾਸ਼ਿਤ ਖਬਰਾਂ ਅਨੁਸਾਰ ਸਿਰਫ 12.70% ਲੋਕਾਂ ਨੂੰ ਹੀ ਅਜਿਹੀ ਪ੍ਰਵਾਨਗੀ ਮਿਲੀ ਹੈ। ਇਹ ਉਹ ਅਰਜੀਆਂ ਹਨ ਜਿਨ੍ਹਾਂ ਦੇ ਪਾਰਟਨਰ ਨਿਊਜ਼ੀਲੈਂਡ ਤੋ ਬਾਹਰ ਫਸੇ ਹੋਏ ਹਨ ਅਤੇ ਨਿਊਜ਼ੀਲੈਂਡ ਰਹਿੰਦੇ ਆਪਣੇ ਸਾਥੀ ਕੋਲ ਪਹੁੰਚਣਾ ਚਾਹੁੰਦੇ ਹਨ। 24 ਨਵੰਬਰ 2020 ਤੱਕ 10,424 ਅਜਿਹੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਦੇ ਪਾਰਟਨਰ ਅਸਥਾਈ ਵੀਜ਼ੇ ਉਤੇ ਨਿਊਜ਼ੀਲੈਂਡ ਹਨ। ਜੇਕਰ ਹੋਰ ਸ਼੍ਰੇਣੀਆਂ ਦੀਆਂ ਅਰਜ਼ੀਆਂ ਨੂੰ ਵੇਖਿਆ ਜਾਵੇ ਤਾਂ ਕੁੱਲ 58,760 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਮੀਗ੍ਰੇਸ਼ਨ ਨੇ ਸਿਰਫ 1324 ਅਰਜ਼ੀਆਂ ਹੀ ਪਾਸ ਕੀਤੀਆਂ ਅਤੇ ਇਥੇ ਆਉਣ ਦੀ ਆਗਿਆ ਦਿੱਤੀ।
ਇਮੀਗ੍ਰੇਸ਼ਨ ਨਿਯਮਾਂ ਅਤੇ ਬਾਰਡਰ ਬੰਦ ਹੋਣ ਕਰਕੇ ਪਤੀ ਆਪਣੀਆਂ ਪਤਨੀਆਂ ਤੋਂ ਦੂਰ ਹਨ ਅਤੇ ਪਤਨੀਆਂ ਆਪਣੇ ਪਤੀ ਤੋਂ ਦੂਰ ਹਨ। ਕਈ ਕੇਸਾਂ ਦੇ ਵਿਚ ਬੱਚੇ ਵੀ ਸ਼ਾਮਿਲ ਹਨ। ਦੁਖੀ ਲੋਕਾਂ ਨੇ ਨਿਊਜ਼ੀਲੈਂਡ ਪਾਰਲੀਮੈਂਟ ਦੇ ਬਾਹਰ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਹੋਏ ਹਨ। ਹੱਥਾਂ ਦੇ ਵਿਚ ਫੜੇ ਬੈਨਰ ਵਿਖਾ ਰਹੇ ਹਨ ਕਿ ਲੋਕ ਆਪਣੇ ਪਰਿਵਾਰਕ ਮੈਂਬਰਾਂ ਤੋਂ ਕਿੰਨੇ ਦਿਨਾਂ ਤੋਂ ਵਿਛੋੜੇ ਦੇ ਵਿਚ ਰਹਿ ਰਹੇ ਹਨ। ਇਨ੍ਹਾਂ ਲੋਕਾਂ ਨੇ ਇਮੀਗ੍ਰੇਸ਼ਨ ਨੂੰ ਅਪੀਲ ਕੀਤੀ ਹੈ ਕਿ ਸਾਡੇ ਪਰਿਵਾਰਾਂ ਨੂੰ ਨਿਊਜ਼ੀਲੈਂਡ ਆਉਣ ਦਿਓ।


Share