ਕਰੋਨਾ ਮੁਕਤ ਹੋਏ ਦੇਸ਼ ਨਿਊਜ਼ੀਲੈਂਡ ‘ਚ ਅੱਜ ਫਿਰ ਇਕ ਹੋਰ ਨਵਾਂ ਕੇਸ ਆ ਗਿਆ ਸਾਹਮਣੇ

645
Share

-60 ਸਾਲਾ ਪਾਕਿਸਤਾਨੀ ਵਿਅਕਤੀ ਆਇਆ ਸੀ ਵਾਪਿਸ
ਔਕਲੈਂਡ, 18 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਕਰੋਨਾ ਮੁਕਤ ਹੋਏ ਦੇਸ਼ ਨਿਊਜ਼ੀਲੈਂਡ ਦੀ ਦਰਿਆ ਦਿਲੀ ਨੇ ਦੇਸ਼ ਨੂੰ ਮੁੜ ਕਰੋਨਾ ਦੇ ਚੱਕਰਾਂ ਵਿਚ ਪਾ ਦਿੱਤਾ ਹੈ। 16 ਜੂਨ ਨੂੰ ਦੋ ਨਵੇਂ ਆਏ ਕੇਸਾਂ ਬਾਰੇ ਪਤਾ ਲੱਗਾ ਸੀ ਕਿ ਅੱਜ ਇਕ ਹੋਰ ਕੇਸ ਸਾਹਮਣੇ ਆਇਆ ਹੈ ਜੋ ਕਿ 60 ਸਾਲਾ ਪਾਕਿਸਤਾਨ ਤੋਂ ਆਏ ਵਿਅਕਤੀ ਨਾਲ ਸਬੰਧਿਤ ਹੈ। ਇਸ ਵੇਲੇ ਦੇਸ਼ ਅੰਦਰ ਕੁੱਲ 3 ਐਕਟਿਵ ਕੇਸ ਹਨ ਅਤੇ ਕੁੱਲ ਗਿਣਤੀ 1507 ਹੋ ਗਈ ਹੈ। ਹੁਣ ਇਸ ਨਵੇਂ ਕੇਸ ਨੂੰ ਮਿਲਾ ਕੇ ਤਿੰਨੋ ਨਵੇਂ ਮਾਮਲਿਆਂ ਦੇ ਨੇੜਲੇ ਸੰਪਰਕ ਲੱਭੇ ਜਾ ਰਹੇ ਹਨ ਅਤੇ ਟੈੱਸਟ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਆਈਸੋਲੇਸ਼ਨ ਵਾਲੇ ਲੋਕਾਂ ਲਈ ਹਮਦਰਦੀ ਵਾਲੀ ਛੁੱਟੀ ਮੁਅੱਤਲ ਕਰ ਦਿੱਤੀ ਗਈ ਹੈ। ਪਾਕਿਸਤਾਨ ਤੋਂ ਆਇਆ ਵਿਅਕਤੀ 11 ਜੂਨ ਨੂੰ ਵਾਇਆ ਦੋਹਾ ਅਤੇ ਮੈਲਬੋਰਨ ਹੋ ਕੇ ਔਕਲੈਂਡ ਆਇਆ ਸੀ। 16 ਜੂਨ ਨੂੰ ਜੋ ਬ੍ਰਿਟੇਨ ਦੀਆਂ ਦੋ ਭੈਣਾਂ (ਨਿਊਜ਼ੀਲੈਂਡ ਸਿਟੀਜ਼ਨ) ਇਥੇ ਆਪਣੀ ਮਾਂ ਦੀ ਮੌਤ ਉਤੇ ਆਈਆਂ ਸਨ, ਨੂੰ 14 ਦਿਨਾਂ ਤੋਂ ਪਹਿਲਾਂ ਏਕਾਂਤਵਾਸ ਤੋਂ ਛੱਡ ਦਿੱਤਾ ਗਿਆ ਸੀ। ਹੁਣ ਇਸ ਸਬੰਧ ਵਿਚ ਨੈਸ਼ਨਲ ਪਾਰਟੀ ਦੇ ਇਕ ਮੈਂਬਰ ਪਾਰਲੀਮੈਂਟ ਦਾ ਨਾਂਅ ਵੀ ਆਇਆ ਹੈ ਜਿਸ ਨੇ ਉਨ੍ਹਾਂ ਦੀ ਬੇਨਤੀ ਨੂੰ ਸਿਹਤ ਮੰਤਰਾਲੇ ਤੱਕ ਪੁੱਜਦਾ ਕੀਤਾ ਸੀ ਅਤੇ ਸਹਾਇਤਾ ਕਰਨ ਲਈ ਕਿਹਾ ਸੀ।


Share