ਕਰੋਨਾ ਮਹਾਮਾਰੀ ਨੇ ਪੰਜਾਬ ’ਚ ਪਾਸਪੋਰਟਾਂ ਦੇ ਹੜ੍ਹ ਨੂੰ ਪਾਈ ਠੱਲ੍ਹ

132
Share

– ਪੰਜਾਬ ’ਚ ਘਰ ਕਰੀਬ 55 ਲੱਖ ਤੇ ਬੀਤੇ ਸੱਤ ਵਰ੍ਹਿਆਂ ’ਚ 54.36 ਲੱਖ ਪਾਸਪੋਰਟ ਬਣੇ
ਚੰਡੀਗੜ੍ਹ, 15 ਜੂਨ (ਪੰਜਾਬ ਮੇਲ)- ਪੰਜਾਬ ’ਚ ਪਾਸਪੋਰਟਾਂ ਦਾ ਹੜ੍ਹ ਵੇਖ ਕੇ ਲੱਗਦਾ ਹੈ ਕਿ ਇਸ ਮਾਮਲੇ ’ਚ ਪੰਜਾਬੀਆਂ ਦੀ ਕੋਈ ਰੀਸ ਨਹੀਂ ਹੈ। ਪੰਜਾਬ ’ਚ ਕਰੀਬ 55 ਲੱਖ ਘਰ ਹਨ, ਜਦਕਿ ਬੀਤੇ ਸੱਤ ਵਰ੍ਹਿਆਂ ’ਚ 54.36 ਲੱਖ ਪਾਸਪੋਰਟ ਬਣ ਗਏ ਹਨ, ਭਾਵ ਪੰਜਾਬ ਦੇ ਔਸਤਨ ਹਰ ਘਰ ਕੋਲ ਇੱਕ ਪਾਸਪੋਰਟ ਹੈ। ਹੁਣ ਕਰੋਨਾ ਮਹਾਮਾਰੀ ਨੇ ਪੰਜਾਬ ’ਚ ਪਾਸਪੋਰਟਾਂ ਦੇ ਹੜ੍ਹ ਨੂੰ ਠੱਲ੍ਹ ਪਾਈ ਹੈ।
ਦੱਸਣਯੋਗ ਹੈ ਕਿ ਜਦੋਂ ਤੋਂ ਵਿਦੇਸ਼ਾਂ ਲਈ ਸਟੱਡੀ ਵੀਜ਼ੇ ਲਈ ਰਾਹ ਖੁੱਲ੍ਹੇ ਹਨ, ਉਦੋਂ ਤੋਂ ਪੰਜਾਬ ’ਚ ਧੜਾਧੜ ਨਵੇਂ ਪਾਸਪੋਰਟ ਬਣ ਰਹੇ ਹਨ। ਉੱਤਰੀ ਭਾਰਤ ’ਚੋਂ ਪੰਜਾਬ ਨੇ ਇਸ ਮਾਮਲੇ ’ਚ ਪਹਿਲਾ ਨੰਬਰ ਹਾਸਲ ਕੀਤਾ ਹੈ। ਪਹਿਲੀ ਜਨਵਰੀ 2014 ਤੋਂ ਫਰਵਰੀ 2021 ਤੱਕ ਪੰਜਾਬ ’ਚ 54.36 ਲੱਖ ਪਾਸਪੋਰਟ ਬਣੇ ਹਨ। ਕੇਂਦਰੀ ਵਿਦੇਸ਼ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ਵਿਚ ਬੀਤੇ ਵਰ੍ਹੇ 2020 ਦੌਰਾਨ 4.82 ਲੱਖ ਪਾਸਪੋਰਟ ਬਣੇ ਹਨ, ਜਦਕਿ ਸਾਲ 2019 ਵਿਚ 9.46 ਲੱਖ ਪਾਸਪੋਰਟ ਬਣੇ ਸਨ। ਇਸ ਲਿਹਾਜ਼ ਨਾਲ ਦੇਖੀਏ, ਤਾਂ ਪੰਜਾਬ ਵਿਚ ਮਹਾਮਾਰੀ ਕਰਕੇ ਪਾਸਪੋਰਟ ਬਣਨ ਦੀ ਰਫ਼ਤਾਰ ਪੰਜਾਹ ਫ਼ੀਸਦੀ ਥੱਲੇ ਆਈ ਹੈ। ਸਾਲ 2019 ਦੌਰਾਨ ਔਸਤਨ ਰੋਜ਼ਾਨਾ 2593 ਪਾਸਪੋਰਟ ਬਣਦੇ ਸਨ, ਜਦਕਿ ਸਾਲ 2020 (ਮਹਾਮਾਰੀ ਵਾਲਾ ਸਾਲ) ਦੌਰਾਨ ਰੋਜ਼ਾਨਾ ਔਸਤਨ 1321 ਪਾਸਪੋਰਟ ਬਣੇ ਹਨ।
ਚਾਲੂ ਵਰ੍ਹੇ ਦੇ ਪਹਿਲੇ ਦੋ ਮਹੀਨਿਆਂ ਦੌਰਾਨ 90,791 ਪਾਸਪੋਰਟ ਬਣੇ ਹਨ। ਬੇਸ਼ੱਕ ਸਮੁੱਚੇ ਭਾਰਤ ਵਿਚ ਨਵੇਂ ਪਾਸਪੋਰਟ ਬਣਨ ਦੀ ਗਿਣਤੀ ਨੂੰ ਬਰੇਕ ਲੱਗੀ ਹੈ ਪਰ ਪੰਜਾਬ ਦੂਸਰੇ ਸੂਬਿਆਂ ਦੇ ਮੁਕਾਬਲੇ ਫਿਰ ਵੀ ਪਾਸਪੋਰਟ ਬਣਾਉਣ ਵਿਚ ਜੁਟਿਆ ਰਿਹਾ ਹੈ। ਪਾਸਪੋਰਟ ਬਣਾਏ ਜਾਣ ’ਤੇ ਔਸਤਨ ਕਰੀਬ ਦੋ ਹਜ਼ਾਰ ਰੁਪਏ ਤੋਂ ਵੱਧ ਖਰਚ ਆਉਂਦਾ ਹੈ ਅਤੇ ਬੀਤੇ ਸੱਤ ਸਾਲਾਂ ਵਿਚ ਪੰਜਾਬੀਆਂ ਨੇ ਕਰੀਬ 900 ਕਰੋੜ ਪਾਸਪੋਰਟ ਬਣਾਉਣ ’ਤੇ ਹੀ ਖਰਚ ਦਿੱਤੇ ਹਨ।
ਕੈਨੇਡਾ ਵਸਦੇ ਪ੍ਰਵਾਸੀ ਭਾਰਤੀ ਕਮਲਜੀਤ ਸਿੱਧੂ (ਰਾਈਆ) ਦਾ ਕਹਿਣਾ ਸੀ ਕਿ ਸਮੁੱਚਾ ਵਿਸ਼ਵ ਕਰੋਨਾ ਦੀ ਲਪੇਟ ਵਿਚ ਆਇਆ ਹੈ, ਜਿਸ ਕਰਕੇ ਸਟੱਡੀ ਵੀਜ਼ੇ ’ਤੇ ਆਉਣ ਵਾਲੇ ਵਿਦਿਆਰਥੀਆਂ ਦੀ ਦਰ ਘਟੀ ਹੈ। ਤੱਥਾਂ ਵੱਲ ਦੇਖੀਏ ਤਾਂ ਪੰਜਾਬ ਨੇ ਸਾਲ 2017 ਤੋਂ ਪਾਸਪੋਰਟ ਬਣਾਉਣ ਲਈ ਰਫ਼ਤਾਰ ਫੜੀ ਹੈ ਅਤੇ ਇਸ ਵਰ੍ਹੇ ਦੌਰਾਨ 9.73 ਲੱਖ ਪਾਸਪੋਰਟ ਬਣੇ, ਜਦਕਿ ਸਾਲ 2018 ਵਿਚ ਪੰਜਾਬ ’ਚ 10.69 ਲੱਖ ਪਾਸਪੋਰਟ ਬਣੇ ਸਨ, ਜੋ ਆਪਣੇ ਆਪ ਵਿਚ ਰਿਕਾਰਡ ਹੈ।
ਪੰਜਾਬ ਵਿਚ ਸਾਲ 2014 ਵਿਚ 5.48 ਲੱਖ, 2015 ਵਿਚ 6.65 ਲੱਖ ਅਤੇ ਸਾਲ 2016 ਵਿਚ 6.59 ਲੱਖ ਪਾਸਪੋਰਟ ਬਣੇ। ਪਾਸਪੋਰਟਾਂ ਦਾ ਇਹ ਰੁਝਾਨ ਤਸਦੀਕ ਕਰਦਾ ਹੈ ਕਿ ਜਵਾਨੀ ਪੰਜਾਬ ਨੂੰ ਛੱਡ ਕੇ ਜਾਣ ਲਈ ਕਿੰਨੀ ਕਾਹਲੀ ਹੈ।
ਪੰਜਾਬ ਵਿਚ 14 ਪਾਸਪੋਰਟ ਸੇਵਾ ਕੇਂਦਰ ਚੱਲ ਰਹੇ ਰਹੇ ਹਨ। ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ 7 ਤੋਂ 11 ਦਿਨ ਦਾ ਸਮਾਂ ਪਾਸਪੋਰਟ ਜਾਰੀ ਕਰਨ ਲਈ ਲਿਆ ਜਾਂਦਾ ਹੈ। ਇਸ ਤੋਂ ਪਹਿਲਾਂ ਸਾਲ 2015 ਵਿਚ ਪਾਸਪੋਰਟ ਲਈ 21 ਦਿਨ ਲੱਗ ਜਾਂਦੇ ਸਨ। ਪਾਸਪੋਰਟਾਂ ਦੀ ਖੇਤੀ ਨੂੰ ਕਰੋਨਾ ਮਹਾਮਾਰੀ ਨੇ ਕਰੰਡ ਕਰ ਦਿੱਤਾ ਹੈ। ਜਿੱਥੇ ਮਹਾਮਾਰੀ ਕਰਕੇ ਆਈਲੈੱਟਸ ਸੈਂਟਰਾਂ ਦਾ ਕੰਮ ਠੱਪ ਪਿਆ ਹੈ, ਉੱਥੇ ਹੀ ਵਿਦੇਸ਼ ਜਾਣ ਵਾਲੇ ਮੁੰਡੇ-ਕੁੜੀਆਂ ਦੀ ਦਰ ’ਚ ਵੀ ਕਟੌਤੀ ਹੋਈ ਹੈ।
ਅੰਦਾਜ਼ੇ ਅਨੁਸਾਰ ਦੇਸ਼ ਭਰ ਵਿਚੋਂ ਕਰੀਬ 9 ਤੋਂ 10 ਫ਼ੀਸਦੀ ਪਾਸਪੋਰਟ ਇਕੱਲੇ ਪੰਜਾਬ ’ਚ ਬਣਦੇ ਹਨ। ਮੁਲਕ ਭਰ ’ਚੋਂ ਪੰਜਾਬ ਪਾਸਪੋਰਟ ਬਣਾਉਣ ਦੇ ਮਾਮਲੇ ਵਿਚ ਪੰਜਵੇਂ ਨੰਬਰ ’ਤੇ ਹੈ। ਪਾਸਪੋਰਟਾਂ ਦੀ ਵੈਰੀਫਿਕੇਸ਼ਨ ਬਦਲੇ ਪੰਜਾਬ ਪੁਲਿਸ ਨੂੰ ਵੀ ਪ੍ਰਤੀ ਪਾਸਪੋਰਟ 200 ਰੁਪਏ ਦੀ ਸਰਕਾਰੀ ਕਮਾਈ ਹੁੰਦੀ ਹੈ।

Share