ਕਰੋਨਾ ਪੀੜਤ ਹੋਣ ਤੋਂ ਬਾਅਦ ਟਰੰਪ ਮੈਰੀਲੈਂਡ ਦੇ ਹਸਪਤਾਲ ‘ਚ ਦਾਖਲ

477

-ਵੀਡੀਓ ਜਾਰੀ ਕਰਕੇ ਕਿਹਾ, ‘ਮੈਂ ਠੀਕ ਹਾਂ’
ਵਾਸ਼ਿੰਗਟਨ, 3 ਅਕਤੂਬਰ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੋਰੋਨਾ ਪੀੜਤ ਹੋਣ ਤੋਂ ਬਾਅਦ ਮੈਰੀਲੈਂਡ ਦੇ ਵਾਲਟਰ ਰੀਡ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਉਨ੍ਹਾਂ ਨੂੰ ਹਲਕਾ ਬੁਖਾਰ, ਸਰਦੀ ਅਤੇ ਸਾਹ ਲੈਣ ਵਿਚ ਕੁਝ ਪਰੇਸ਼ਾਨੀਆਂ ਦੱਸੀਆਂ ਗਈਆਂ ਹਨ। ਅੱਜ ਟੰਰਪ ਦੇ ਕੁਝ ਹੋਰ ਟੈਸਟ ਕੀਤੇ ਜਾਣਗੇ। ਉਨ੍ਹਾਂ ਨੂੰ ਕੁਝ ਦਿਨ ਹਸਪਤਾਲ ‘ਚ ਹੀ ਰਹਿਣਾ ਹੋਵੇਗਾ।
ਟਰੰਪ ਦੀ ਗੈਰ-ਮੌਜਦਗੀ ‘ਚ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਮਾਇਕ ਪੇਂਸ ਅਤੇ ਸੈਨੇਟ ਸਪੀਕਰ ਨੈਂਸੀ ਪੇਲੋਸੀ ਸੰਭਾਲਣਗੇ। ਹਾਲਾਂਕਿ, ਬਤੌਰ ਰਾਸ਼ਟਰਪਤੀ ਟਰੰਪ ਆਪਣਾ ਕੰਮ ਹਸਪਤਾਲ ਤੋਂ ਹੀ ਕਰਨਗੇ। ਸ਼ੁੱਕਰਵਾਰ ਨੂੰ ਹਸਪਤਾਲ ਪਹੁੰਚਣ ਤੋਂ ਬਾਅਦ ਟਰੰਪ ਨੇ 18 ਸਕਿੰਟ ਦੇ ਵੀਡੀਓ ਮੈਸੇਜ ‘ਚ ਆਖਿਆ ਕਿ ਮੈਂ ਠੀਕ ਹਾਂ ਅਤੇ ਸਾਵਧਾਨੀ ਦੇ ਤੌਰ ‘ਤੇ ਹਸਪਤਾਲ ਆਇਆ ਹਾਂ। ਮੇਲਾਨੀਆ ਵੀ ਠੀਕ ਹੈ।
ਸ਼ੁੱਕਰਵਾਰ ਨੂੰ ਜਦ ਟਰੰਪ ਮੈਰੀਨ ਵਨ ਹੈਲੀਕਾਪਟਰ ਤੋਂ ਹਸਪਤਾਲ ਪਹੁੰਚੇ, ਤਾਂ ਉਨ੍ਹਾਂ ਨੂੰ ਦੇਖ ਕੇ ਸਾਫ ਤੌਰ ‘ਤੇ ਕਿਹਾ ਜਾ ਸਕਦਾ ਸੀ ਕਿ ਉਹ ਚੱਲਣ ‘ਚ ਤਕਲੀਫ ਮਹਿਸੂਸ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਨੀਲੇ ਰੰਗ ਦਾ ਮਾਸਕ ਪਾਇਆ ਹੋਇਆ ਸੀ, ਜੋ ਆਮ ਤੌਰ ‘ਤੇ ਉਹ ਨਹੀਂ ਪਾਉਂਦੇ। ਮੀਡੀਆ ਵੱਲ ਉਨ੍ਹਾਂ ਨੇ ਥਮਸਅੱਪ ਦਾ ਵਿਕਟਰੀ ਸਾਈਨ ਦਿਖਾਇਆ।
ਰਾਸ਼ਟਰਪਤੀ ਦੇ ਕਰੀਬੀਆਂ ਦੀ ਮੰਨੀਏ ਤਾਂ ਉਹ ਫਿਲਹਾਲ, ਉਪ ਰਾਸ਼ਟਰਪਤੀ ਨੂੰ ਪਾਵਰ ਟ੍ਰਾਂਸਫਰ ਨਹੀਂ ਕਰਨਗੇ। ਵ੍ਹਾਈਟ ਹਾਊਸ ਦੇ ਬੁਲਾਰੇ ਜੂਡ ਡੀਰ ਨੇ ਆਖਿਆ ਕਿ ਰਾਸ਼ਟਰਪਤੀ ਦਾ ਚਾਰਜ ਉਨ੍ਹਾਂ ਕੋਲ ਹੈ। ਸੂਤਰਾਂ ਮੁਤਾਬਕ, ਚੋਣ ਪ੍ਰਚਾਰ ਦੀ ਕਮਾਨ ਹੁਣ ਉਪ ਰਾਸ਼ਟਰਪਤੀ ਮਾਇਕ ਪੇਂਸ ਕੋਲ ਰਹੇਗੀ। ਨੈਂਸੀ ਪੇਲੋਸੀ ਉਨ੍ਹਾਂ ਦੀ ਮਦਦ ਕਰੇਗੀ। ਹਾਲਾਂਕਿ, ਰਿਪਬਲਿਕਨ ਪਾਰਟੀ ਨੇ ਹੁਣ ਤੱਕ ਅਧਿਕਾਰਕ ਤੌਰ ‘ਤੇ ਇਸ ਬਾਰੇ ਵਿਚ ਕੁਝ ਨਹੀਂ ਆਖਿਆ ਹੈ।
ਟਰੰਪ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਇਡਨ ਦੇ ਹਰ ਵੇਲੇ ਮਾਸਕ ਪਾਉਣ ਦਾ ਮਜ਼ਾਕ ਉਡਾਉਂਦੇ ਰਹੇ। ਸਿਰਫ 2 ਮੌਕਿਆਂ ‘ਤੇ ਉਨ੍ਹਾਂ ਨੇ ਮਾਸਕ ਪਾਇਆ। ਉਹ ਇਸ ਨੂੰ ਗੈਰ-ਜ਼ਰੂਰੀ ਅਤੇ ਤਕਲੀਫਦੇਹ ਆਖਣ ਤੋਂ ਵੀ ਨਾ ਰੁਕੇ। ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਹਸਪਤਾਲ ਪਹੁੰਚੇ ਤਾਂ ਮਾਸਕ ਫੇਸ ‘ਤੇ ਸੀ। ਪਿਟਸਬਰਗ ਯੂਨੀਵਰਸਿਟੀ ਦੇ ਮਾਹਿਰ ਡਾਕਟਰ ਡੇਵਿਡ ਨੇਸ ਨੇ ਆਖਿਆ ਕਿ ਜੇਕਰ ਟਰੰਪ ਨੇ ਮਾਸਕ ਲਗਾਇਆ ਹੁੰਦਾ ਤਾਂ ਉਹ ਕੋਰੋਨਾ ਪਾਜ਼ੀਟਿਵ ਨਾ ਹੁੰਦੇ। ਜਿਹੜੇ ਲੋਕ ਮਾਸਕ ਨਹੀਂ ਲਾ ਰਹੇ ਹਨ, ਉਨ੍ਹਾਂ ਨੂੰ ਲਾਗ ਦਾ ਖਤਰਾ ਬਹੁਤ ਜ਼ਿਆਦਾ ਹੈ।