ਕਰੋਨਾ ਪਾਬੰਦੀਆਂ ਦੌਰਾਨ ਪ੍ਰਦਰਸ਼ਨ ਮਾਮਲੇ ’ਚ ਵਿਧਾਇਕ ਬੈਂਸ ਖਿਲਾਫ਼ ਗਿ੍ਰਫ਼ਤਾਰੀ ਵਾਰੰਟ ਜਾਰੀ

278
Share

ਲੁਧਿਆਣਾ, 23 ਸਤੰਬਰ (ਪੰਜਾਬ ਮੇਲ)-ਕੋਰੋਨਾ ਮਹਾਮਾਰੀ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਕੀਤੇ ਪ੍ਰਦਰਸ਼ਨ ਦੇ ਮਾਮਲੇ ’ਚ ਅਦਾਲਤ ਨੇ ਬੈਂਸ ਤੇ ਹੋਰਨਾਂ ਖਿਲਾਫ ਗਿ੍ਰਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਜਾਣਕਾਰੀ ਅਨੁਸਾਰ ਲੋਕ ਇਨਸਾਫ ਪਾਰਟੀ ਦੇ ਆਗੂ ਗਗਨਦੀਪ ਸਿੰਘ ਸੰਨੀ ਕੈਂਥ ਤੇ ਰਵਨੀਤ ਸਿੰਘ ਬਿੱਟੂ ਦੇ ਸਮਰਥਕਾਂ ਵਿਚਾਲੇ ਲੜਾਈ ਹੋਈ ਸੀ ਤੇ ਸੰਨੀ ਕੈਂਥ ਵਲੋਂ ਕਾਂਗਰਸੀ ਵਰਕਰਾਂ ’ਤੇ ਉਨ੍ਹਾਂ ਦੀ ਦਸਤਾਰ ਉਤਾਰਨ ਦਾ ਦੋਸ਼ ਲਗਾਇਆ ਸੀ। ਕਾਂਗਰਸੀ ਵਰਕਰਾਂ ਤੇ ਆਗੂਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਸੀ। ਉਸ ਵੇਲੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਮੱਦੇਨਜ਼ਰ ਪਾਬੰਦੀਆਂ ਲਗਾਈਆਂ ਹੋਈਆਂ ਸਨ, ਜਿਸ ਕਾਰਨ ਵਿਧਾਇਕ ਬੈਂਸ, ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ, ਸੰਨੀ ਕੈਂਥ ਤੇ ਹੋਰ ਆਗੂਆਂ ਤੇ ਵਰਕਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਅਦਾਲਤ ’ਚ ਪਹਿਲਾਂ ਵਿਧਾਇਕ ਬੈਂਸ ਨੂੰ ਪੇਸ਼ ਹੋਣ ਲਈ ਸੰਮਨ ਭੇਜੇ ਗਏ, ਪਰ ਵਿਧਾਇਕ ਬੈਂਸ ਪੇਸ਼ ਨਹੀਂ ਹੋਏ। ਉਸ ਤੋਂ ਬਾਅਦ ਉਨ੍ਹਾਂ ਦੇ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ, ਪਰ ਫਿਰ ਵੀ ਜਦੋਂ ਵਿਧਾਇਕ ਬੈਂਸ ਅਦਾਲਤ ’ਚ ਪੇਸ਼ ਨਾ ਹੋਏ ਤਾਂ ਅਦਾਲਤ ਵੱਲੋਂ ਵਿਧਾਇਕ ਬੈਂਸ ਦੇ ਗਿ੍ਰਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਅਗਲੀ ਸੁਣਵਾਈ 5 ਅਕਤੂਬਰ ਨੂੰ ਹੋਵੇਗੀ।

Share