ਕਰੋਨਾ ਨੇ ਖਾਧੀਆਂ ਨੌਕਰੀਆਂ ਪਾਇਲਟ ਭੁੱਖ ਮਿਟਾਉਣ ਲਈ ਸੁਪਰ ਮਾਰਕੀਟਾਂ ਅਤੇ ਪੀਜ਼ਾ ਡਲਿਵਰੀਆਂ ‘ਚ ਲੱਗੇ

760
Share

-ਸਰਕਾਰ ਤੋਂ ਟੈਕਸ ਰਿਆਇਤ ਲਈ ਮੰਗੀ ਸਹਾਇਤਾ
ਔਕਲੈਂਡ, 9 ਮਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਕਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਜਿਥੇ ਹਿਲਾ ਕੇ ਰੱਖ ਦਿੱਤਾ ਹੈ ਉਥੇ ਹਮੇਸ਼ਾਂ ਅਕਾਸ਼ ਦੇ ਵਿਚ ਉਡਾਰੀਆਂ ਲਾਉਣ ਵਾਲੇ ਧਰਤੀ ਉਤੇ ਜਮਾ ਕੇ ਰੱਖ ਲਏ ਹਨ। ਜਿਨ੍ਹਾਂ ਪਾਇਲਟਾਂ ਦੇ ਕਦੇ ਪੈਰ ਥੱਲੇ ਨਹੀਂ ਸੀ ਲਗਦੇ ਅੱਜ ਕੱਲ੍ਹ ਨੌਕਰੀਆਂ ਜਾਣ ਕਰਕੇ ਸੁਪਰ ਮਾਰਕੀਟਾਂ ਦੇ ਵਿਚ ਸ਼ੈਲਫਾਂ ਉਤੇ ਸਮਾਨ ਰੱਖਣ ਅਤੇ ਪੀਜ਼ਾ ਡਲਿਵਰੀਆਂ ਕਰਨ ਉਤੇ ਮਜ਼ਬੂਰ ਹੋ ਗਏ ਹਨ। ਨਿਊਜ਼ੀਲੈਂਡ-ਆਸਟਰੇਲੀਆ ਅਤੇ ਹੋਰ ਟਾਪੂਆਂ ਲਈ ਇਕ ਬਹੁਤ ਹੀ ਮਸ਼ਹੂਰ ਤੇ ਸਸਤੀ ਏਅਰ ਲਾਈਨ ਵਿਰਜਨ ਆਸਟਰੇਲੀਆ ਨੇ ਅਪ੍ਰੈਲ ਮਹੀਨੇ ਦੇ ਸ਼ੁਰੂ ਵਿਚ ਹੀ ਬਹੁਤ ਸਾਰੇ ਪਾਇਲਟਾਂ ਨੂੰ ਨੌਕਰੀ ਤੋਂ ਹਾਲ ਦੀ ਘੜੀ ਹਟਾ ਦਿੱਤਾ ਸੀ। ਇਨ੍ਹਾਂ ਪਾਇਲਟਾਂ ਨੇ ਜਿਵੇਂ ਜਿਆਦਾ ਪੈਸੇ ਆਏ ਹੁੰਦੇ ਉਵੇਂ ਹੀ ਖਰਚੇ ਵੀ ਹੁੰਦੇ ਹਨ ਸੋ ਇਸ ਕਰਕੇ ਹੁਣ ਇਕ ਦਮ ਮੁਸ਼ਕਿਲ ਆ ਗਈ। ਇਕ ਪਾਇਲਟ ਜੋ ਕਿ 12 ਸਾਲ ਤੋਂ ਇਸ ਕੰਪਨੀ ਦੇ ਵਿਚ ਬਤੌਰ ਪਾਇਲਟ ਸੀ ਅੱਜ ਨੌਕਰੀ ਲਈ ਕਈ ਥਾਂ ਕੋਸ਼ਿਸ਼ ਕਰ ਰਿਹਾ ਹੈ ਪਰ ਪਾਇਲਟ ਦੀ ਅਜੇ ਕਿਸੇ ਨੂੰ ਲੋੜ ਨਹੀਂ। ਹਾਰ ਕੇ ਇਕ ਸੁਪਰ ਮਾਰਕੀਟ ਨੇ ਉਸਨੂੰ ਸ਼ੈਲਫਾਂ ਭਰਨ ਦੀ ਨੌਕਰੀ  ਦੇ ਦਿਤੀ ਅਤੇ ਇਕ ਪੀਜ਼ਾ ਹੱਟ ਅਤੇ ਕੇ.ਐਫ.ਸੀ, ਫੂਡ ਚੇਨ ਨੇ ਡਲਿਵਰੀ ਕਰਨ ਦੀ ਪੇਸ਼ਕਸ਼ ਕਰ ਦਿੱਤੀ। ਇਸੇ ਤਰ੍ਹਾਂ ਏਅਰ ਨਿਊਜ਼ੀਲੈਂਡ ਦੇ ਵਿਚ ਵੀ ਬਹੁਤ ਸਾਰੇ ਪਾਇਲਟਾਂ ਦੀ ਨੌਕਰੀ ਖਤਰੇ ਵਿਚ ਹੈ। ਸੋ ਕਰੋਨਾ ਨੇ ਹਾਲਾਤ ਬਦਲ ਦਿੱਤੇ ਹਨ।


Share