ਕਰੋਨਾ ਨਾਲ ਨਜਿੱਠਣ ਲਈ ਅਮਰੀਕਾ ਵਰਗੇ ਦੇਸ਼ਾਂ ਨੂੰ ਕਰਨੀ ਚਾਹੀਦੀ ਹੈ ਭਾਰਤ ਦੀ ਮਦਦ : ਡਾ. ਫਾਉਚੀ

101
Share

ਵਾਸ਼ਿੰਗਟਨ, 10 ਮਈ (ਪੰਜਾਬ ਮੇਲ)- ਅਮਰੀਕਾ ਦੇ ਸਭ ਤੋਂ ਵੱਡੇ ਛੂਤਕਾਰੀ ਰੋਗ ਮਾਹਰ ਡਾਕਟਰ ਐਂਥਨੀ ਫਾਉਚੀ ਨੇ ਕਿਹਾ ਹੈ ਕਿ ਭਾਰਤ ਕੋਰੋਨਾਵਾਇਰਸ ਮਹਾਮਾਰੀ ਦੇ ਕਹਿਰ ਨਾਲ ਜੂਝ ਰਿਹਾ ਹੈ ਅਤੇ ਦੁਨੀਆਂ ਦੇ ਹੋਰ ਦੇਸ਼ਾਂ ਨੂੰ ਮਦਦ ਲਈ ਅੱਗੇ ਆਉਣਾ ਪਿਆ ਹੈ। ਫਾਉਚੀ ਨੇ ਕਿਹਾ ਕਿ ਭਾਰਤ ਹਸਪਤਾਲ ਦੇ ਬੈੱਡਾਂ, ਆਕਸੀਜਨ ਦੀ ਕਮੀ, ਪੀ.ਪੀ.ਈ. ਕਿੱਟ ਅਤੇ ਹੋਰ ਮੈਡੀਕਲ ਉਪਕਰਨਾਂ ਦੀ ਕਮੀ ਨਾਲ ਜੂਝ ਰਿਹਾ ਹੈ। ਇਸ ਦੌਰਾਨ ਅਮਰੀਕਾ ਜਿਹੇ ਦੇਸ਼ਾਂ ਨੂੰ ਭਾਰਤ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਹਾਸੰਕਟ ਤੋਂ ਉਭਰਨ ਲਈ ਲੰਬੇ ਸਮੇਂ ਲਈ ਇਕੋ-ਇਕ ਹੱਲ ਵੱਡੇ ਪੱਧਰ ’ਤੇ ਲੋਕਾਂ ਦਾ ਟੀਕਾਕਰਨ ਹੈ।
ਡਾਕਟਰ ਫਾਉਚੀ ਦਾ ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ, ਜਦੋਂ ਸ਼ਨੀਵਾਰ ਨੂੰ ਅਧਿਕਾਰਤ ਅੰਕੜਿਆਂ ਮੁਤਾਬਕ ਇਸ ਮਹਾਮਾਰੀ ਨਾਲ 4 ਹਜ਼ਾਰ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਇਸ ਜਾਨਲੇਵਾ ਮਹਾਮਾਰੀ ਨਾਲ ਨਜਿੱਠਣ ਲਈ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਐਂਟੀ ਕੋਵਿਡ ਟੀਕੇ ਦੇ ਉਤਪਾਦਨ ਨੂੰ ਵਧਾਉਣ ’ਤੇ ਜ਼ੋਰ ਦਿੱਤਾ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਮੁੱਖ ਮੈਡੀਕਲ ਸਲਾਹਕਾਰ ਫਾਉਚੀ ਨੇ ਕਿਹਾ, ‘‘ਇਸ ਮਹਾਮਾਰੀ ਦਾ ਪੂਰੀ ਤਰ੍ਹਾਂ ਨਾਲ ਖਾਤਮਾ ਕਰਨ ਲਈ ਲੋਕਾਂ ਦਾ ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ।’’
ਫਾਉਚੀ ਨੇ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਟੀਕਾ ਉਤਪਾਦਕ ਦੇਸ਼ ਹੈ। ਉਨ੍ਹਾਂ ਨੇ ਆਪਣੇ ਸਰੋਤ ਮਿਲ ਰਹੇ ਹਨ, ਨਾ ਸਿਰਫ ਅੰਦਰੋਂ ਸਗੋਂ ਬਾਹਰੋਂ ਵੀ। ਉਨ੍ਹਾਂ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਹੋਰ ਦੇਸਾਂ ਨੂੰ ਜਾਂ ਤਾਂ ਭਾਰਤ ਨੂੰ ਉਨ੍ਹਾਂ ਦੇ ਇੱਥੇ ਟੀਕਾਕਰਨ ਨਿਰਮਾਣ ਲਈ ਮਦਦ ਕਰਨੀ ਚਾਹੀਦੀ ਹੈ ਜਾਂ ਟੀਕੇ ਦਾਨ ਦੇਣੇ ਚਾਹੀਦੇ ਹਨ। ਡਾਕਟਰ ਫਾਉਚੀ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਭਾਰਤ ਨੂੰ ਤੁਰੰਤ ਅਸਥਾਈ ਹਸਪਤਾਲ ਬਣਾਉਣ ਦੀ ਲੋੜ ਹੈ, ਜਿਸ ਤਰ੍ਹਾਂ ਕਰੀਬ ਇਕ ਸਾਲ ਪਹਿਲਾਂ ਚੀਨ ਨੇ ਕੀਤਾ ਸੀ। ਉਨ੍ਹਾਂ ਨੇ ਕਿਹਾ, ‘‘ਤੁਹਾਨੂੰ ਅਜਿਹਾ ਕਰਨਾ ਹੀ ਹੋਵੇਗਾ। ਤੁਸੀਂ ਹਸਪਤਾਲ ਵਿਚ ਬੈੱਡ ਨਾ ਹੋਣ ’ਤੇ ਲੋਕਾਂ ਨੂੰ ਗਲੀਆਂ ’ਚ ਨਹੀਂ ਛੱਡ ਸਕਦੇ। ਆਕਸੀਜਨ ਦੇ ਹਾਲਾਤ ਬਹੁਤ ਨਾਜ਼ੁਕ ਹਨ। ਮੇਰਾ ਮਤਲਬ ਹੈ ਕਿ ਲੋਕਾਂ ਨੂੰ ਆਕਸੀਨ ਨਹੀਂ ਮਿਲ ਪਾਉਣਾ ਅਸਲ ਵਿਚ ਦੁਖਦਾਈ ਹੈ।’’ ਫਾਉਚੀ ਨੇ ਕਿਹਾ ਕਿ ਤੁਰੰਤ ਹਸਪਤਾਲ ਦੇ ਬੈੱਡਾਂ, ਆਕਸੀਜਨ, ਪੀ.ਪੀ.ਈ. ਕਿੱਟ ਅਤੇ ਹੋਰ ਮੈਡੀਕਲ ਸਪਲਾਈ ਦੀ ਸਮੱਸਿਆ ਹੈ। ਉਨ੍ਹਾਂ ਨੇ ਵਾਇਰਸ ਦੇ ਪ੍ਰਸਾਰ ਦੀ ਰੋਕਥਾਮ ਲਈ ਦੇਸ਼ ਪੱਧਰੀ ਤਾਲਾਬੰਦੀ ਦੀ ਲੋੜ ’ਤੇ ਵੀ ਜ਼ੋਰ ਦਿੱਤਾ।

Share