ਕਰੋਨਾ ਦਾ ਭਾਰਤੀ ਡਬਲ ਮਿਊਟੈਂਟ ਵੈਰੀਐਂਟ ਵਿਸ਼ਵ ਲਈ ਖਤਰਾ : ਡਬਲਯੂ.ਐੱਚ.ਓ.

108
Share

ਜਨੇਵਾ, 11 ਮਈ (ਪੰਜਾਬ ਮੇਲ)- ਭਾਰਤ ਦੇ ਡਬਲ ਮਿਊਟੈਂਟ ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਾ ਵਧਦੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਨੇ ਡਬਲ ਮਿਊਟੈਂਟ ਯਾਨੀ ਬੀ.1.617 ਵੈਰੀਐਂਟ ਨੂੰ ਵਿਸ਼ਵ ਚਿੰਤਾ ਦਾ ਕਾਰਨ ਦੱਸਿਆ ਹੈ। ਪਹਿਲੀ ਵਾਰੀ ਇਸ ਵੈਰੀਐਂਟ ਦੀ ਪਛਾਣ ਪਿਛਲੇ ਸਾਲ ਹੋਈ ਸੀ। ਡਬਲਯੂ.ਐੱਚ.ਓ. ਦੀ ਮਾਰੀਆ ਵਾਨ ਕਰਖੋਵੇ ਨੇ ਕਿਹਾ, ‘ਅਸੀਂ ਇਸ ਵਾਇਰਸ ਨੂੰ ਵਿਸ਼ਵ ਪੱਧਰ ’ਤੇ ਚਿੰਤਾ ਦੇ ਕਾਰਨ ਦੇ ਰੂਪ ’ਚ ਵਰਗੀਕਿ੍ਰਤ ਕਰ ਰਹੇ ਹਾਂ। ਅਜਿਹੀਆਂ ਜਾਣਕਾਰੀਆਂ ਹਨ ਜਿਸ ਨਾਲ ਇਸ ਦੀ ਇਨਫੈਕਸ਼ਨ ਵਧਣ ਦਾ ਪਤਾ ਲੱਗ ਰਿਹਾ ਹੈ।’ ਡਬਲਯੂ.ਐੱਚ.ਓ. ਨੇ ਕਿਹਾ ਕਿ ਬੀ.1.617 ਦਾ ਕਰੀਬੀ ਵੈਰੀਐਂਟ ਭਾਰਤ ’ਚ ਪਿਛਲੇ ਸਾਲ ਦਸੰਬਰ ’ਚ ਦੇਖਿਆ ਗਿਆ ਸੀ। ਉੱਥੇ, ਇਸ ਤੋਂ ਪਹਿਲਾਂ ਦਾ ਇਕ ਵੈਰੀਐਂਟ ਅਕਤੂਬਰ 2020 ’ਚ ਦੇਖਿਆ ਗਿਆ ਸੀ। ਇਹ ਵੈਰੀਐਂਟ ਹੁਣ ਤਕ ਕਈ ਦੇਸ਼ਾਂ ’ਚ ਫੈਲ ਚੁੱਕਾ ਹੈ। ਤੇਜ਼ੀ ਨਾਲ ਵਧਦੇ ਇਨਫੈਕਸ਼ਨ ਕਾਰਨ ਕਈ ਦੇਸ਼ਾਂ ਨੇ ਭਾਰਤ ਤੋਂ ਆਵਾਜਾਈ ਸੀਮਤ ਜਾਂ ਬੰਦ ਕਰ ਦਿੱਤੀ ਹੈ। ਵਾਨ ਨੇ ਕਿਹਾ ਕਿ ਮੰਗਲਵਾਰ ਤੱਕ ਇਸ ਵੈਰੀਐਂਟ ਤੇ ਇਸੇ ਦੀ ਲੜੀ ਦੇ ਤਿੰਨ ਹੋਰ ਵੈਰੀਐਂਟਸ ਨਾਲ ਜੁੜੀ ਕੁਝ ਹੋਰ ਜਾਣਕਾਰੀ ਉਪਲਬਧ ਹੋ ਜਾਵੇਗੀ।
ਇਸ ਵਾਇਰਸ ਦੀ ਇਨਫੈਕਸ਼ਨ ਸਮਰੱਥਾ ਬਹੁਤ ਜ਼ਿਆਦਾ ਹੈ। ਭਾਰਤ ’ਚ ਦੂਜੀ ਲਹਿਰ ਦੇ ਬਹੁਤ ਤੇਜ਼ੀ ਨਾਲ ਫੈਲਣ ਦਾ ਕਾਰਨ ਇਸੇ ਵੈਰੀਐਂਟ ਨੂੰ ਮੰਨਿਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਡਬਲਯੂ.ਐੱਚ.ਓ. ਨੇ ਕਿਹਾ ਸੀ ਕਿ 17 ਦੇਸ਼ਾਂ ’ਚ ਇਹ ਵੈਰੀਐਂਟ ਦੇਖਿਆ ਜਾ ਚੁੱਕਾ ਹੈ।

Share