ਕਰੋਨਾ ਦਾ ਕਹਿਰ: ਯੂ.ਕੇ. ’ਚ ਫਰਵਰੀ ਦੇ ਅੱਧ ਤੱਕ ਰਾਸ਼ਟਰੀ ਤਾਲਾਬੰਦੀ ਦਾ ਐਲਾਨ

199
Share

ਲੰਡਨ, 5 ਜਨਵਰੀ (ਪੰਜਾਬ ਮੇਲ)- ਇੰਗਲੈਂਡ ’ਚ ਕਰੋਨਾਵਾਇਰਸ ਦੇ ਰਿਕਾਰਡਤੋੜ ਮਾਮਲੇ ਲਗਾਤਾਰ ਆ ਰਹੇ ਹਨ। ਕਾਬੂ ਤੋਂ ਬਾਹਰ ਹੋ ਰਹੀ ਵਾਇਰਸ ਦੀ ਸਥਿਤੀ ਨੂੰ ਸੰਭਾਲਣ ਦੇ ਮਕਸਦ ਨਾਲ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਦੇਸ਼ ਭਰ ’ਚ ਸੋਮਵਾਰ ਨੂੰ ਫਰਵਰੀ ਦੇ ਅੱਧ ਤੱਕ ਰਾਸ਼ਟਰੀ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਡਾਉਨਿੰਗ ਸਟ੍ਰੀਟ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਰਹੇ ਮਾਮਲਿਆਂ ਅਤੇ ਮਰੀਜ਼ਾਂ ਦੀ ਗਿਣਤੀ ਨੂੰ ਕਾਬੂ ਕਰਨ ਲਈ ਤੁਰੰਤ ਨਿਯਮਾਂ ਦੀ ਪਾਲਣਾ ਕਰਨ। ਨਵੀਂ ਕੌਮੀ ਤਾਲਾਬੰਦੀ ਅਧੀਨ ਦੇਸ਼ ਦੇ ਸਾਰੇ ਸਕੂਲ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਜ਼ਿਆਦਾਤਰ ਵਿਦਿਆਰਥੀ ਮੰਗਲਵਾਰ ਤੋਂ ਇਨ੍ਹਾਂ ਸੰਸਥਾਵਾਂ ਦੇ ਬੰਦ ਹੋਣ ਕਾਰਨ ਰਿਮੋਟ ਲਰਨਿੰਗ ’ਤੇ ਜਾਣਗੇ, ਜਦਕਿ ਨਰਸਰੀਆਂ ਖੁੱਲ੍ਹੀਆਂ ਰਹਿਣਗੀਆਂ।
ਸਰਕਾਰ ਇਕ ਵਾਰ ਫਿਰ ਲੋਕਾਂ ਨੂੰ ਘਰ ਰਹਿਣ ਲਈ ਨਿਰਦੇਸ਼ ਦੇ ਰਹੀ ਹੈ। ਇਸ ਲਈ ਦੇਸ਼ਵਾਸੀ ਬਿਨਾਂ ਕਿਸੇ ਜ਼ਰੂਰੀ ਖਰੀਦਦਾਰੀ, ਕਸਰਤ, ਸਿਹਤ ਸਮੱਸਿਆ ਆਦਿ ਤੋਂ ਇਲਾਵਾ ਘਰ ਵਿਚ ਹੀ ਰਹਿਣਗੇ। ਇਸ ਦੇ ਨਾਲ ਹੀ ਰੈਸਟੋਰੈਂਟ ਭੋਜਨ ਦੇਣ ਦੀ ਪੇਸ਼ਕਸ਼ ਕਰਨਾ ਜਾਰੀ ਰੱਖ ਸਕਦੇ ਹਨ, ਪਰ ਇਸ ਦੌਰਾਨ ਇੱਥੇ ਬੈਠ ਕੇ ਖਾਣ ’ਤੇ ਪਾਬੰਦੀ ਹੋਵੇਗੀ ਅਤੇ ਬਾਹਰੀ ਖੇਡ ਸਥਾਨ ਜਿਵੇਂ ਕਿ ਗੋਲਫ ਕੋਰਸ, ਟੈਨਿਸ ਕੋਰਟ ਅਤੇ ਬਾਹਰ ਜਿੰਮ ਆਦਿ ਵੀ ਲਾਜ਼ਮੀ ਤੌਰ ’ਤੇ ਬੰਦ ਹੋਣਗੇ । ਇੰਗਲੈਂਡ ਵਿਚ ਸਿਹਤ ਮਾਹਿਰਾਂ ਅਨੁਸਾਰ ਵਾਇਰਸ ਦੇ ਨਵੇਂ ਰੂਪ ਦੇ ਸਾਹਮਣੇ ਆਉਣ ਨਾਲ ਮਾਮਲਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਵੱਡੀ ਗਿਣਤੀ ਕਰੋਨਾ ਪੀੜਤ ਹਸਪਤਾਲਾਂ ’ਚ ਦਾਖਲ ਹੋ ਰਹੇ ਹਨ।

Share