ਕਰੋਨਾ ਤੋਂ ਬਾਅਦ ਘੱਟ ਗਿਣਤੀਆਂ ਉਪਰ ਹਮਲੇ ਦਾ ਮਾਮਲਾ ਉੱਭਰਿਆ

1069
Share

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444

ਅਮਰੀਕਾ ਪਿਛਲੇ ਤਿੰਨ ਮਹੀਨਿਆਂ ਤੋਂ ਕੋਰੋਨਾਵਾਇਰਸ ਦੀ ਆਫਤ ਨਾਲ ਜੂਝਦਾ ਆ ਰਿਹਾ ਸੀ। ਲੱਖਾਂ ਲੋਕ ਇਸ ਬਿਪਤਾ ਨਾਲ ਪੀੜਤ ਹੋਏ ਹਨ ਅਤੇ ਸਵਾ ਲੱਖ ਦੇ ਕਰੀਬ ਵਿਅਕਤੀ ਮੌਤ ਦੇ ਮੂੰਹ ਜਾ ਪਏ ਹਨ। ਇਸ ਆਫਤ ਨੇ ਅਮਰੀਕਾ ਦੀ ਸਮੁੱਚੀ ਆਰਥਿਕਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਰੋਨਾ ਦੇ ਫੈਲੇ ਸੰਕਟ ਨੇ ਪੂਰੀ ਦੁਨੀਆਂ ਵਿਚ ਅਮਰੀਕਾ ਦੀ ਸਾਖ ਨੂੰ ਵੀ ਵੱਡਾ ਧੱਕਾ ਲਾਇਆ ਹੈ। ਇਹ ਮਾਮਲੇ ਅਜੇ ਨਿਪਟੇ ਨਹੀਂ ਸਨ ਕਿ ਅਮਰੀਕਾ ਅੰਦਰ ਘੱਟ ਗਿਣਤੀਆਂ ਖਾਸ ਕਰ ਅਫਰੀਕੀ ਮੂਲ ਦੇ ਲੋਕਾਂ ਨਾਲ ਵਿਤਕਰੇ ਦੀ ਭਾਵਨਾ ਵੱਡੇ ਪੱਧਰ ਉਪਰ ਉੱਠ ਖੜ੍ਹੀ ਹੋਈ ਹੈ। ਮਿਨੀਸੋਟਾ ਸੂਬੇ ਦੇ ਮਿਨੀਐਪਲਿਸ ਵਿਖੇ ਅਮਰੀਕੀ ਪੁਲਿਸ ਅਧਿਕਾਰੀ ਵੱਲੋਂ ਇਕ ਅਫਰੀਕੀ ਮੂਲ ਦੇ ਵਿਅਕਤੀ ਦੇ ਧੌਣ ਉਪਰ ਗੋਡਾ ਰੱਖ ਕੇ ਮਾਰੇ ਜਾਣ ਦੀ ਘਟਨਾ ਖਿਲਾਫ ਪੂਰਾ ਅਮਰੀਕਾ ਭੱਖ ਉੱਠਿਆ ਸੀ। ਕਈ ਥਾਈਂ ਤਾਂ ਭੜਕੀ ਅੱਗ ਦਾ ਸੇਕ ਇੰਨਾ ਤੇਜ਼ ਸੀ ਕਿ ਵੱਡੀ ਗਿਣਤੀ ਵਿਚ ਦੁਕਾਨਾਂ ਤੇ ਕਾਰੋਬਾਰ ਲੁੱਟ ਲਏ ਗਏ ਅਤੇ ਅੱਗਾਂ ਲਗਾ ਦਿੱਤੀਆਂ ਗਈਆਂ। ਕਈ ਸ਼ਹਿਰਾਂ ਵਿਚ ਲੱਖਾਂ ਦੀ ਗਿਣਤੀ ਵਿਚ ਲੋਕਾਂ ਨੇ ਇਕੱਤਰ ਹੋ ਕੇ ਮੁਜ਼ਾਹਰੇ ਕੀਤੇ। ਇਸ ਘਟਨਾ ਦਾ ਸੇਕ ਅਜੇ ਠੰਡਾ ਵੀ ਨਹੀਂ ਸੀ ਹੋਇਆ ਕਿ ਅਟਲਾਂਟਾ ਵਿਖੇ ਇਕ ਹੋਰ ਅਫਰੀਕਨ ਨੂੰ ਪ੍ਰਦਰਸ਼ਨ ਦੌਰਾਨ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰੇ ਜਾਣ ਦੀ ਵਾਪਰੀ ਘਟਨਾ ਕਾਰਨ ਅਫਰੀਕੀ ਮੂਲ ਦੇ ਲੋਕਾਂ ਨਾਲ ਵਿਤਕਰੇ ਦਾ ਮਾਮਲਾ ਹੋਰ ਵਧੇਰੇ ਤੂਲ ਫੜ ਗਿਆ ਹੈ।
ਇਕ ਪਾਸੇ ਜਦ ਕੌਮਾਂਤਰੀ ਪੱਧਰ ‘ਤੇ ਕੋਰੋਨਾਵਾਇਰਸ ਦੀ ਆਫਤ ਸਮੇਂ ਸੰਸਾਰ ਪੱਧਰ ‘ਤੇ ਨਵੀਂ ਪਾਬੰਦੀ ਦਾ ਮੁੱਢ ਬੱਝ ਗਿਆ ਹੈ, ਅਜਿਹੇ ਨਾਜ਼ੁਕ ਸਮੇਂ ਅਮਰੀਕਾ ਦਾ ਅੰਦਰੂਨੀ ਕਲੇਸ਼ ਵਿਚ ਉਲਝਣਾ ਬੇਹੱਦ ਖਤਰਨਾਕ ਸਾਬਤ ਹੋ ਸਕਦਾ ਹੈ।
ਆਰਥਿਕ ਖੇਤਰ ‘ਚ ਸੰਸਾਰ ਪੱਧਰ ‘ਤੇ ਚੀਨ ਪੂਰੀ ਦੁਨੀਆਂ ਵਿਚ ਵੱਡੀ ਚੁਣੌਤੀ ਬਣ ਕੇ ਉੱਭਰਿਆ ਹੋਇਆ ਹੈ। ਦੁਨੀਆਂ ਦੇ ਸਾਰੇ ਹੀ ਵੱਡੇ ਦੇਸ਼ ਇਸ ਵੇਲੇ ਚੀਨ ਦੀ ਚੁਣੌਤੀ ਨਾਲ ਸਿੰਞਣ ਲਈ ਰਣਨੀਤੀ ਬਣਾਉਣ ਵਿਚ ਲੱਗੇ ਹੋਏ ਹਨ। ਅਜਿਹੇ ਮੌਕੇ ਅਮਰੀਕਾ ਵਿਚ ਉੱਠਿਆ ਅੰਦਰੂਨੀ ਕਲੇਸ਼ ਅਮਰੀਕਾ ਦੀ ਸੰਸਾਰ ਭਰ ਵਿਚ ਬਣੇ ਮਹਾਸ਼ਕਤੀ ਵਾਲੇ ਵੱਕਾਰ ਨੂੰ ਵੱਡੀ ਢਾਅ ਲਗਾ ਰਿਹਾ ਹੈ। ਅਫਰੀਕਨ ਮੂਲ ਦੇ ਲੋਕਾਂ ਸਮੇਤ ਸਾਰੀਆਂ ਹੀ ਘੱਟ ਗਿਣਤੀਆਂ ਲੋਕਾਂ ਅੰਦਰ ਟਰੰਪ ਪ੍ਰਸ਼ਾਸਨ ਬਾਰੇ ਵਿਤਕਰੇ ਵਾਲੀ ਬਣੀ ਭਾਵਨਾ ਨਾਲ ਆਉਣ ਵਾਲੀ ਰਾਸ਼ਟਰਪਤੀ ਚੋਣ ਵੀ ਪ੍ਰਭਾਵਿਤ ਹੋਣ ਦੇ ਵਧੇਰੇ ਸੰਕੇਤ ਮਿਲ ਰਹੇ ਹਨ। ਅਫਰੀਕਨ ਮੂਲ ਦੇ ਲੋਕ ਅਮਰੀਕਾ ਵਿਚ ਵੱਡੀ ਗਿਣਤੀ ਵਿਚ ਵਸੇ ਹੋਏ ਹਨ। ਇਸ ਵੇਲੇ ਅਮਰੀਕਾ ਦੇ 17 ਰਾਜਾਂ ਵਿਚ ਅਫਰੀਕੀ ਮੂਲ ਦੇ ਲੋਕਾਂ ਦੀ ਵਸੋਂ ਵਧੇਰੇ ਗਿਣਤੀ ਵਿਚ ਹੈ। ਇਹ ਗੱਲ ਤਾਂ ਹੁਣ ਕਿਸੇ ਤੋਂ ਲੁਕੀ-ਛਿਪੀ ਨਹੀਂ ਕਿ ਡੈਮੋਕ੍ਰੇਟ ਵਾਲੇ ਘੱਟ ਗਿਣਤੀ ਲੋਕਾਂ ਵੱਲੋਂ ਕੀਤੇ ਮੁਜ਼ਾਹਰਿਆਂ ਵਿਚ ਇਨ੍ਹਾਂ ਲੋਕਾਂ ਦੀ ਵੋਟ ਉਪਰ ਅੱਖ ਰੱਖ ਕੇ ਹੀ ਸ਼ਾਮਲ ਹੁੰਦੇ ਰਹੇ ਹਨ। ਸਿਆਸੀ ਹਲਕਿਆਂ ਵਿਚ ਆਮ ਚਰਚਾ ਹੈ ਕਿ ਅਫਰੀਕਨ ਮੂਲ ਨਿਵਾਸੀਆਂ ਸਮੇਤ ਸਾਰੀਆਂ ਹੀ ਘੱਟ ਗਿਣਤੀਆਂ ਦੇ ਲੋਕ ਵੱਡੀ ਗਿਣਤੀ ਵਿਚ ਇਸ ਵੇਲੇ ਡੈਮੋਕ੍ਰੇਟਸ ਵੱਲੋਂ ਰਾਸ਼ਟਰਪਤੀ ਦੇ ਉਮੀਦਵਾਰ ਜੋਅ ਬਿਡੇਨ ਦੇ ਹੱਕ ਵਿਚ ਆ ਖੜ੍ਹੇ ਹਨ। ਡੈਮੋਕ੍ਰੇਟਸ ਦਾ ਅਮਰੀਕੀ ਗੌਰੀ ਵਸੋਂ ਵਿਚ ਵੀ ਚੰਗਾ ਰਸੂਖ ਹੈ। ਇਹ ਗੱਲ ਬੜੀ ਸਪੱਸ਼ਟ ਹੈ ਕਿ ਰਾਸ਼ਟਰਪਤੀ ਦੀ ਚੋਣ ਕੋਈ ਵੀ ਉਮੀਦਵਾਰ ਕਿਸੇ ਇਕ ਵਰਗ ਉਪਰ ਨਿਰਭਰ ਹੋ ਕੇ ਨਹੀਂ ਜਿੱਤ ਸਕਦਾ। ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੋਣਾਂ ਜਿੱਤਣ ਸਮੇਂ ਤੋਂ ਹੀ ਹਮੇਸ਼ਾ ‘ਅਮਰੀਕਾ ਅਮਰੀਕੀਆਂ ਦਾ’ ਦੀ ਧਾਰਨਾ ਉਪਰ ਜ਼ੋਰ ਦਿੱਤਾ ਜਾਂਦਾ ਰਿਹਾ ਹੈ ਅਤੇ ਟਰੰਪ ਪ੍ਰਸ਼ਾਸਨ ਵੱਲੋਂ ਅਪਣਾਈਆਂ ਨੀਤੀਆਂ ਵਿਚ ਹਮੇਸ਼ਾ ਇੰਮੀਗ੍ਰਾਂਟਸ ਪ੍ਰਤੀ ਤਿਰਸਕਾਰ ਵਾਲੀ ਭਾਵਨਾ ਪੈਦਾ ਕੀਤੀ ਜਾਂਦੀ ਰਹੀ ਹੈ। ਪਹਿਲਾਂ ਵੀ ਅਨੇਕ ਮੌਕਿਆਂ ਉਪਰ ਇਸ ਧਾਰਨਾ ਕਾਰਨ ਇੰਮੀਗ੍ਰਾਂਟਸ ਦਾ ਵੱਖ-ਵੱਖ ਵਰਗਾਂ ਵੱਲੋਂ ਟਰੰਪ ਪ੍ਰਸ਼ਾਸਨ ਦੀ ਵਿਰੋਧਤਾ ਤੇ ਨੁਕਤਾਚੀਨੀ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਹੁਣ ਅਫਰੀਕਨ ਮੂਲ ਦੇ ਦੋ ਵਿਅਕਤੀਆਂ ਦੇ ਪੁਲਿਸ ਹੱਥੋਂ ਹੋਏ ਕਤਲ ਨੇ ਇਸ ਭਾਵਨਾ ਵਿਚ ਹੋਰ ਵਾਧਾ ਕੀਤਾ ਹੈ। ਇਸ ਦਾ ਨਤੀਜਾ ਇਹ ਹੈ ਕਿ ਪੂਰੀ ਦੀ ਪੂਰੀ ਅਫਰੀਕਨ ਮੂਲ ਦੀ ਵਸੋਂ ਇਕ ਪਾਸੜ ਖੜ੍ਹੀ ਹੋਈ ਨਜ਼ਰ ਆ ਰਹੀ ਹੈ। ਦੂਜੇ ਪਾਸੇ ਟਰੰਪ ਵੱਲੋਂ ਅਪਣਾਈਆਂ ਬਹੁਤ ਸਾਰੀਆਂ ਨੀਤੀਆਂ, ਖਾਸਕਰ ਚੀਨ ਦੇ ਆਰਥਿਕ ਹਮਲੇ ਰੋਕਣ ‘ਚ ਲਗਾਤਾਰ ਅਸਫਲ ਰਹਿਣ ਕਰਕੇ ਵੀ ਅਮਰੀਕੀ ਲੋਕ ਖੁਸ਼ ਨਹੀਂ ਹਨ।
ਇਸ ਵੇਲੇ ਅਮਰੀਕਾ ਦਾ ਬਰਤਾਨੀਆ ਅਤੇ ਯੂਰਪੀਅਨ ਮੁਲਕਾਂ ਉਪਰਲਾ ਤਪ-ਤੇਜ਼ ਵੀ ਲਗਾਤਾਰ ਘੱਟ ਰਿਹਾ ਹੈ। ਕਿਸੇ ਸਮੇਂ ਰੂਸੀ ਮਹਾਂਸ਼ਕਤੀ ਨਾਲ ਨਿਪਟਣ ਸਮੇਂ ਖਾਸ ਕਰ ਇਰਾਕ ਨਾਲ ਜੰਗ ਸਮੇਂ ਯੂਰਪੀਅਨ ਮੁਲਕਾਂ ਅਤੇ ਇੰਗਲੈਂਡ ਨੇ ਅਮਰੀਕਾ ਦਾ ਡੱਟ ਕੇ ਸਾਥ ਦਿੱਤਾ ਸੀ। ਪਰ ਉਹੀ ਮੁਲਕ ਹੁਣ ਚੀਨ ਖਿਲਾਫ ਟਰੰਪ ਵੱਲੋਂ ਅਪਣਾਈ ਹਮਲਾਵਰ ਨੀਤੀ ਵਿਚ ਉਸ ਨਾਲ ਡੱਟ ਕੇ ਖੜ੍ਹਨ ਤੋਂ ਸੰਕੋਚ ਵਰਤ ਰਹੇ ਹਨ।
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਕੋਈ ਵੀ ਦੇਸ਼ ਜਾਂ ਸ਼ਕਤੀ ਉਸ ਵੇਲੇ ਹੀ ਦੁਨੀਆਂ ਅੰਦਰ ਆਪਣਾ ਦਬਦਬਾ ਕਾਇਮ ਰੱਖ ਸਕਦੀ ਹੈ ਜਾਂ ਆਪਣੇ ਪ੍ਰਭਾਵ ਨੂੰ ਵਧਾ ਸਕਦੀ ਹੈ, ਜਦ ਉਸ ਦਾ ਦੇਸ਼ ਉਸ ਪਿੱਛੇ ਇਕਮੁੱਠ ਹੋ ਕੇ ਸਖ਼ਤੀ ਨਾਲ ਖੜ੍ਹਾ ਹੋਵੇ। ਪਰ ਇਸ ਵੇਲੇ ਹਾਲਾਤ ਇਹ ਹੈ ਕਿ ਅਮਰੀਕਾ ਆਰਥਿਕ ਮੰਦੀ ‘ਚੋਂ ਲੰਘ ਰਿਹਾ ਹੈ। ਕੋਰੋਨਾਵਾਇਰਸ ਕਾਰਨ 3 ਕਰੋੜ ਤੋਂ ਵਧੇਰੇ ਅਮਰੀਕੀ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ। ਅਨੇਕ ਕਾਰੋਬਾਰ ਅਤੇ ਅਦਾਰੇ ਗੰਭੀਰ ਵਿੱਤੀ ਸੰਕਟ ਦਾ ਸ਼ਿਕਾਰ ਹਨ। ਕਰੋਨਾ ਮਹਾਂਮਾਰੀ ਨੂੰ ਰੋਕਣ ਬਾਰੇ ਟਰੰਪ ਪ੍ਰਸ਼ਾਸਨ ਵੱਲੋਂ ਅਪਣਾਈਆਂ ਨੀਤੀਆਂ ਅਤੇ ਖਾਸਕਰ ਰਾਸ਼ਟਰਪਤੀ ਟਰੰਪ ਦੀ ਭੂਮਿਕਾ ਤੋਂ ਵੀ ਲੋਕ ਵੱਡੀ ਪੱਧਰ ‘ਤੇ ਖੁਸ਼ ਨਜ਼ਰ ਨਹੀਂ ਆ ਰਹੇ। ਅਜਿਹੀ ਹਾਲਤ ਵਿਚ ਟਰੰਪ ਲਈ ਇਸ ਵੇਲੇ ਪੂਰੇ ਦੇਸ਼ ਅੰਦਰ ਇਕ ਨਾਖੁਸ਼ਗਵਾਰ ਸਿਆਸੀ ਮਾਹੌਲ ਬਣਿਆ ਹੋਇਆ ਨਜ਼ਰ ਆ ਰਿਹਾ ਹੈ।
ਕੋਰੋਨਾਵਾਇਰਸ ਦਾ ਅਜੇ ਵੀ ਕੋਈ ਹੱਲ ਨਹੀਂ ਹੋ ਸਕਿਆ। ਇਸ ਬਿਮਾਰੀ ਨੂੰ ਰੋਕਣ ਲਈ ਅਜੇ ਤੱਕ ਦੁਨੀਆਂ ਭਰ ਵਿਚ ਕੋਈ ਪਾਅੇਦਾਰ ਵੈਕਸੀਨ ਜਾਂ ਟੀਕਾ ਵੀ ਇਜ਼ਾਦ ਨਹੀਂ ਹੋ ਸਕਿਆ। ਸਿਹਤ ਮਾਹਰ ਅਜਿਹੀ ਦਵਾ-ਦਾਰੂ ਪੈਦਾ ਕਰਨ ਲਈ ਲਗਾਤਾਰ ਯਤਨ ਕਰ ਰਹੇ ਹਨ। ਕਈ ਮੁਲਕਾਂ ਵਿਚ ਵਾਇਰਸ ਨੂੰ ਰੋਕਣ ਲਈ ਵੈਕਸੀਨ ਤਿਆਰ ਕੀਤੇ ਜਾਣ ਦੀਆਂ ਖ਼ਬਰਾ ਵੀ ਆਉਂਦੀਆਂ ਰਹੀਆਂ ਹਨ। ਪਰ ਅਜੇ ਤੱਕ ਠੋਸ ਰੂਪ ਵਿਚ ਕੋਈ ਪ੍ਰਾਪਤੀ ਸਾਹਮਣੇ ਨਹੀਂ ਆਈ। ਸਗੋਂ ਉਲਟਾ ਸਿਹਤ ਮਾਹਰਾਂ ਦਾ ਅੰਦਾਜ਼ਾ ਹੈ ਕਿ ਇਸ ਸਾਲ ਦੇ ਅੰਤ ਤੱਕ ਸ਼ਾਇਦ ਕੋਈ ਨਾ ਕੋਈ ਵੈਕਸੀਨ ਜਾਂ ਟੀਕਾ ਲੱਭ ਲਿਆ ਜਾਵੇਗਾ, ਜੋ ਇਸ ਨਾਮੁਰਾਦ ਲਾਗ ਦੀ ਬਿਮਾਰੀ ਤੋਂ ਲੋਕਾਂ ਦਾ ਖਹਿੜਾ ਛੁਡਾ ਸਕੇ। ਉਂਝ ਵੀ ਪੁਰਾਣਾ ਇਤਿਹਾਸਕ ਤਜ਼ਰਬਾ ਦੱਸਦਾ ਹੈ ਕਿ ਅਜਿਹੀ ਵਾਇਰਸ ਨੂੰ ਰੋਕਣ ਲਈ ਵੈਕਸੀਨ ਜਾਂ ਟੀਕਾ ਵਿਕਸਿਤ ਕਰਨ ਵਾਸਤੇ ਘੱਟੋ-ਘੱਟ ਸਾਲ ਦਾ ਸਮਾਂ ਲੱਗ ਹੀ ਜਾਂਦਾ ਹੈ। ਇਸ ਕਰਕੇ ਅਮਰੀਕਾ ਸਮੇਤ ਦੁਨੀਆਂ ਨੂੰ ਅਜੇ 6 ਮਹੀਨੇ ਹੋਰ ਵੱਧ-ਘੱਟ ਹਾਲਤ ਵਿਚ ਕੋਰੋਨਾਵਾਇਰਸ ਦੀ ਆਫਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅਮਰੀਕਾ ਵਿਚ ਅਜੇ ਵੀ ਕੋਰੋਨਾਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਅਤੇ ਮੌਤਾਂ ਦੀ ਗਿਣਤੀ ਵੀ ਭਾਵੇਂ ਪਹਿਲਾਂ ਦੇ ਮੁਕਾਬਲੇ ਤਾਂ ਘੱਟ ਗਈ ਹੈ ਪਰ ਇਸ ਵਿਚ ਵਾਧਾ ਲਗਾਤਾਰ ਜਾਰੀ ਹੈ। ਬਹੁਤ ਸਾਰੇ ਖੇਤਰਾਂ ਵਿਚ ਵਾਇਰਸ ਦੇ ਮੁੜ ਫਿਰ ਤੇਜ਼ ਹੋਣ ਦੀਆਂ ਖ਼ਬਰਾਂ ਵੀ ਛਪਦੀਆਂ ਹਨ। ਇਸ ਕਰਕੇ ਜਿੱਥੇ ਇਕ ਪਾਸੇ ਟਰੰਪ ਨੂੰ ਅਫਰੀਕੀ ਮੂਲ ਦੇ ਲੋਕਾਂ ਵਿਚ ਉੱਠੀ ਗੁੱਸੇ ਦੀ ਲਹਿਰ ਨੂੰ ਮੱਠਾ ਕਰਨ ਲਈ ਵੱਡੀ ਚੁਣੌਤੀ ਸਾਹਮਣੇ ਹੈ, ਉਥੇ ਨਾਲ ਹੀ ਕੋਰੋਨਾਵਾਇਰਸ ਨੂੰ ਠੱਲ੍ਹ ਪਾਈ ਰੱਖਣ ਅਤੇ ਦੇਸ਼ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਬਾਹਰ ਕੱਢਣ ਲਈ ਵੀ ਠੋਸ ਨੀਤੀਆਂ ਅਪਣਾਉਣ ਦੀ ਲੋੜ ਹੈ। ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਕਿੰਨਾ ਕੁ ਸਫਲ ਹੁੰਦੇ ਹਨ ਅਤੇ ਦੂਜੇ ਪਾਸੇ ਡੈਮੋਕ੍ਰੇਟਸ ਟਰੰਪ ਖਿਲਾਫ ਫੈਲੀਆਂ ਅਜਿਹੀਆਂ ਭਾਵਨਾਵਾਂ ਨੂੰ ਕਿਸ ਕਦਰ ਵਰਤਦੇ ਹਨ, ਇਸ ਗੱਲ ਦਾ ਅਮਰੀਕਾ ਅੰਦਰ ਹੋਣ ਜਾ ਰਹੀ ਰਾਸ਼ਟਰਪਤੀ ਚੋਣ ਉਪਰ ਗਹਿਰਾ ਪ੍ਰਭਾਵ ਪਿਆ ਨਜ਼ਰ ਆਵੇਗਾ।


Share