ਕਰੋਨਾ ਤੇ ਓਮੀਕਰੋਨ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਦੇਸ਼ ਵਾਸੀਆਂ ਨੂੰ ਕੀਤਾ ਚੌਕਸ

285
Share

ਬਿਨਾਂ ਵਜ੍ਹਾ ਯਾਤਰਾ ਨਾ ਕਰਨ ਅਤੇ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ
-ਖੋਜਕਰਤਾਵਾਂ ਵੱਲੋਂ ਫਰਵਰੀ ਦੇ ਸ਼ੁਰੂ ’ਚ ਕਰੋਨਾ ਦੀ ਤੀਸਰੀ ਲਹਿਰ ਸਿਖਰ ’ਤੇ ਹੋਣ ਦਾ ਦਾਅਵਾ
ਨਵੀਂ ਦਿੱਲੀ, 24 ਦਸੰਬਰ (ਪੰਜਾਬ ਮੇਲ)- ਭਾਰਤ ਸਰਕਾਰ ਨੇ ਕਿਹਾ ਹੈ ਕਿ ਦੁਨੀਆਂ ਕੋਵਿਡ-19 ਦੀ ਚੌਥੀ ਲਹਿਰ ਵੱਲ ਵਧ ਰਹੀ ਹੈ। ਸਰਕਾਰ ਨੇ ਦੇਸ਼ ਵਾਸੀਆਂ ਨੂੰ ਚੌਕਸ ਕੀਤਾ ਹੈ ਕਿ ਕਿ੍ਰਸਮਸ ਤੇ ਨਵੇਂ ਸਾਲ ਮੌਕੇ ਕਰੋਨਾ ਖ਼ਿਲਾਫ਼ ਢਿੱਲ ਨਾ ਵਰਤੀ ਜਾਵੇ। ਇਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਭਾਰਤ ਵਿਚ ਹਾਲੇ ਤੱਕ ਓਮੀਕਰੋਨ ਦੇ 358 ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 183 ਕੇਸਾਂ ਦਾ ਵਿਸ਼ਲੇਸ਼ਨ ਕੀਤਾ ਜਾ ਚੁੱਕਾ ਹੈ ਤੇ 121 ਮਰੀਜ਼ ਅਜਿਹੇ ਹਨ, ਜਿਨ੍ਹਾਂ ਨੇ ਹਾਲ ਹੀ ਵਿਚ ਵਿਦੇਸ਼ਾਂ ਦਾ ਦੌਰਾ ਕੀਤਾ ਹੈ। ਇਨ੍ਹਾਂ ਵਿਚੋਂ 91 ਫੀਸਦੀ ਲੋਕਾਂ ਨੇ ਪੂਰਾ ਵੈਕਸੀਨੇਸ਼ਨ ਕਰਵਾਇਆ ਹੋਇਆ ਹੈ ਤੇ ਤਿੰਨ ਜਣਿਆਂ ਨੇ ਬੂਸਟਰ ਡੋਜ਼ ਵੀ ਲਗਵਾਏ ਹਨ। ਇਨ੍ਹਾਂ ਵਿਚੋਂ 70 ਫੀਸਦੀ ਮਰੀਜ਼ ਅਜਿਹੇ ਹਨ, ਜਿਨ੍ਹਾਂ ਵਿਚ ਬੁਖਾਰ ਦੇ ਲੱਛਣ ਨਹੀਂ ਹਨ ਤੇ ਇਨ੍ਹਾਂ ਵਿਚੋਂ 61 ਫੀਸਦੀ ਮਰੀਜ਼ ਪੁਰਸ਼ ਹਨ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਵਜ੍ਹਾ ਯਾਤਰਾ ਨਾ ਕੀਤੀ ਜਾਵੇ, ਭੀੜ ਇਕੱਠੀ ਨਾ ਕੀਤੀ ਜਾਵੇ ਤੇ ਕੋਵਿਡ ਨਿਯਮਾਂ (ਮਾਸਕ ਪਹਿਨਣਾ, ਸਮਾਜਿਕ ਦੂਰੀ ਕਾਇਮ ਰੱਖਣਾ ਆਦਿ) ਦੀ ਪਾਲਣਾ ਕੀਤੀ ਜਾਵੇ।
ਇੰਡੀਅਨ ਇਸਟੀਚਿਊਟ ਆਫ ਟੈਕਨਾਲੋਜੀ, ਕਾਨਪੁਰ ਦੇ ਖੋਜਕਰਤਾਵਾਂ ਨੇ ਇਕ ਸਟੱਡੀ ਤਹਿਤ ਦਾਅਵਾ ਕੀਤਾ ਹੈ ਕਿ 3 ਫਰਵਰੀ, 2022 ਤੱਕ ਭਾਰਤ ਦੇਸ਼ ’ਚ ਕਰੋਨਾ ਦੀ ਤੀਸਰੀ ਲਹਿਰ ਸਿਖਰ ’ਤੇ ਹੋਵੇਗੀ। ਖੋਜਕਰਤਾਵਾਂ ਨੇ ਇਹ ਸਟੱਡੀ ਅਮਰੀਕਾ, ਯੂ.ਕੇ., ਜਰਮਨੀ ਤੇ ਰੂਸ ਤੋਂ ਲਏ ਡਾਟਾ ਦੇ ਆਧਾਰ ਉੱਤੇ ਕੀਤੀ ਹੈ, ਜਿਥੇ ਪਹਿਲਾਂ ਹੀ ਕਰੋਨਾ ਦੀ ਤੀਸਰੀ ਲਹਿਰ ਆ ਚੁੱਕੀ ਹੈ। ਸਟੱਡੀ ਅਨੁਸਾਰ ਭਾਰਤ ਵਿਚ ਵੀ ਜੇਕਰ ਇਨ੍ਹਾਂ ਦੇਸ਼ਾਂ ਵਾਂਗ ਕਰੋਨਾ ਤੇ ਓਮੀਕਰੋਨ ਦੇ ਕੇਸ ਵਧਦੇ ਰਹੇ, ਤਾਂ ਫਰਵਰੀ ਤੱਕ ਕਰੋਨਾ ਦੀ ਤੀਸਰੀ ਲਹਿਰ ਸਿਖਰ ’ਤੇ ਹੋਵੇਗੀ।

Share