ਕਰੋਨਾ ’ਚ ਰਿਕਾਰਡ ਵਾਧੇ ਨੂੰ ਦੇਖਦਿਆਂ ਪਾਕਿਸਤਾਨ ਵੱਲੋਂ ਵੀ ਭਾਰਤੀ ਯਾਤਰੀਆਂ ’ਤੇ ਬੈਨ

156
Share

ਲਾਹੌਰ, 20 ਅਪ੍ਰੈਲ (ਪੰਜਾਬ ਮੇਲ)- ਪਾਕਿਸਤਾਨ ਨੇ ਕੋਰੋਨਾ ਦੇ ਮਾਮਲਿਆਂ ’ਚ ਰਿਕਾਰਡ ਵਾਧਾ ਨੂੰ ਦੇਖਦੇ ਹੋਏ ਭਾਰਤ ਤੋਂ ਯਾਤਰੀਆਂ ਦੇ ਆਉਣ ’ਤੇ 2 ਹਫਤੇ ਲਈ ਰੋਕ ਲਾਉਣ ਦਾ ਸੋਮਵਾਰ ਫੈਸਲਾ ਕੀਤਾ। ਪਾਕਿਸਤਾਨ ਦੇ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ (ਐੱਨ.ਸੀ.ਓ.ਸੀ.) ਦੇ ਮੁਖੀ ਅਸਦ ਓਮਰ ਦੀ ਅਗਵਾਈ ਵਿਚ ਆਯੋਜਿਤ ਇਕ ਬੈਠਕ ਵਿਚ ਭਾਰਤ ਤੋਂ ਯਾਤਰੀਆਂ ਦੇ ਆਉਣ ’ਤੇ ਦੋ ਹਫਤਿਆਂ ਦੀ ਰੋਕ ਲਾਉਣ ਦਾ ਫੈਸਲਾ ਕੀਤਾ ਗਿਆ। ਇਸ ਸਬੰਧ ਵਿਚ ਇਕ ਬਿਆਨ ’ਚ ਕਿਹਾ ਗਿਆ ਕਿ ਐੱਨ.ਸੀ.ਓ.ਸੀ. ਨੇ ਭਾਰਤ ਨੂੰ 2 ਹਫਤੇ ਲਈ ਕਲਾਸ ‘ਸੀ’ ਮੁਲਕਾਂ ਦੀ ਲਿਸਟ ਵਿਚ ਰੱਖਣ ਦਾ ਫੈਸਲਾ ਕੀਤਾ। ਹਵਾਈ ਅਤੇ ਜ਼ਮੀਨੀ ਮਾਰਗ ਰਾਹੀਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ ’ਤੇ ਇਹ ਰੋਕ ਰਹੇਗੀ।
ਪਹਿਲਾਂ ਤੋਂ ਹੀ ਕਲਾਸ ‘ਸੀ’ ’ਚ ਸੂਚੀਬਧ ਹੋਰਨਾਂ ਮੁਲਕਾਂ ’ਚ ਦੱਖਣੀ ਅਫਰੀਕਾ, ਬੋਤਸਵਾਨਾ, ਘਾਨਾ, ਕੀਨੀਆ, ਕੋਮੋਰੋਸ, ਜ਼ਾਂਬੀਆ, ਲੇਸੇਥੋ, ਮਲਾਵੀ, ਸੇਸ਼ੇਲਸ, ਸੋਮਾਲੀਆ, ਸੂਰੀਨਾਮ, ਓਰੁਗਵੇ ਅਤੇ ਵੈਨੇਜ਼ੁਏਲਾ ਸ਼ਾਮਲ ਹਨ। ਪਿਛਲੇ ਹਫਤੇ ਕਰੀਬ 815 ਸਿੱਖ ਤੀਰਥ ਯਾਤਰੀ ਵਿਸਾਖੀ ਮੌਕੇ ਭਾਰਤ ਤੋਂ ਲਾਹੌਰ ਪਹੁੰਚੇ ਸਨ। ਉਨ੍ਹਾਂ ਨੂੰ ਇਥੇ 10 ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਸੋਮਵਾਰ ਬਿ੍ਰਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਇਸ ‘ਰੈੱਡ ਲਿਸਟ’ ਵਿਚ ਭਾਰਤ ਨੂੰ ਵੀ ਸ਼ਾਮਲ ਕਰਨ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਭਾਰਤ ਤੋਂ ਆਉਣ ਵਾਲੇ ਲੋਕਾਂ ’ਤੇ ਇਹ ਪਾਬੰਦੀ ਸ਼ੁੱਕਰਵਾਰ ਤੋਂ ਲਾਗੂ ਹੋਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਅਸੀਂ ਇਸ ਮਾਮਲੇ ਵਿਚ ਜਿਹੜੀ ਵੀ ਤਰੱਕੀ ਕੀਤੀ ਹੈ, ਉਨ੍ਹਾਂ ਸਭ ਨੂੰ ਸਾਨੂੰ ਜ਼ਰੂਰ ਬਚਾਈ ਰੱਖਣਾ ਚਾਹੀਦਾ ਹੈ। ਹਾਲਾਂਕਿ ਉਨ੍ਹਾਂ ਇਸ ਬਾਰੇ ਕੁਝ ਨਹੀਂ ਦੱਸਿਆ ਕਿ ਇਹ ਪਾਬੰਦੀ ਕਦੋਂ ਤੱਕ ਲਾਗੂ ਰਹੇਗੀ।

Share