ਕਰੋਨਾ ਕੇਸ ਘਟਣ ਕਾਰਨ ਜਲਦੀ ਹੀ ਵਿਦੇਸ਼ੀ ਸੈਲਾਨੀਆਂ ਲਈ ਖੁੱਲ੍ਹ ਸਕਦਾ ਹੈ ਭਾਰਤ

683
Share

-ਪੰਜ ਲੱਖ ਮੁਫ਼ਤ ਵੀਜ਼ੇ ਜਾਰੀ ਕਰਨ ਦੀ ਯੋਜਨਾ
ਨਵੀਂ ਦਿੱਲੀ, 20 ਸਤੰਬਰ (ਪੰਜਾਬ ਮੇਲ)- ਭਾਰਤ ਵਿਚ ਕਰੋਨਾ ਦੇ ਕੇਸ ਘਟਣ ਦੇ ਮੱਦੇਨਜ਼ਰ ਸਰਕਾਰ ਜਲਦੀ ਹੀ ਮੁਲਕ ਨੂੰ ਵਿਦੇਸ਼ੀ ਸੈਲਾਨੀਆਂ ਲਈ ਖੋਲ੍ਹ ਸਕਦੀ ਹੈ। ਅਧਿਕਾਰੀਆਂ ਮੁਤਾਬਕ ਡੇਢ ਸਾਲ ਮਗਰੋਂ ਇਹ ਫ਼ੈਸਲਾ ਜਲਦੀ ਹੀ ਲਿਆ ਜਾ ਸਕਦਾ ਹੈ। ਪਹਿਲੇ ਪੰਜ ਲੱਖ ਵੀਜ਼ੇ ਬਿਨਾਂ ਫੀਸ ਤੋਂ ਦਿੱਤੇ ਜਾਣਗੇ, ਤਾਂ ਕਿ ਸੈਰ-ਸਪਾਟਾ ਸਨਅਤ ਨੂੰ ਮੁੜ ਪੈਰਾਂ-ਸਿਰ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਮਹਾਮਾਰੀ ਕਾਰਨ ਸੈਰ-ਸਪਾਟਾ, ਮਹਿਮਾਨਨਿਵਾਜ਼ੀ ਤੇ ਹਵਾਬਾਜ਼ੀ ਸੈਕਟਰ ਦਾ ਵੱਡਾ ਨੁਕਸਾਨ ਹੋਇਆ ਹੈ। ਗ੍ਰਹਿ ਮੰਤਰਾਲਾ ਇਸ ਮੁੱਦੇ ’ਤੇ ਸਾਰੇ ਹਿੱਤਧਾਰਕਾਂ ਨਾਲ ਵਿਚਾਰ-ਚਰਚਾ ਕਰ ਰਿਹਾ ਹੈ ਤੇ ਅਗਲੇ ਦਸ ਦਿਨਾਂ ਵਿਚ ਐਲਾਨ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਭਾਰਤ ’ਚ ਕੋਵਿਡ ਟੀਕਾਕਰਨ 80 ਕਰੋੜ ਤੋਂ ਉਪਰ ਚਲਾ ਗਿਆ ਹੈ। ਮੁਫ਼ਤ ਵੀਜ਼ਾ ਸੈਲਾਨੀਆਂ ਨੂੰ 31 ਮਾਰਚ, 2022 ਤੱਕ ਦਿੱਤਾ ਜਾਵੇਗਾ। ਸਰਕਾਰ ਫ਼ੀਸ ਦਾ 100 ਕਰੋੜ ਰੁਪਏ ਦਾ ਬੋਝ ਖ਼ੁਦ ਝੱਲੇਗੀ। ਦੱਸਣਯੋਗ ਹੈ ਕਿ ਮਹੀਨੇ ਦੇ ਈ-ਟੂਰਿਸਟ ਵੀਜ਼ਾ ਦੀ ਫੀਸ ਵੱਖ-ਵੱਖ ਮੁਲਕਾਂ ਲਈ ਅਲੱਗ-ਅਲੱਗ ਹੈ ਪਰ ਇਹ ਕਰੀਬ 25 ਡਾਲਰ ਹੈ। ਸਾਲ ਦੇ ਮਲਟੀਪਲ ਵੀਜ਼ਾ ਦੀ ਫੀਸ 40 ਡਾਲਰ ਹੈ। ਈ-ਟੂਰਿਸਟ ਵੀਜ਼ਾ ਮਾਰਚ 2020 ਤੋਂ ਬੰਦ ਹੈ।

Share