ਕਰੋਨਾ ਕੇਸਾਂ ’ਚ ਵਾਧੇ ਕਾਰਨ ਪੰਜਾਬ ਭਰ ’ਚ ਨਵੀਆਂ ਕੋਵਿਡ ਬੰਦਿਸ਼ਾਂ ਲਾਗੂ

189
Share

ਚੰਡੀਗੜ੍ਹ, 5 ਜਨਵਰੀ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਤੋਂ ਐਨ ਪਹਿਲਾਂ ਕੋਵਿਡ ਕੇਸਾਂ ਦੀ ਦਰ ’ਚ ਵਾਧੇ ਨੂੰ ਦੇਖਦਿਆਂ ਪੰਜਾਬ ਭਰ ਵਿਚ 15 ਜਨਵਰੀ ਤੱਕ ਰਾਤ ਦਾ ਕਰਫਿਊ ਅਤੇ ਨਵੀਆਂ ਕੋਵਿਡ ਬੰਦਿਸ਼ਾਂ ਲਗਾ ਦਿੱਤੀਆਂ ਹਨ। ਪੰਜਾਬ ਵਿੱਚ 9 ਜੁਲਾਈ 2021 ਨੂੰ ਕੋਵਿਡ ਦੀ ਦੂਸਰੀ ਲਹਿਰ ਮੱਠੀ ਪੈਣ ਮਗਰੋਂ ਰਾਤ ਦਾ ਕਰਫਿਊ ਹਟਾਇਆ ਗਿਆ ਸੀ ਅਤੇ ਹੁਣ ਕਰੀਬ ਛੇ ਮਹੀਨੇ ਮਗਰੋਂ ਕੋਵਿਡ ਕੇਸਾਂ ਦੇ ਪਾਸਾਰ ਕਰਕੇ ਮੁੜ ਰਾਤ ਦਾ ਕਰਫਿਊ ਲਾਉਣਾ ਪਿਆ ਹੈ। ਪੰਜਾਬ ’ਚ ਰਾਤ ਨੂੰ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ ਅਤੇ ਸ਼ਹਿਰਾਂ ਤੇ ਕਸਬਿਆਂ ਵਿਚ ਸਿਰਫ਼ ਜ਼ਰੂਰੀ ਵਸਤਾਂ ਦੀ ਹੀ ਆਮਦੋਰਫ਼ਤ ਦੀ ਇਜਾਜ਼ਤ ਹੋਵੇਗੀ। ਪਟਿਆਲਾ ਦੇ ਮੈਡੀਕਲ ਕਾਲਜ ’ਚ ਕਰੀਬ 142 ਵਿਦਿਆਰਥੀ ਅਤੇ ਲੁਧਿਆਣਾ ਜ਼ਿਲ੍ਹੇ ਦੇ ਡੀ.ਐੱਮ.ਸੀ. ਕਾਲਜ ਆਫ਼ ਨਰਸਿੰਗ ਮਲਕਪੁਰ ’ਚ 41 ਵਿਦਿਆਰਥੀ ਕੋਵਿਡ ਪਾਜ਼ੀਟਿਵ ਪਾਏ ਗਏ ਹਨ। ਬਠਿੰਡਾ ਦੇ ਆਦੇਸ਼ ਮੈਡੀਕਲ ਕਾਲਜ ਵਿਚ ਵੀ ਵਿਦਿਆਰਥੀ ਕੋਵਿਡ ਪਾਜ਼ੀਟਿਵ ਨਿਕਲ ਆਏ ਹਨ।
ਕੇਂਦਰ ਸਰਕਾਰ ਨੇ ਕੁਝ ਦਿਨ ਪਹਿਲਾਂ ਹੀ ਕੋਵਿਡ ਦਰ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਖ਼ਬਰਦਾਰ ਕਰ ਦਿੱਤਾ ਸੀ। ਗ੍ਰਹਿ ਵਿਭਾਗ ਨੇ ਡਿਪਟੀ ਕਮਿਸ਼ਨਰਾਂ ਨੂੰ ਲਿਖਤੀ ਹੁਕਮ ਜਾਰੀ ਕਰ ਦਿੱਤੇ ਹਨ, ਜਿਨ੍ਹਾਂ ਤਹਿਤ 15 ਜਨਵਰੀ ਤੱਕ ਰਾਜ ਭਰ ’ਚ ਸਕੂਲ, ਕਾਲਜ ਤੇ ਯੂਨੀਵਰਸਿਟੀ ਮੁੜ ਬੰਦ ਕਰ ਦਿੱਤੀਆਂ ਗਈਆਂ ਹਨ। ਸਿਰਫ਼ ਆਨ ਲਾਈਨ ਪੜ੍ਹਾਈ ਹੀ ਹੋਵੇਗੀ। ਮੈਡੀਕਲ ਅਤੇ ਨਰਸਿੰਗ ਅਦਾਰਿਆਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਰਾਜ ਭਰ ਦੇ ਸਰਕਾਰੀ/ਪ੍ਰਾਈਵੇਟ ਦਫ਼ਤਰਾਂ ਅਤੇ ਸਨਅਤਾਂ ’ਚ ਸਟਾਫ ਲਈ ਟੀਕਾਕਰਨ ਲਾਜ਼ਮੀ ਕਰ ਦਿੱਤਾ ਗਿਆ ਹੈ। ਹਦਾਇਤਾਂ ਅਨੁਸਾਰ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਵਿਚ ‘ਨੋ ਮਾਸਕ, ਨੋ ਸਰਵਿਸ’ ਦਾ ਫ਼ਾਰਮੂਲਾ ਲਾਗੂ ਕੀਤਾ ਗਿਆ ਹੈ। ਜਨਤਕ ਥਾਵਾਂ ’ਤੇ ਵੀ ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਨੂੰ ਜ਼ਰੂਰੀ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਸਿਨੇਮਾ ਘਰਾਂ, ਮਲਟੀਪਲੈਕਸ, ਬਾਰ, ਮੌਲਜ਼, ਸਪਾ, ਰੈਸਟੋਰੈਂਟ, ਮਿਊਜ਼ੀਅਮ ਅਤੇ ਚਿੜੀਆ ਘਰ ਵੀ 50 ਫੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਹਦਾਇਤ ਕੀਤੀ ਗਈ ਹੈ ਅਤੇ ਸਬੰਧਤ ਸਟਾਫ ਦਾ ਟੀਕਾਕਰਨ ਜ਼ਰੂਰੀ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਪੋਰਟਸ ਕੰਪਲੈਕਸ, ਸਟੇਡੀਅਮ, ਸਵਿਮਿੰਗ ਪੂਲ ਅਤੇ ਜਿੰਮ ਵੀ 15 ਜਨਵਰੀ ਤੱਕ ਬੰਦ ਕਰ ਦਿੱਤੇ ਹਨ। ਏ.ਸੀ. ਬੱਸਾਂ ਵੀ 50 ਫੀਸਦੀ ਯਾਤਰੀਆਂ ਨਾਲ ਹੀ ਚੱਲ ਸਕਣਗੀਆਂ। ਸੂਬੇ ’ਚ ਕਰੋਨਾ ਦੇ ਇੱਕ ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਕੱਲੇ ਪਟਿਆਲਾ ਤੇ ਪਠਾਨਕੋਟ ਜ਼ਿਲ੍ਹੇ ’ਚ ਕੋਵਿਡ ਕੇਸਾਂ ਦੀ ਗਿਣਤੀ ਬਾਕੀ ਪੰਜਾਬ ਦੇ ਮੁਕਾਬਲੇ ਪੰਜਾਹ ਫੀਸਦੀ ਹੈ। ਸਿਹਤ ਮੰਤਰੀ ਓ.ਪੀ.ਸੋਨੀ ਨੇ ਬੀਤੇ ਦਿਨੀਂ ਹੀ ਪੰਜਾਬ ਵਿਚ 15 ਤੋਂ 18 ਸਾਲ ਦੇ ਬੱਚਿਆਂ ਦੇ ਟੀਕਾਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ।
ਪ੍ਰਾਈਵੇਟ ਸਕੂਲਾਂ ਦੀ ਐਸੋਸੀਏਸ਼ਨ ਰਾਸਾ ਦੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਮਾਨ (ਬਠਿੰਡਾ) ਨੇ ਕਿਹਾ ਕਿ ਸਰਕਾਰ ਨੇ ਬਿਨਾਂ ਅਗਾਊਂ ਨੋਟਿਸ ਦੇ ਇਹ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਖੁੱਲ੍ਹੇ ਹਨ ਅਤੇ ਸਿਆਸੀ ਰੈਲੀਆਂ ਵੀ ਹੋ ਰਹੀਆਂ ਹਨ ਤਾਂ ਫਿਰ ਅਚਾਨਕ ਸਕੂਲ ਬੰਦ ਕਰਨ ਦੀ ਕੀ ਤੁੱਕ ਹੈ। ਇਸੇ ਦੌਰਾਨ ਸਕੂਲ ਸਿੱਖਿਆ ਵਿਭਾਗ ਨੇ ਪੰਜਾਬ ਦੇ ਸਰਕਾਰੀ/ਸਹਾਇਤਾ ਪ੍ਰਾਪਤ/ ਪ੍ਰਾਈਵੇਟ/ਅਨਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਨੂੰ 15 ਜਨਵਰੀ ਤੱਕ ਬੰਦ ਕਰ ਦਿੱਤਾ ਹੈ।


Share