ਕਰੋਨਾ ਕਾਰਨ ਕੈਨੇਡਾ-ਅਮਰੀਕਾ ਵੱਲੋਂ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ’ਚ 21 ਫਰਵਰੀ ਤੱਕ ਵਾਧਾ

145
Share

ਵਿਨੀਪੈਗ, 25 ਜਨਵਰੀ (ਪੰਜਾਬ ਮੇਲ)- ਕੋਰੋਨਾ ਮਹਾਂਮਾਰੀ ਦੇ ਪਸਾਰ ਨੂੰ ਘੱਟ ਕਰਨ ਲਈ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਦੋਵਾਂ ਗੁਆਂਢੀ ਮੁਲਕਾਂ ਵਲੋਂ ਹੋ ਰਹੀਆਂ ਨਿਰੰਤਰ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਇਕ ਵਾਰ ਫਿਰ ਤੋਂ ਅਮਰੀਕਾ ਰਾਹੀਂ ਦੇਸ਼ ਅੰਦਰ ਦਾਖ਼ਲ ਹੋਣ ਵਾਲੇ ਗ਼ੈਰ-ਜ਼ਰੂਰੀ ਅੰਤਰਰਾਸ਼ਟਰੀ ਯਾਤਰੀਆਂ ਲਈ ਯਾਤਰਾ ਪਾਬੰਦੀਆਂ ’ਚ 21 ਫਰਵਰੀ ਤੱਕ ਵਾਧਾ ਕੀਤਾ ਗਿਆ ਹੈ। ਕੈਨੇਡਾ-ਅਮਰੀਕਾ ਸਰਹੱਦ ਪਿਛਲੇ ਸਾਲ ਮਾਰਚ ਮਹੀਨੇ ਤੋਂ ਹੀ ਗ਼ੈਰ-ਜ਼ਰੂਰੀ ਯਾਤਰਾ ਲਈ ਬੰਦ ਕਰ ਦਿੱਤੀ ਗਈ ਸੀ ਅਤੇ ਇਹ 10ਵਾਂ ਮੌਕਾ ਹੈ, ਜਦੋਂ ਵਾਸ਼ਿੰਗਟਨ ਅਤੇ ਓਟਾਵਾ ਵਲੋਂ ਇਸ ਸਾਂਝੇ ਫ਼ੈਸਲੇ ’ਚ ਵਾਧਾ ਕੀਤਾ ਗਿਆ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਇਤਿਹਾਸ ਦੀ ਇਹ ਲੰਬੀ ਸਰਹੱਦ-ਬੰਦੀ ਹੋ ਗਈ ਹੈ। ਕੈਨੇਡੀਅਨ ਨਾਗਰਿਕ ਅਤੇ ਵਸਨੀਕ ਹਾਲਾਂਕਿ ਕੈਨੇਡਾ ਵਾਪਸ ਆ ਸਕਦੇ ਹਨ ਅਤੇ ਉਨ੍ਹਾਂ ਦੇ ਤੁਰੰਤ ਪਰਿਵਾਰਕ ਮੈਂਬਰਾਂ ਨੂੰ ਵੀ ਯਾਤਰਾ ਪਾਬੰਦੀਆਂ ਤੋਂ ਛੋਟਾਂ ਦਿੱਤੀਆਂ ਗਈਆਂ ਹਨ। ਕੈਨੇਡਾ ਸਰਕਾਰ ਵਲੋਂ 7 ਜਨਵਰੀ, 2021 ਤੋਂ ਕੈਨੇਡਾ ਆਉਣ ਵਾਲੇ ਯਾਤਰੀ ਜਿਨ੍ਹਾਂ ਦੀ ਉਮਰ ਪੰਜ ਸਾਲ ਜਾਂ ਇਸ ਤੋਂ ਵੱਧ ਹੈ, ਨੂੰ ਯਾਤਰਾ ਕਰਨ ਤੋਂ ਪਹਿਲਾਂ 72 ਘੰਟਿਆਂ ਦੇ ਅੰਦਰ-ਅੰਦਰ ਕੀਤੀ ਗਈ ਇਕ ਨਕਾਰਾਤਮਕ ਕੋਵਿਡ-19 ਟੈਸਟ ਦੀ ਰਿਪੋਰਟ ਪੋਲੀਮੇਰੇਸ ਚੇਨ ਰੀਐਕਸ਼ਨ (ਪੀ.ਸੀ.ਆਰ.) ਦਾ ਪ੍ਰਮਾਣ ਪ੍ਰਦਾਨ ਕਰਨਾ ਵੀ ਲਾਜ਼ਮੀ ਕੀਤਾ ਹੋਇਆ ਹੈ। ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ ਕੈਨੇਡੀਅਨ ਹਵਾਈ ਸਰਹੱਦੀ ਸੇਵਾਵਾਂ ਦੇ ਅਧਿਕਾਰੀਆਂ ਨੂੰ ਆਪਣੀ ਜਾਇਦਾਦ ਭੇਜਣ ਲਈ ਸਰਹੱਦ ’ਤੇ ਕੋੋਰੋਨਾਵਾਇਰਸ ਉਪਾਵਾਂ ਦੀ ਪਾਲਣਾ ਕਰਨ ਬਾਰੇ ‘ਅਰਾਈਵਕੈਨ ਐਪ’ ਦੀ ਵਰਤੋਂ ਕਰਨੀ ਵੀ ਲਾਜ਼ਮੀ ਹੈ, ਤਾਂ ਜੋ ਯਾਤਰੀਆਂ ਦੁਆਰਾ ਰੋਜ਼ਾਨਾ ਸਵੈ-ਮੁਲਾਂਕਣ ਕਰਨ ਅਤੇ ਸੰਪਰਕ ਟ੍ਰੇਸਿੰਗ ਦੀ ਜਾਣਕਾਰੀ ਨੂੰ ਸੂਬਿਆਂ ਅਤੇ ਪ੍ਰਦੇਸ਼ਾਂ ਦੇ ਸਬੰਧਿਤ ਅਧਿਕਾਰੀਆਂ ਨਾਲ ਸਾਂਝਾ ਕੀਤਾ ਜਾ ਸਕੇ।

Share