ਕਰੋਨਾ ਉਤਪਤੀ ਨਾਲ ਜੁੜੀ ਡਬਲਯੂ.ਐੱਚ.ਓ. ਦੀ ਜਾਂਚ ਚੀਨ ਵੱਲੋਂ ਖਾਰਜ

656
Share

ਬੀਜਿੰਗ, 14 ਅਗਸਤ (ਪੰਜਾਬ ਮੇਲ)-ਕੋਰੋਨਾ ਦੀ ਉਤਪਤੀ ਨਾਲ ਜੁੜੀ ਅਗਲੇ ਦੌਰ ਦੀ ਜਾਂਚ ਨੂੰ ਚੀਨ ਨੇ ਖਾਰਿਜ ਕਰ ਦਿੱਤਾ ਹੈ। ਚੀਨ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਵੱਲੋਂ ਦੂਜੇ ਪੜ੍ਹਾਅ ਦੀ ਜਾਂਚ ਦਾ ਫੈਸਲਾ ਤਰਕਸੰਗਤ ਨਹੀਂ ਹੈ। ਹਾਲਾਂਕਿ ਲੈਬ ਤੋਂ ਵਾਇਰਸ ਲੀਕ ਹੋਣ ਨੂੰ ਲੈ ਕੇ ਚੀਨ ਚਾਰੇ ਪਾਸਿਓਂ ਘਿਰਦਾ ਨਜ਼ਰ ਆ ਰਿਹਾ ਹੈ।
ਡਬਲਯੂ.ਐੱਚ.ਓ. ਵੱਲੋਂ ਵਾਇਰਸ ਦੀ ਸ਼ੁਰੂਆਤ ਨਾਲ ਜੁੜੀ ਟੀਮ ’ਚ ਸ਼ਾਮਲ ਚੀਨ ਦੇ ਵਿਗਿਆਨੀ ਪ੍ਰੋ. ਲਿਆਂਗ ਵਾਨੀਅਨ ਦਾ ਕਹਿਣਾ ਹੈ ਕਿ ਅਗਲੇ ਪੜ੍ਹਾਅ ਦੀ ਜਾਂਚ ’ਚ ਉਨ੍ਹਾਂ ਸਾਰੇ ਦੇਸ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ, ਜਿੱਥੇ ਚਮਗਾਦੜ ਅਤੇ ਪੈਂਗੋਲਿਨਸ ਰਹਿੰਦੇ ਹਨ।
ਇਸ ਤੋਂ ਇਲਾਵਾ ਕੋਲਡ ਚੇਨ ਰਾਹੀਂ ਵੁਹਾਨ ’ਚ ਇਸ ਦੀ ਸਪਲਾਈ ਕਰਨ ਵਾਲਿਆਂ ਨੂੰ ਵੀ ਜਾਂਚ ਦੇ ਦਾਇਰੇ ’ਚ ਸ਼ਾਮਲ ਕਰਨਾ ਚਾਹੀਦਾ। ਚੀਨ ਦੇ ਸਿਹਤ ਵਿਭਾਗ ਦੇ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਲੈਬ ਤੋਂ ਵਾਇਰਸ ਦੇ ਲੀਕ ਹੋ ਦੀ ਥਿਊਰੀ ਦੇ ਆਧਾਰ ’ਤੇ ਦੁਬਾਰਾ ਜਾਂਚ ਸਵੀਕਾਰ ਨਹੀਂ ਹੈ ਅਤੇ ਉਚਿਤ ਵੀ ਨਹੀਂ ਹੈ।
ਚੀਨ ਨੇ ਇਹ ਗੱਲ ਉਸ ਵੇਲੇ ਕਹੀ ਹੈ, ਜਦ ਡਬਲਯੂ.ਐੱਚ.ਓ. ਨੇ ਕਿਹਾ ਕਿ ਉਹ ਵਾਇਰਸ ਦੀ ਉਤਪਤੀ ਕਿਥੋਂ ਹੋਈ ਇਸ ਦੀ ਜੜ੍ਹ ਤੱਕ ਜਾਣ ਲਈ ਦੂਜੇ ਪੜ੍ਹਾਅ ਦੀ ਜਾਂਚ ਕਰੇਗਾ। ਡਬਲਯੂ.ਐੱਚ.ਓ. ਨੇ ਇਹ ਵੀ ਉਮੀਦ ਜਤਾਈ ਹੈ ਕਿ ਚੀਨ ਸਮੇਤ ਦੁਨੀਆਂ ਦੇ ਸਾਰੇ ਦੇਸ਼ ਇਸ ਵਿਚ ਸਹਿਯੋਗ ਕਰਨਗੇ।

Share