ਕਰੋਨਾ ਆਫਤ: ਅਮਰੀਕਾ ‘ਚ ਦਰਿਆਦਿਲੀ, ਭਾਰਤ ਸਰਕਾਰ ਨੇ ਹੱਥ ਘੁੱਟਿਆ

789
Share

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ : 916-320-9444
ਕੋਰੋਨਾਵਾਇਰਸ ਦੀ ਆਫਤ ਨਾਲ ਇਸ ਵੇਲੇ ਦੁਨੀਆਂ ਭਰ ਵਿਚ ਹਰ ਪਾਸੇ ਕੁਰਲਾਹਟ ਮਚੀ ਹੋਈ ਹੈ। ਲਾਗ ਦੀ ਇਸ ਬਿਮਾਰੀ ਦਾ ਕੋਈ ਡਾਕਟਰ ਇਲਾਜ ਨਾਲ ਹੋਣ ਕਾਰਨ ਹਾਲੇ ਤੱਕ ਕਿਸੇ ਵੀ ਖੇਤਰ ਵਿਚ ਨਾ ਤਾਂ ਪੀੜਤਾਂ ਦੀ ਗਿਣਤੀ ਹੀ ਮੁੱਕ ਰਹੀ ਹੈ ਅਤੇ ਨਾ ਹੀ ਮੌਤਾਂ ਦੀ ਗਿਣਤੀ ਵਿਚ ਵੱਡੀ ਕਮੀ ਆ ਰਹੀ ਹੈ। ਉੱਤੋਂ ਵੱਡੀ ਗੱਲ ਇਹ ਹੈ ਕਿ ਬਿਮਾਰੀ ਨੂੰ ਰੋਕਣ ਲਈ ਪੂਰੇ ਵਿਸ਼ਵ ਵਿਚ ਸਨਅਤੀ ਅਦਾਰੇ, ਕਾਰੋਬਾਰ ਅਤੇ ਹੋਰ ਵਪਾਰਕ ਤੇ ਸਮਾਜਿਕ ਸਰਗਰਮੀਆਂ ਪੂਰੀ ਤਰ੍ਹਾਂ ਠੱਪ ਹਨ। ਇਸ ਨਾਲ ਵੱਖ-ਵੱਖ ਦੇਸ਼ਾਂ ਵਿਚ ਲੋਕਾਂ ਦੇ ਹੱਥੋਂ ਰੁਜ਼ਗਾਰ ਖੁੱਸ ਗਿਆ ਹੈ, ਕਾਰੋਬਾਰੀਆਂ ਦੀ ਆਮਦਨ ਖਤਮ ਹੋ ਗਈ ਹੈ, ਸਨੱਅਤਾਂ ਰੁੱਕਣ ਕਾਰਨ ਮਾਲਕਾਂ ਨੂੰ ਵੱਡੇ ਘਾਟੇ ਪੈ ਰਹੇ ਹਨ ਅਤੇ ਮਜ਼ਦੂਰ ਬੇਰੁਜ਼ਗਾਰ ਹੋ ਰਹੇ ਹਨ। ਅਜਿਹੇ ਔਖੇ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਆਫਤ ਦੇ ਮੂੰਹ ਆਏ ਲੋਕਾਂ ਨੂੰ ਵੱਡੀ ਮਦਦ ਦਿੱਤੀ ਜਾ ਰਹੀ ਹੈ। ਚੰਗੀ ਗੱਲ ਇਹ ਹੈ ਕਿ ਅਮਰੀਕਾ ਦੀਆਂ ਦੋਵੇਂ ਪ੍ਰਮੁੱਖ ਪਾਰਟੀਆਂ ਡੈਮੋਕ੍ਰੇਟ ਤੇ ਰਿਪਬਲੀਕਨ ਰਲ਼ ਕੇ ਪੂਰੀ ਸ਼ਿੱਦਤ ਨਾਲ ਆਫਤ ਮੂੰਹ ਆਏ ਲੋਕਾਂ ਦੀ ਮਦਦ ਵਿਚ ਲੱਗੇ ਹੋਏ ਹਨ। ਅਮਰੀਕੀ ਪ੍ਰਸ਼ਾਸਨ ਨੇ ਸ਼ੁਰੂਆਤੀ ਦਿਨਾਂ ਵਿਚ ਹੀ ਹਰੇਕ ਵਿਅਕਤੀ ਨੂੰ 1200 ਡਾਲਰ ਉਨ੍ਹਾਂ ਦੇ ਖਾਤਿਆਂ ਵਿਚ ਪਾ ਦਿੱਤਾ ਸੀ। ਜਦਕਿ ਹਰੇਕ ਬੱਚੇ ਲਈ 500 ਡਾਲਰ ਦੀ ਮਦਦ ਵੱਖਰੀ ਦਿੱਤੀ ਗਈ। ਇਸ ਤੋਂ ਇਲਾਵਾ ਮਕਾਨਾਂ ਅਤੇ ਦੁਕਾਨਾਂ ਦੇ 3 ਮਹੀਨੇ ਦੇ ਕਿਰਾਏ ਦੇਣ ਦੀ ਜ਼ਿੰਮੇਵਾਰੀ ਵੀ ਅਮਰੀਕੀ ਪ੍ਰਸ਼ਾਸਨ ਨੇ ਚੁੱਕ ਲਈ। ਛੋਟੇ ਤੇ ਦਰਮਿਆਨੇ ਕਾਰੋਬਾਰੀਆਂ ਲਈ ਬਹੁਤ ਹੀ ਸਸਤੇ ਦਰ ਉੱਤੇ ਕਰਜ਼ੇ ਜਾਰੀ ਕੀਤੇ ਗਏ ਹਨ। ਇਸੇ ਤਰ੍ਹਾਂ ਹਰ ਵਰਗ ਦੇ ਲੋਕਾਂ ਨੂੰ ਕਰਜ਼ਿਆਂ ਅਤੇ ਵਿਆਜ ਦੇ ਭੁਗਤਾਨ ਵਿਚ ਛੋਟਾਂ ਦਿੱਤੀਆਂ ਗਈਆਂ ਹਨ। ਬੇਰੁਜ਼ਗਾਰ ਹੋਏ ਕਰੋੜਾਂ ਲੋਕਾਂ ਲਈ ਰੁਜ਼ਗਾਰ ਭੱਤੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਗੱਲ ਕੀ ਅਮਰੀਕੀ ਸਰਕਾਰ ਨੇ ਇਸ ਆਫਤ ਮੌਕੇ ਆਪਣੇ ਹਰ ਨਾਗਰਿਕ ਦੀ ਬਾਂਹ ਫੜਨ ਅਤੇ ਉਸ ਦੀ ਜ਼ਿੰਦਗੀਆਂ ਦੀਆਂ ਲੋੜਾਂ ਪੂਰੀਆਂ ਕਰਨ ‘ਚ ਸਰਗਰਮ ਮਦਦ ਕੀਤੀ ਹੈ। ਇਸੇ ਤਰ੍ਹਾਂ ਕੈਨੇਡਾ, ਬਰਤਾਨੀਆ ਤੇ ਯੂਰਪ ਦੇ ਬਹੁਤ ਸਾਰੇ ਮੁਲਕਾਂ ‘ਚ ਵੀ ਸਰਕਾਰਾਂ ਨੇ ਲੋਕਾਂ ਨੂੰ ਇਸੇ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਹਨ। ਕੈਨੇਡਾ ਵਿਚ ਤਾਂ ਪੜ੍ਹਨ ਆਏ ਵਿਦੇਸ਼ੀ ਵਿਦਿਆਰਥੀਆਂ ਨੂੰ ਵੀ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।
ਪਰ ਦੂਜੇ ਪਾਸੇ ਦੇਖਿਆ ਜਾਵੇ, ਤਾਂ ਦੁਨੀਆਂ ਵਿਚ ਸ਼ਾਇਦ ਭਾਰਤ ਇਕ ਅਜਿਹਾ ਦੇਸ਼ ਹੈ, ਜਿੱਥੋਂ ਦੇ ਪ੍ਰਧਾਨ ਮੰਤਰੀ ਨੇ ਵੱਡੇ-ਵੱਡੇ ਸਨੱਅਤਕਾਰਾਂ, ਫਿਲਮੀ ਕਲਾਕਾਰਾਂ ਤੇ ਹੋਰ ਧਨਾਢ ਲੋਕਾਂ ਕੋਲੋਂ ਵੱਡੀਆਂ ਰਕਮਾਂ ਦਾਨ ਵਜੋਂ ਲਈਆਂ ਹਨ ਅਤੇ ਪ੍ਰਧਾਨ ਮੰਤਰੀ ਨੇ ਰਾਹਤ ਫੰਡ ਕਾਇਮ ਕੀਤਾ ਹੋਇਆ ਹੈ। ਪਰ ਭਾਰਤ ਵਿਚ ਆਫਤ ਮੂੰਹ ਆਏ ਲੋਕਾਂ ਅਤੇ ਲੌਕਡਾਊਨ ਦਾ ਸ਼ਿਕਾਰ ਹੋਏ ਕਾਰੋਬਾਰੀਆਂ ਨੂੰ ਮਦਦ ਦੇਣ ਦੀ ਬਜਾਏ ਗੱਲੀਂਬਾਤੀਂ ਹੀ ਸਾਰਿਆ ਗਿਆ ਹੈ। ਕੁੱਝ ਦਿਨ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਮੌਕੇ 20 ਲੱਖ ਕਰੋੜ ਰੁਪਏ ਦਾ ਰਾਹਤ ਕਾਰਜ ਐਲਾਨ ਕੇ ਕੁੱਲ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਸੀ। ਪਰ ਬਾਅਦ ਵਿਚ ਜਦ ਭਾਰਤ ਦੀ ਵਿੱਤ ਮੰਤਰੀ ਸੀਤਾਰਮਨ ਨੇ ਰਾਹਤ ਪੈਕੇਜ ਦੀ ਜਾਣਕਾਰੀ ਦਿੱਤੀ, ਤਾਂ ਗੱਲ ਕੁੱਝ ਹੋਰ ਹੀ ਨਿਕਲੀ। 20 ਲੱਖ ਕਰੋੜ ਦੇ ਇਸ ਰਾਹਤ ਪੈਕੇਜ ਵਿਚ ਨਾ ਤਾਂ ਗੈਰ ਸੰਗਠਿਤ ਖੇਤਰ ਦੇ 40 ਕਰੋੜ ਮਜ਼ਦੂਰਾਂ ਲਈ ਕਿਸੇ ਰਾਹਤ ਦਾ ਐਲਾਨ ਕੀਤਾ ਗਿਆ ਹੈ ਅਤੇ ਨਾ ਹੀ ਲੌਕਡਾਊਨ ਕਾਰਨ ਉਜਾੜੇ ਦੇ ਰਾਹ ਪਏ ਪ੍ਰਵਾਸੀ ਮਜ਼ਦੂਰਾਂ ਦੀ ਤ੍ਰਾਸਦੀ ਨੂੰ ਘੱਟ ਕਰਨ ਲਈ ਕੋਈ ਬੰਦੋਬਸਤ ਕੀਤਾ ਗਿਆ ਹੈ। ਨਾ ਲੌਕਡਾਊਨ ਕਾਰਨ ਘਾਟੇ ‘ਚ ਗਏ ਛੋਟੇ ਤੇ ਦਰਮਿਆਨੇ ਕਾਰੋਬਾਰੀਆਂ ਲਈ ਕੋਈ ਰਾਹਤ ਦੇਣ ਦੀ ਗੱਲ ਕੀਤੀ ਹੈ। ਅਤੇ ਨਾ ਹੀ ਕਰੋੜਾਂ ਦੀ ਗਿਣਤੀ ਵਿਚ ਬੇਰੁਜ਼ਗਾਰ ਹੋ ਗਏ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਿੱਧੀ ਮਦਦ ਦਾ ਐਲਾਨ ਕੀਤਾ ਗਿਆ ਹੈ। 20 ਲੱਖ ਕਰੋੜ ਦੇ ਇਸ ਪੈਕੇਜ ਦਾ ਜੇ ਚੀਰ-ਫਾੜ ਕਰਕੇ ਦੇਖਿਆ ਜਾਵੇ, ਤਾਂ ਘੱਟੋ-ਘੱਟ 11-12 ਲੱਖ ਕਰੋੜ ਰੁਪਏ ਤਾਂ ਬੈਂਕਾਂ ਵੱਲੋਂ ਲੋਕਾਂ ਨੂੰ ਦਿੱਤੇ ਜਾਣ ਵਾਲੇ ਕਰਜ਼ੇ ਹਨ। ਇਹ ਕਰਜ਼ੇ ਦੇਣ ਵਿਚ ਨਾ ਤਾਂ ਵਿਆਜ ਦਰਾਂ ਵਿਚ ਹੀ ਕੋਈ ਕਮੀ ਕੀਤੀ ਹੈ ਅਤੇ ਨਾ ਹੀ ਹੋਰ ਕੋਈ ਸੌਖ ਦਿੱਤੀ ਗਈ ਹੈ। 1.70 ਲੱਖ ਕਰੋੜ ਰੁਪਏ ਦੀ ਰਾਹਤ ਦੋ ਮਹੀਨੇ ਪਹਿਲਾਂ ਦਿੱਤੀ ਗਈ ਸੀ, ਉਹ ਵੀ ਇਸੇ ਪੈਕੇਜ ਵਿਚ ਸ਼ਾਮਲ ਕਰ ਲਈ ਗਈ ਹੈ। ਬਹੁਤ ਸਾਰੇ ਹੋਰ ਮੁੱਦੇ ਅਜਿਹੇ ਹਨ, ਜਿਹੜੇ ਪਿਛਲੇ ਬਜਟ ਵਿਚ ਐਲਾਨੇ ਗਏ ਸਨ, ਪੇਂਡੂ ਮਜ਼ਦੂਰਾਂ ਨੂੰ ਗਾਰੰਟੀ ਦੇਣ ਵਾਲਾ ਡਾ. ਮਨਮੋਹਨ ਸਿੰਘ ਵੱਲੋਂ ਚਾਲੂ ਕੀਤੇ ਮਨਰੇਗਾ ਪ੍ਰਾਜੈਕਟ ਵਿਚ ਪਿਛਲੇ ਬਜਟ ਦੌਰਾਨ 61 ਹਜ਼ਾਰ ਕਰੋੜ ਰੁਪਏ ਦੀ ਰਕਮ ਰੱਖੀ ਗਈ ਸੀ। ਇਹ ਰਕਮ ਵੀ ਨਵੇਂ ਪੈਕੇਜ ਵਿਚ ਸ਼ਾਮਲ ਕਰ ਲਈ ਗਈ ਹੈ ਅਤੇ ਇਸ ਵਿਚ 40 ਹਜ਼ਾਰ ਕਰੋੜ ਦਾ ਵਾਧਾ ਕਰਕੇ 1 ਲੱਖ ਕਰੋੜ ਰੁਪਏ ਕਰ ਦਿੱਤਾ ਹੈ। ਅਰਥਸ਼ਾਸਤਰੀ ਤੇ ਸਮਾਜ ਵਿਗਿਆਨੀ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਭਾਰਤ ਵਰਗੇ ਬਹੁਗਿਣਤੀ ਗਰੀਬੀ ਵਸੋਂ ਵਾਲੇ ਦੇਸ਼ ਵਿਚ ਮਹਾਂਮਾਰੀ ਮੌਕੇ ਲੋਕਾਂ ਨੂੰ ਕੋਈ ਵੱਡੀ ਰਾਹਤ ਦਿੱਤੇ ਬਿਨਾਂ ਸਿਰਫ ਕਾਗਜ਼ਾਂ ਵਿਚ ਜਮ੍ਹਾਂ-ਘਟਾਉ ਕਰਕੇ ਹੀ ਸਾਰ ਲਿਆ ਗਿਆ ਹੈ।
ਲਗਭਗ ਸਾਰੇ ਹੀ ਵਿਕਸਿਤ ਮੁਲਕਾਂ ‘ਚ ਕੋਰੋਨਾ ਦੇ ਨਾਲ-ਨਾਲ ਸਾਰੀਆਂ ਹੀ ਬਿਮਾਰੀਆਂ ਦੇ ਇਲਾਜ ਵੱਲ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਪਰ ਭਾਰਤ ਇਕ ਅਜਿਹਾ ਦੇਸ਼ ਹੈ, ਜਿੱਥੇ ਹਸਪਤਾਲਾਂ ਵਿਚ ਸਿਰਫ ਕੋਰੋਨਾ ਦਾ ਇਲਾਜ ਹੋ ਰਿਹਾ ਹੈ ਤੇ ਬਾਕੀ ਬਿਮਾਰੀਆਂ ਦੇ ਇਲਾਜ ਲਈ ਬਹੁਤੇ ਹਸਪਤਾਲਾਂ ਦੇ ਬੂਹੇ ਹੀ ਭੇੜ ਦਿੱਤੇ ਗਏ ਹਨ। ਅਮਰੀਕਾ, ਕੈਨੇਡਾ, ਬਰਤਾਨੀਆ ਤੇ ਹੋਰ ਯੂਰਪੀਅਨ ਮੁਲਕਾਂ ‘ਚ ਵੀ ਕੋਰੋਨਾਵਾਇਰਸ ਨੂੰ ਰੋਕਣ ਲਈ ਲੌਕਡਾਊਨ ਲਾਗੂ ਕੀਤਾ ਗਿਆ ਹੈ। ਪਰ ਲੌਕਡਾਊਨ ਦੇ ਬਾਵਜੂਦ ਇਨ੍ਹਾਂ ਦੇਸ਼ਾਂ ਵਿਚ ਆਰਥਿਕ ਤੇ ਵਪਾਰਕ ਸਰਗਰਮੀ ਫਿਰ ਵੀ ਵੱਡੇ ਪੱਧਰ ‘ਤੇ ਚੱਲਦੀ ਰਹੀ ਹੈ। ਅਮਰੀਕਾ ਵਿਚ ਨਿਊਯਾਰਕ, ਨਿਊਜਰਸੀ ਤੇ ਵਾਸ਼ਿੰਗਟਨ ਨੂੰ ਛੱਡ ਕੇ ਬਾਕੀ ਰਾਜਾਂ ‘ਚ ਆਰਥਿਕ ਗਤੀਵਿਧੀਆਂ ਵੱਡੇ ਪੱਧਰ ‘ਤੇ ਚੱਲਦੀ ਰਹੀਆਂ ਹਨ। ਹਾਲਾਂਕਿ ਇਸ ਗੱਲ ਨੂੰ ਲੈ ਕੇ ਕਈ ਪਾਸਿਆਂ ਤੋਂ ਆਲੋਚਨਾ ਵੀ ਹੁੰਦੀ ਰਹੀ ਹੈ। ਪਰ ਹਿੰਦੋਸਤਾਨ ‘ਚ ਸ਼ੁਰੂ ਤੋਂ ਹੀ ਇੰਨੀ ਸਖਤੀ ਨਾਲ ਲੌਕਡਾਊਨ ਲਾਗੂ ਕੀਤਾ ਗਿਆ ਕਿ ਹਰ ਤਰ੍ਹਾਂ ਦੀ ਆਰਥਿਕ, ਵਪਾਰਕ ਸਰਗਰਮੀ ਅਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਕਰਕੇ ਰੱਖ ਦਿੱਤੀ ਗਈ। ਇਸ ਨਾਲ ਭਾਰਤ ਦਾ ਆਰਥਿਕ ਤੇ ਵਪਾਰਕ ਤੌਰ ‘ਤੇ ਵੱਡਾ ਨੁਕਸਾਨ ਹੋਇਆ ਹੈ। ਆਖਰ ਭਾਰਤ ਨੂੰ ਵੀ ਹੁਣ ਕੋਰੋਨਾ ਆਫਤ ਦੇ ਚੱਲਦਿਆਂ ਹੀ ਲੌਕਡਾਊਨ ਢਿੱਲਾ ਕਰਨਾ ਪਿਆ ਹੈ। ਭਾਰਤ ‘ਚ ਇਸ ਵੇਲੇ ਵੀ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਮੌਤਾਂ ਵਿਚ ਵੀ ਵਾਧਾ ਹੋ ਰਿਹਾ ਹੈ। ਪਰ ਇਸ ਦੇ ਬਾਵਜੂਦ ਸਾਰਾ ਦੇਸ਼ ਵਪਾਰਕ, ਸਨੱਅਤੀ ਕਾਰੋਬਾਰ ਲਈ ਖੋਲ੍ਹ ਦਿੱਤਾ ਗਿਆ ਹੈ ਅਤੇ ਆਵਾਜਾਈ ਵੀ ਵੱਡੇ ਪੱਧਰ ‘ਤੇ ਚਾਲੂ ਕਰ ਦਿੱਤੀ ਗਈ ਹੈ। ਭਾਰਤ ਨੇ ਵੀ ਹੁਣ ਕਰੋਨਾ ਦੇ ਨਾਲ-ਨਾਲ ਜਿਊਣ ਦਾ ਫਾਰਮੂਲਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਬੜੀ ਅਜੀਬ ਗੱਲ ਹੈ ਕਿ ਭਾਰਤ ਇਸ ਵੇਲੇ ਬੜੀ ਵੱਡੀ ਮਨੁੱਖੀ ਤ੍ਰਾਸਦੀ ਵਿਚੋਂ ਲੰਘ ਰਿਹਾ ਹੈ। ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਕਰੋੜਾਂ ਲੋਕ ਗੁਆਂਢੀ ਜਾਂ ਦੂਰ-ਦੁਰਾਡੇ ਦੇ ਸੂਬਿਆਂ ਵਿਚ ਮਜ਼ਦੂਰੀ ਕਰਨ ਗਏ ਹੋਏ ਹਨ। ਲੌਕਡਾਊਨ ਕਾਰਨ ਦੋ ਮਹੀਨੇ ਸਨੱਅਤਾਂ ਅਤੇ ਕਾਰੋਬਾਰਾਂ ਦੇ ਬੰਦ ਹੋਣ ਕਾਰਨ ਉਨ੍ਹਾਂ ਦੇ ਰੁਜ਼ਗਾਰ ਖੁੱਸ ਗਏ। ਅਜਿਹੇ ਪ੍ਰਵਾਸੀ ਮਜ਼ਦੂਰਾਂ ਨੂੰ ਨਾ ਕਿੱਧਰੇ ਰਹਿਣ ਲਈ ਜਗ੍ਹਾ ਮਿਲੀ ਅਤੇ ਨਾ ਹੀ ਖਾਣ-ਪੀਣ ਦੇ ਕੋਈ ਸੋਮੇ ਰਹੇ। ਉਪਰੋਂ ਲੌਕਡਾਊਨ ਦੀ ਸਖ਼ਤੀ ਅਤੇ ਬਿਮਾਰੀ ਕਾਰਨ ਮੌਤ ਦੇ ਭੈਅ ਨੇ ਅਜਿਹੇ ਕਰੋੜਾਂ ਪ੍ਰਵਾਸੀ ਮਜ਼ਦੂਰਾਂ ਅੰਦਰ ਆਪਣੇ ਘਰਾਂ ਨੂੰ ਪਰਤਣ ਦਾ ਉਦਰੇਵਾਂ ਅਤੇ ਕਾਹਲ ਪੈਦਾ ਕਰ ਦਿੱਤੀ। ਪਰ ਭਾਰਤ ਸਰਕਾਰ ਨੇ ਇਨ੍ਹਾਂ ਮਜ਼ਦੂਰਾਂ ਨੂੰ ਆਪਣੇ ਘਰੀਂ ਭੇਜਣ ਅਤੇ ਉਨ੍ਹਾਂ ਦੇ ਖਾਣ-ਪੀਣ ਦਾ ਪ੍ਰਬੰਧ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ। ਹਾਲਤ ਅਜਿਹੀ ਬਣ ਗਈ ਕਿ ਘਰਾਂ ਵਿਚ ਬੰਦ ਕੀਤੇ ਲੱਖਾਂ ਮਜ਼ਦੂਰ ਬਾਹਰ ਆ ਨਿਕਲੇ ਅਤੇ ਸੈਂਕੜੇ ਹੀ ਪੈਦਲ ਚੱਲ ਕੇ ਘਰਾਂ ਨੂੰ ਜਾਣ ਲਈ ਤੁਰ ਪਏ। ਸੈਂਕੜੇ ਮੀਲ ਪੈਦਲ ਚੱਲ ਕੇ ਘਰਾਂ ਨੂੰ ਜਾਣ ਵਾਲੇ ਪ੍ਰਵਾਸੀ ਮਜ਼ਦੂਰਾਂ ਵਿਚ ਛੋਟੇ ਬੱਚੇ, ਔਰਤਾਂ ਤੇ ਬਜ਼ੁਰਗਾਂ ਦੀ ਗਿਣਤੀ ਵੀ ਘੱਟ ਨਹੀਂ ਹੈ। ਭੁੱਖੇ-ਭਾਣੇ ਤੇ ਪੁਲਿਸ ਦੀ ਮਾਰ-ਕੁੱਟ ਤੇ ਸਖਤੀ ਝੱਲਦੇ ਅਜਿਹੇ ਦਰਜਨਾਂ ਮਜ਼ਦੂਰ ਪਰਿਵਾਰ ਸੜਕ ਹਾਦਸਿਆਂ ਵਿਚ ਆਪਣੀ ਜਾਨ ਵੀ ਗਵਾ ਬੈਠੇ ਹਨ। ਪੂਰੇ ਦੋ ਮਹੀਨਿਆਂ ਬਾਅਦ ਭਾਰਤ ਸਰਕਾਰ ਦੀ ਹੁਣ ਜਾਗ ਖੁੱਲ੍ਹੀ ਹੈ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਘਰੋਂ-ਘਰੀਂ ਭੇਜਣ ਲਈ ਰੇਲਗੱਡੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਹਨ। ਪਰ ਇਹ ਰੇਲਗੱਡੀਆਂ ਦੀ ਗਿਣਤੀ ਬੇਹੱਦ ਥੋੜ੍ਹੀ ਹੈ। ਇਸੇ ਕਰਕੇ ਹਰ ਰੋਜ਼ ਹਜ਼ਾਰਾਂ ਮਜ਼ਦੂਰ ਪੈਦਲ ਚੱਲ ਕੇ ਰੇਲਵੇ ਸਟੇਸ਼ਨਾਂ ਤੱਕ ਜਾਂਦੇ ਹਨ ਤੇ ਫਿਰ ਟਰੇਨਾਂ ਨਾ ਮਿਲਣ ਕਾਰਨ ਨਿਰਾਸ਼ ਹੋ ਕੇ ਮੁੜ ਪਰਤ ਜਾਂਦੇ ਹਨ ਤੇ ਕਈ ਥਾਈਂ ਤਾਂ ਅੱਕੇ ਹੋਏ ਅਜਿਹੇ ਲੋਕਾਂ ਨੇ ਸਰਕਾਰ ਖਿਲਾਫ ਵਿਦਰੋਹੀ ਰੁਖ਼ ਵੀ ਅਪਣਾਇਆ ਹੈ।
ਭਾਰਤ ਵਿਚ ਮਨੁੱਖੀ ਜ਼ਿੰਦਗੀ ਦਾ ਕੋਈ ਮੁੱਲ ਨਹੀਂ। ਭਾਰਤ ਦੀ ਹਕੂਮਤ ਸਿਰਫ ਆਪਣੇ ਤੱਕ ਹੀ ਸੀਮਤ ਹੋ ਕੇ ਚੱਲ ਰਹੀ ਹੈ ਤੇ ਇਸ ਆਫਤ ਵਿਚ ਲੋਕਾਂ ਦੀ ਮਦਦ ਕਰਨ ਵਾਸਤੇ ਅੱਗੇ ਨਹੀਂ ਆਈ। ਭਾਰਤ ਨੂੰ ਵੀ ਵਿਕਸਿਤ ਦੇਸ਼ਾਂ ਦੀਆਂ ਸਰਕਾਰਾਂ ਤੋਂ ਸਿੱਖਣਾ ਚਾਹੀਦਾ ਹੈ ਅਤੇ ਆਫਤ ਮੌਕੇ ਲੋਕਾਂ ਦੀ ਖੁੱਲ੍ਹ ਕੇ ਮਦਦ ਕਰਨੀ ਚਾਹੀਦੀ ਹੈ।


Share