ਕਰੋਨਾਵਾਇਰਸ : ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਰਿਪੋਰਟ ਪਾਜ਼ੇਟਿਵ

675
Share

ਅੰਮ੍ਰਿਤਸਰ, 2 ਅਪ੍ਰੈਲ (ਪੰਜਾਬ ਮੇਲ)- ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਵੀ ਕਰੋਨਾਵਾਇਰਸ ਦੀ ਗ੍ਰਿਫ਼ਤ ਵਿਚ ਆ ਗਏ ਹਨ। ਉਹ ਇਥੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠ ਚੱਲ ਰਹੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਬਣਾਏ ਗਏ ਆਈਸੋਲੇਸ਼ਨ ਵਾਰਡ ’ਚ ਦਾਖ਼ਲ ਹਨ। ਕੋਵਿਡ-19 ਸਬੰਧੀ ਉਨ੍ਹਾਂ ਦੇ ਨਮੂਨੇ ਜਾਂਚ ਵਾਸਤੇ ਭੇਜੇ ਗਏ ਸਨ, ਜੋ ਪਾਜ਼ੇਟਿਵ ਆਏ ਹਨ। ਪ੍ਰਸ਼ਾਸਨ ਨੇ ਉਨ੍ਹਾਂ ਦੇ ਰਿਹਾਇਸ਼ੀ ਇਲਾਕੇ ਨੂੰ ਸੀਲ ਕਰਕੇ ਦਵਾਈ ਦਾ ਛਿੜਕਾਅ ਆਦਿ ਕੀਤਾ ਗਿਆ ਹੈ। ਭਾਈ ਖਾਲਸਾ ਨਾਲ ਸਬੰਧਤ 11 ਵਿਅਕਤੀਆਂ ਨੂੰ ਵੀ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਰੱਖਿਆ ਗਿਆ ਹੈ। ਇਨ੍ਹਾਂ ’ਚ ਦੋ ਧੀਆਂ, ਇਕ ਪੁੱਤਰ, ਪਤਨੀ, ਦੋ ਸੇਵਾਦਾਰ, ਇਕ ਡਰਾਈਵਰ, ਦੋ ਸਾਥੀ, ਚਾਚਾ ਅਤੇ ਚਾਚੀ ਸ਼ਾਮਲ ਹਨ। ਸਾਰਿਆਂ ਦੇ ਸੈਂਪਲ ਕੱਲ ਸਿਹਤ ਵਿਭਾਗ ਵੱਲੋਂ ਜਾਂਚ ਲਈ ਭੇਜੇ ਜਾਣਗੇ। ਇਨ੍ਹਾਂ ਤੋਂ ਇਲਾਵਾ ਪੰਜ ਰਾਗੀ ਸਾਥੀਆਂ ਨੂੰ ਵੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ 7 ਮਾਰਚ ਨੂੰ ਭਾਈ ਨਿਰਮਲ ਸਿੰਘ ਖਾਲਸਾ ਅਮਰੀਕਾ ਤੋਂ ਆਏ ਮਹਿਮਾਨਾਂ ਨੂੰ ਮਿਲੇ ਸਨ। ਉਸ ਸਮੇਂ ਵੀ ਸਿਹਤ ਵਿਭਾਗ ਨੇ ਉਨ੍ਹਾਂ ਦੀ ਜਾਂਚ ਕੀਤੀ ਸੀ ਪਰ ਟੈਸਟ ਨੈਗੇਟਿਵ ਆਏ ਸਨ।
ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਭਾਈ ਨਿਰਮਲ ਸਿੰਘ ਖਾਲਸਾ ਖਾਂਸੀ, ਜ਼ੁਕਾਮ, ਬੁਖਾਰ ਆਦਿ ਦੀ ਸ਼ਿਕਾਇਤ ਮਗਰੋਂ ਇਥੇ ਜਨਰਲ ਵਾਰਡ ਵਿਚ ਦਾਖ਼ਲ ਹੋਏ ਸਨ। ਅਗਲੇ ਦਿਨ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿਚ ਤਬਦੀਲ ਕਰਕੇ ਨਮੂਨੇ ਜਾਂਚ ਵਾਸਤੇ ਭੇਜੇ ਗਏ ਸਨ। ਮਿਲੇ ਵੇਰਵਿਆਂ ਮੁਤਾਬਕ ਉਹ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸਨ। ਉਹ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਵੀ ਇਲਾਜ ਲਈ ਗਏ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਭੇਜ ਦਿੱਤਾ। ਪਿਛਲੇ ਦਿਨੀਂ ਉਨ੍ਹਾਂ 19 ਮਾਰਚ ਨੂੰ ਚੰਡੀਗੜ੍ਹ ਵਿਖੇ ਕੀਰਤਨ ਕੀਤਾ ਸੀ ਜਿਸ ’ਚ 100 ਕੁ ਬੰਦੇ ਸ਼ਾਮਲ ਹੋਏ ਸਨ।


Share