ਕਰੋਨਾਵਾਇਰਸ : ਭਾਰਤ ਵਿਚ ਰਿਕਾਰਡ 28,637 ਕੇਸ ਆਏ ਸਾਹਮਣੇ

674
Share

ਨਵੀਂ ਦਿੱਲੀ, 13 ਜੁਲਾਈ (ਪੰਜਾਬ ਮੇਲ)- ਭਾਰਤ ਵਿਚ ਅੱਜ ਰਿਕਾਰਡ 28,637 ਕਰੋਨਾਵਾਇਰਸ ਦੇ ਕੇਸ ਸਾਹਮਣੇ ਆਏ ਹਨ। ਮੁਲਕ ਦਾ ਕੋਵਿਡ ਕੇਸਾਂ ਦਾ ਅੰਕੜਾ 8,49,553 ਹੋ ਗਿਆ ਹੈ। 24 ਘੰਟਿਆਂ ਵਿਚ 551 ਮੌਤਾਂ ਹੋਈਆਂ ਹਨ ਤੇ ਕੁੱਲ ਗਿਣਤੀ 22,674 ਹੋ ਗਈ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਹੁਣ ਤੱਕ 5,34,620 ਲੋਕ ਸਿਹਤਯਾਬ ਵੀ ਹੋ ਚੁੱਕੇ ਹਨ। ਐਕਟਿਵ ਕੇਸ ਇਸ ਵੇਲੇ 2,92,258 ਹਨ। ਇਸ ਤਰ੍ਹਾਂ ਮੁਲਕ ’ਚ ਰਿਕਵਰੀ ਦਰ 62.93 ਫ਼ੀਸਦ ਹੈ। ਭਾਰਤ ਵਿਚ ਲਗਾਤਾਰ ਤੀਜੇ ਦਿਨ 26 ਹਜ਼ਾਰ ਤੋਂ ਵੱਧ ਕੇਸ ਉਜਾਗਰ ਹੋਏ ਹਨ। ਆਈਸੀਐਮਆਰ ਮੁਤਾਬਕ 1,15,87,153 ਨਮੂਨੇ ਹੁਣ ਤੱਕ ਕੋਵਿਡ ਟੈਸਟ ਲਈ ਲਏ ਜਾ ਚੁੱਕੇ ਹਨ। ਸ਼ਨਿਚਰਵਾਰ ਨੂੰ 2,80,151 ਨਮੂਨੇ ਲਏ ਗਏ ਹਨ। 24 ਘੰਟਿਆਂ ਵਿਚ ਸਭ ਤੋਂ ਵੱਧ 223 ਮੌਤਾਂ ਮਹਾਰਾਸ਼ਟਰ ਵਿਚ ਹੋਈਆਂ ਹਨ, ਕਰਨਾਟਕ ’ਚ 70, ਤਾਮਿਲਨਾਡੂ ਵਿਚ 69, ਦਿੱਲੀ ਵਿਚ 34, ਪੱਛਮੀ ਬੰਗਾਲ ਵਿਚ 26, ਉੱਤਰ ਪ੍ਰਦੇਸ਼ ’ਚ 24 ਮੌਤਾਂ ਹੋਈਆਂ ਹਨ। ਮਹਾਰਾਸ਼ਟਰ ਵਿਚ ਹੁਣ ਤੱਕ ਸਭ ਤੋਂ ਵੱਧ 2,46,600 ਮਾਮਲੇ ਉਜਾਗਰ ਹੋਏ ਹਨ। ਇਸ ਤੋਂ ਬਾਅਦ ਤਾਮਿਲਨਾਡੂ, ਦਿੱਲੀ, ਗੁਜਰਾਤ, ਯੂਪੀ, ਕਰਨਾਟਕ ਤੇ ਤਿਲੰਗਾਨਾ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਹਨ। ਪੱਛਮੀ ਬੰਗਾਲ ਵਿਚ ਵੀ ਕਰੋਨਾਵਾਇਰਸ ਦੇ ਕੇਸ ਵੱਧ ਰਹੇ ਹਨ। ਉੱਤਰ-ਪੂਰਬੀ ਸੂਬਿਆਂ ਵਿਚੋਂ ਅਰੁਣਾਚਲ ’ਚ 341, ਨਾਗਾਲੈਂਡ ਵਿਚ 748, ਮਿਜ਼ੋਰਮ ’ਚ 227, ਮੇਘਾਲਿਆ ਵਿਚ 207 ਤੇ ਸਿੱਕਿਮ ਵਿਚ 151 ਕੋਵਿਡ-19 ਦੇ ਕੇਸ ਹੁਣ ਤੱਕ ਸਾਹਮਣੇ ਆਏ ਹਨ।

‘ਕੋਵਿਡ ਦੇ ਕਣ ਹਵਾ ’ਚ ਘੰਟੇ ਲਈ ਪ੍ਰਭਾਵੀ ਹੋ ਸਕਦੇ ਨੇ’

ਲੰਡਨ: ਵੱਕਾਰੀ ਇੰਪੀਰੀਅਲ ਕਾਲਜ ਲੰਡਨ ’ਚ ਇਨਫ਼ਲੂਐਂਜ਼ਾ ਵਾਇਰੋਲੌਜੀ ਦੀ ਚੇਅਰਮੈਨ ਵੈਂਡੀ ਬਰਕਲੇ ਦਾ ਕਹਿਣਾ ਹੈ ਕਿ ਕਰੋਨਾਵਾਇਰਸ ਦੇ ਕਣ ਹਵਾ ’ਚ ਘੰਟੇ ਤੋਂ ਵੱਧ ਸਮੇਂ ਲਈ ਟਿਕੇ ਰਹਿ ਸਕਦੇ ਹਨ। ਬੀਬੀਸੀ ਨਾਲ ਗੱਲਬਾਤ ਕਰਦਿਆਂ ਬਰਕਲੇ ਨੇ ਕਿਹਾ ‘ਵਿਸ਼ਵ ਸਿਹਤ ਸੰਗਠਨ ਨੇ ਪਹਿਲੀ ਵਾਰ ਮੰਨਿਆ ਹੈ ਕਿ ਵਾਇਰਸ ਹਵਾ ਰਾਹੀਂ ਵੀ ਫ਼ੈਲ ਸਕਦਾ ਹੈ।’ ਵੈਂਡੀ ਨੇ ਕਿਹਾ ਕਿ ਵਾਇਰਸ ਪੀੜਤ ਵਿਅਕਤੀ ਵੱਲੋਂ ਸਾਹ ਲੈਣ ’ਤੇ ਕੁਝ ਫ਼ਾਸਲਾ ਤੈਅ ਕਰ ਕੇ ਹਵਾ ’ਚ ਟਿਕ ਸਕਦਾ ਹੈ। ਉਨ੍ਹਾਂ ਕਿਹਾ ਕਿ ਲੈਬ ਸਟੱਡੀ ਦਿਖਾਉਂਦੀ ਹੈ ਕਿ ਹਵਾ ’ਚ ਘੰਟਾ ਟਿਕੇ ਰਹਿਣ ਦੌਰਾਨ ਇਹ ਸੰਪਰਕ ’ਚ ਆਉਣ ਵਾਲਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਕਮਰੇ ’ਚ ਤਾਜ਼ੀ ਹਵਾ ਦਾ ਪ੍ਰਵਾਹ ਜ਼ਰੂਰੀ ਹੈ। ਏਅਰ ਕੰਡੀਸ਼ਨਿੰਗ ਨਾਲ ਅੰਦਰਲੀ ਹਵਾ ਨੂੰ ਹੀ ਵਾਰ-ਵਾਰ ਘੁੰਮਾਉਣਾ ਵਾਇਰਸ ਫੈਲਾ ਸਕਦਾ ਹੈ। ਜ਼ਿਕਰਯੋਗ ਹੈ ਕਿ ਡਬਲਿਊਐਚਓ ਨੇ ਵੀ ਹੁਣ ਮੰਨਿਆ ਹੈ ਕਿ ਹਵਾ ਰਾਹੀਂ ਵਾਇਰਸ ਭੀੜ ’ਚ ਫੈਲ ਸਕਦਾ ਹੈ, ਵੈਂਟੀਲੇਸ਼ਨ ਸਹੀ ਨਾ ਹੋਣ ’ਤੇ ਵੀ ਇਹ ਅਸਰਦਾਰ ਹੋ ਸਕਦਾ ਹੈ। ਹਾਲਾਂਕਿ ਸੰਗਠਨ ਨੇ ਕਿਹਾ ਕਿ ਇਸ ਬਾਰੇ ਹੋਰ ਅਧਿਐਨ ਕਰਨਾ ਜ਼ਰੂਰੀ ਹੈ। –


Share