ਨਵੀਂ ਦਿੱਲੀ, 24 ਅਗਸਤ (ਪੰਜਾਬ ਮੇਲ)- ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 61,408 ਹੋਰ ਵਿਅਕਤੀਆਂ ਦੇ ਕਰੋਨਾਵਾਇਰਸ ਦੀ ਜੱਦ ਵਿੱਚ ਆਉਣ ਨਾਲ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ 31 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਇਸ ਦੌਰਾਨ 23,38,035 ਮਰੀਜ਼ ਇਸ ਲਾਗ ਤੋਂ ਉਭਰਨ ਵਿੱਚ ਸਫ਼ਲ ਰਹੇ ਹਨ ਤੇ ਰਿਕਵਰੀ ਦਰ 75 ਫੀਸਦ ਤੋਂ ਵੱਧ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਸੋਮਵਾਰ ਸਵੇਰੇ ਅੱਠ ਵਜੇ ਤਕ ਕੋਵਿਡ-19 ਕੇਸਾਂ ਦੀ ਕੁੱਲ ਗਿਣਤੀ 31,06,348 ਜਦੋਂਕਿ 836 ਹੋਰ ਮੌਤਾਂ ਨਾਲ ਮੌਤਾਂ ਦਾ ਕੁੱਲ ਅੰਕੜਾ 57,542 ਨੂੰ ਅੱਪੜ ਗਿਆ ਹੈ। ਮੌਤ ਦਰ ਘੱਟ ਕੇ 1.85 ਫੀਸਦ ਤੇ ਸਿਹਤਯਾਬ ਹੋਣ ਵਾਲਿਆਂ ਦਰ ਵਧ ਕੇ 75.27 ਫੀਸਦ ਹੋ ਗਈ ਹੈ। ਸਰਗਰਮ ਕੇਸਾਂ ਦੀ ਗਿਣਤੀ 7,10,771 ਹੈ, ਜੋ ਕਿ ਕੁੱਲ ਕੇਸ ਲੋਡ ਦਾ 22.88 ਫੀਸਦ ਬਣਦਾ ਹੈ। ਭਾਰਤੀ ਮੈਡੀਕਲ ਖੋਜ ਕੌਂਸਲ ਨੇ ਐਤਵਾਰ ਤਕ 3,59,02,137 ਨਮੂਨਿਆਂ ਦੀ ਜਾਂਚ ਕਰ ਲੈਣ ਦਾ ਦਾਅਵਾ ਕੀਤਾ ਹੈ।