ਕਰੋਨਾਵਾਇਰਸ ਕਾਰਨ ਪੰਜਾਬ ’ਚ ਇੱਕ ਦਿਨ ‘ਚ ਸਭ ਤੋਂ ਵੱਧ ਰਿਕਾਰਡ ਮੌਤਾਂ

626
Share

ਇੱਕ ਦਿਨ ’ਚ ਸਾਹਮਣੇ ਆਏ 1002 ਨਵੇਂ ਮਾਮਲੇ, 32 ਮੌਤਾਂ; ਪੀੜਤਾਂ ਦੀ ਕੁੱਲ ਗਿਣਤੀ 25,889 ਹੋਈ
ਚੰਡੀਗੜ੍ਹ, 11 ਅਗਸਤ (ਪੰਜਾਬ ਮੇਲ)- ਪੰਜਾਬ ਵਿੱਚ ਕਰੋਨਾਵਾਇਰਸ ਕਾਰਨ ਇੱਕ ਦਿੱਨ ਵਿੱਚ ਸਭ ਤੋਂ ਵੱਧ ਰਿਕਾਰਡ ਮੌਤਾਂ ਹੋਈਆਂ ਹਨ। ਸਿਹਤ ਵਿਭਾਗ ਮੁਤਾਬਕ ਲੰਘੇ 24 ਘੰਟਿਆਂ ਦੌਰਾਨ 32 ਵਿਅਕਤੀਆਂ ਦੀ ਮੌਤ ਕਰੋਨਾਵਾਇਰਸ ਕਾਰਨ ਹੋਈ ਹੈ। ਸਭ ਤੋਂ ਵੱਧ 11 ਮੌਤਾਂ ਲੁਧਿਆਣਾ ਵਿੱਚ ਹੋਈਆਂ ਹਨ। ਇਸ ਤੋਂ ਇਲਾਵਾ ਸੰਗਰੂਰ ਵਿੱਚ 4, ਜਲੰਧਰ ਅਤੇ ਅੰਮ੍ਰਿਤਸਰ, ਮੁਹਾਲੀ ਤੇ ਪਟਿਆਲਾ ਵਿੱਚ 3-3, ਬਠਿੰਡਾ, ਗੁਰਦਾਸਪੁਰ, ਕਪੂਰਥਲਾ, ਮੁਕਤਸਰ, ਤਰਨ ਤਾਰਨ ਵਿੱਚ ਇੱਕ-ਇੱਕ ਮੌਤ ਹੋਈ ਹੈ। ਸੂਬੇ ਵਿੱਚ ਨਵੇਂ ਮਾਮਲਿਆਂ ਦਾ ਵਾਧਾ ਵੀ ਜਾਰੀ ਹੈ ਤੇ ਇੱਕੋ ਦਿਨ ਵਿੱਚ 1002 ਨਵੇਂ ਕੇਸ ਆਉਣ ਨਾਲ ਕੁੱਲ ਕਰੋਨਾ ਪੀੜਤਾਂ ਦੀ ਗਿਣਤੀ 25,889 ਹਜ਼ਾਰ ਤੱਕ ਪਹੁੰਚ ਗਈ ਹੈ। ਪੰਜਾਬ ਵਿੱਚ ਹੋਰਨਾਂ ਸੂਬਿਆਂ ਮੁਕਾਬਲੇ ਮੌਤ ਦਰ ਜ਼ਿਆਦਾ ਹੋਣ ਦੇ ਮਾਮਲੇ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਗੰਭੀਰ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਦੀ ਹੀ ਆਮ ਕਰਕੇ ਕਰੋਨਾ ਕਾਰਨ ਮੌਤ ਹੋ ਰਹੀ ਹੈ। ਸਿਹਤ ਵਿਭਾਗ ਮੁਤਾਬਕ ਕਰੋਨਾ ਕਾਰਨ ਜਿੰਨੀਆਂ ਵੀ ਮੌਤਾਂ ਹੋਈਆਂ ਹਨ, ਉਨ੍ਹਾਂ ’ਚੋਂ 90 ਫੀਸਦੀ ਦਾ ਇਲਾਜ ਵੱਡੇ ਹਸਪਤਾਲਾਂ ਵਿੱਚ ਚਲਦਾ ਸੀ ਜਿੱਥੇ ਆਈਸੀਯੂ ਅਤੇ ਆਕਸੀਜਨ ਦੀ ਸਹੂਲਤ ਮੌਜੂਦ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਕੀ 10 ਫੀਸਦੀ ਵਿੱਚ ਵੀ ਅਜਿਹੇ ਮਰੀਜ਼ ਸਨ ਜੋ ਸੈਂਪਲ ਦੇਣ ਤੋਂ ਬਾਅਦ ਜਾਂ ਤਾਂ ਹਾਦਸੇ ਦਾ ਸ਼ਿਕਾਰ ਹੋ ਗਏ ਜਾਂ ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਮੌਤ ਹੋ ਗਈ ਆਦਿ। ਜ਼ਿਲ੍ਹਾਵਾਰ ਨਵੇਂ ਮਾਮਲਿਆਂ ਅਨੁਸਾਰ ਲੁਧਿਆਣਾ ਵਿੱਚ 252, ਪਟਿਆਲਾ ਤੇ ਅੰਮ੍ਰਿਤਸਰ ਵਿੱਚ 118-118, ਮੁਹਾਲੀ ਵਿੱਚ 83, ਹੁਸ਼ਿਆਰਪੁਰ ਵਿੱਚ 77, ਪਠਾਨਕੋਟ ਵਿੱਚ 64, ਜਲੰਧਰ ਵਿੱਚ 54, ਬਠਿੰਡਾ ਵਿੱਚ 38, ਕਪੂਰਥਲਾ ਵਿੱਚ 36, ਮਾਨਸਾ ਵਿੱਚ 34, ਫਿਰੋਜ਼ਪੁਰ ਵਿੱਚ 20, ਮੋਗਾ ਤੇ ਨਵਾਂਸ਼ਹਿਰ ਵਿੱਚ 16-16, ਫਰੀਦਕੋਟ ਤੇ ਸੰਗਰੂਰ ਵਿੱਚ 15-15, ਗੁਰਦਾਸਪੁਰ ਵਿੱਚ 13, ਬਰਨਾਲਾ ਤੇ ਫਤਹਿਗੜ੍ਹ ਸਾਹਿਬ ਵਿੱਚ 9-9, ਮੁਕਤਸਰ ਵਿੱਚ 5, ਰੋਪੜ ਵਿੱਚ 4, ਤਰਨ ਤਾਰਨ ਤੇ ਫਾਜ਼ਿਲਕਾ ਵਿੱਚ 3-3 ਮਾਮਲੇ ਸਾਹਮਣੇ ਆਏ ਹਨ।


Share