ਚੰਡੀਗੜ੍ਹ, 13 ਮਾਰਚ (ਪੰਜਾਬ ਮੇਲ)- ਕਰੋਨਾਵਾਇਰਸ ਦੀ ਦਹਿਸ਼ਤ ਕਰਕੇ ਇਟਲੀ ਤੇ ਫਰਾਂਸ ਤੋਂ ਬਾਅਦ ਹੁਣ ਅਮਰੀਕਾ ਵਿੱਚ ਗੁਰਦੁਆਰੇ ਬੰਦ ਕਰ ਦਿੱਤੇ ਗਏ ਹਨ। ਸਾਰੇ ਗੁਰਦੁਆਰਿਆਂ ’ਚ ਇਕੱਠ ਕਰਨ ’ਤੇ ਰੋਕ ਲਾ ਦਿੱਤੀ ਗਈ ਹੈ। ਇਟਲੀ ਵਿੱਚ ਕਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸ ਲਈ ਪਹਿਲਾਂ ਹੀ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ ਸੀ। ਇਸ ਤੋਂ ਇਲਾਵਾ ਧਾਰਮਿਕ ਸਥਾਨਾਂ ‘ਤੇ ਇਕੱਠ ਨਾ ਕਰਨ ਦੀ ਹਦਾਇਤ ਜਾਰੀ ਕੀਤੀ ਸੀ। ਇਸ ਮਗਰੋਂ ਫਰਾਂਸ ਵਿੱਚ ਗੁਰਦੁਆਰੇ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ।
ਹੁਣ ਅਮਰੀਕਾ ਵਿੱਚ ਗੁਰਦੁਆਰਿਆਂ ‘ਚ ਇਕੱਠ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਿਆਟਲ ਵਾਸ਼ਿੰਗਟਨ ਦੇ ਇਲਾਕੇ ਵਿੱਚ ਲੋਕ ਤੇਜ਼ੀ ਨਾਲ ਕਰੋਨਾਵਾਇਰਸ ਦੀ ਲਪੇਟ ’ਚ ਆ ਰਹੇ ਹਨ। ਇਸ ਦੇ ਮੱਦੇਨਜ਼ਰ ਵਾਸ਼ਿੰਗਟਨ ਸਟੇਟ ਦੇ ਗਵਰਨਰ ਨੇ ਕਿਹਾ ਹੈ ਕਿ ਕਿਸੇ ਵੀ ਸਥਾਨ ’ਤੇ 250 ਤੋਂ ਵੱਧ ਲੋਕ ਇਕੱਠੇ ਨਾ ਹੋਣ।
ਅਮਰੀਕਾ ਸਰਕਾਰ ਵੱਲੋਂ ਲਏ ਫ਼ੈਸਲੇ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਿੰਘ ਸਭਾ ਰੈਂਟਨ ਦੀ ਪ੍ਰਬੰਧਕੀ ਕਮੇਟੀ ਨੇ ਕਿਹਾ ਹੈ ਕਿ ਗੁਰਦੁਆਰਾ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਖੁੱਲ੍ਹਾ ਰੱਖਿਆ ਜਾਵੇਗਾ ਤੇ ਸ਼ਨਿਚਰਵਾਰ ਤੇ ਐਤਵਾਰ ਨੂੰ ਬੰਦ ਰਹੇਗਾ। ਅਮਰੀਕਾ ਦੇ ਗੁਰਦੁਆਰਾ ਸੇਨ ਜੋਸੇ ਦੀ ਪ੍ਰਬੰਧਕੀ ਕਮੇਟੀ ਨੇ ਕਿਹਾ ਕਿ ਅਮਰੀਕਾ ’ਚ ਕਰੋਨਾਵਾਇਰਸ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਤੇ ਬਚਾਅ ਲਈ ਇਹ ਕਦਮ ਚੁੱਕੇ ਜਾ ਰਹੇ ਹਨ। ਗੁਰਦੁਆਰਾ ਪ੍ਰਬੰਧਕੀ ਕਮੇਟੀ ਵੱਲੋਂ 15 ਮਾਰਚ ਨੂੰ ਕੀਤੇ ਜਾਣ ਵਾਲੇ ਹੋਲਾ ਮਹੱਲਾ ਦੇ ਪ੍ਰੋਗਰਾਮ ਵੀ ਅੱਗੇ ਪਾ ਦਿੱਤੇ ਗਏ ਹਨ।