ਕਰੂਜ਼ ਡਰੱਗਜ਼ ਕੇਸ: ਆਰੀਅਨ ਤੇ ਪੰਜ ਹੋਰ ਕੇਸਾਂ ਦੀ ਜਾਂਚ ਲਈ ਐੱਨ.ਸੀ.ਬੀ. ਦੀ ਵਿਸ਼ੇਸ਼ ਜਾਂਚ ਟੀਮ ਮੁੰਬਈ ਪੁੱਜੀ

285
Share

ਮੁੰਬਈ, 6 ਨਵੰਬਰ (ਪੰਜਾਬ ਮੇਲ)- ਕਰੂਜ਼ ਡਰੱਗਜ਼ ਕੇਸ ਸਮੇਤ 6 ਕੇਸਾਂ ਦੀ ਜਾਂਚ ਲਈ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਦੀ ਵਿਸ਼ੇਸ਼ ਜਾਂਚ ਟੀਮ ਅੱਜ ਇਥੇ ਪਹੁੰਚ ਗਈ ਹੈ। ਕਰੂਜ਼ ’ਤੇ ਡਰੱਗਜ਼ ਮਾਮਲੇ ’ਚ ਬੌਲੀਵੁੱਡ ਸੁਪਰ ਸਟਾਰ ਸ਼ਾਹਰੁਖ ਖ਼ਾਨ ਦਾ ਪੁੱਤਰ ਆਰੀਅਨ ਖ਼ਾਨ ਵੀ ਮੁਲਜ਼ਮ ਹੈ। ਦਿੱਲੀ ਤੋਂ ਆਈ ਸਿਟ ਦੱਖਣੀ ਮੁੰਬਈ ’ਚ ਐੱਨ.ਸੀ.ਬੀ. ਦੇ ਜ਼ੋਨਲ ਦਫ਼ਤਰ ’ਚ ਬਾਅਦ ਦੁਪਹਿਰ ਪੁੱਜੀ। ਸਿਟ ਦੀ ਅਗਵਾਈ ਕਰ ਰਹੇ ਸੀਨੀਅਰ ਆਈ.ਪੀ.ਐੱਸ. ਅਫ਼ਸਰ ਸੰਜੈ ਕੁਮਾਰ ਸਿੰਘ ਨੇ ਕਿਹਾ, ‘‘ਅਸੀਂ ਕੁਝ ਕੇਸਾਂ ਨੂੰ ਆਪਣੇ ਹੱਥ ’ਚ ਲੈ ਲਿਆ ਹੈ ਅਤੇ ਛੇਤੀ ਜਾਂਚ ਸ਼ੁਰੂ ਕਰਾਂਗੇ।’’ ਕੇਸਾਂ ਦੀ ਮੁੜ ਤੋਂ ਜਾਂਚ ਕਰਨ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਉਹ ਹਰ ਕੇਸ ਦਾ ਰਿਕਾਰਡ ਖੰਗਾਲਣ ਮਗਰੋਂ ਇਸ ਬਾਰੇ ਕੋਈ ਫ਼ੈਸਲਾ ਲੈਣਗੇ। ‘ਅਜੇ ਇਨ੍ਹਾਂ ਕੇਸਾਂ ਦੀ ਅੱਗੇ ਜਾਂਚ ਕੀਤੀ ਜਾਵੇਗੀ।’ ਐੱਨ.ਸੀ.ਬੀ. ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸਿਟ ਵੱਲੋਂ 6 ਕੇਸਾਂ ਦੀ ਜਾਂਚ ਕੀਤੀ ਜਾਵੇਗੀ, ਜਿਨ੍ਹਾਂ ਦੇ ਕੌਮੀ ਅਤੇ ਕੌਮਾਂਤਰੀ ਸਿੱਟੇ ਨਿਕਲ ਸਕਦੇ ਹਨ। ਐੱਨ.ਸੀ.ਬੀ. ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਕਿਹਾ ਸੀ ਕਿ ਉਹ ਇਨ੍ਹਾਂ ਕੇਸਾਂ ਦੀ ਹੁਣ ਜਾਂਚ ਨਹੀਂ ਕਰ ਰਿਹਾ ਹੈ ਪਰ ਉਹ ਜ਼ੋਨਲ ਡਾਇਰੈਕਟਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਣੀਆਂ ਜਾਰੀ ਰੱਖੇਗਾ। ਉਧਰ ਮਹਾਰਾਸ਼ਟਰ ਦੇ ਸੀਨੀਅਰ ਮੰਤਰੀ ਅਤੇ ਐੱਨ.ਸੀ.ਪੀ. ਆਗੂ ਨਵਾਬ ਮਲਿਕ ਨੇ ਕਿਹਾ ਕਿ ਜਾਂਚ ਨਾਲ ਕਈ ਅਹਿਮ ਖੁਲਾਸੇ ਹੋਣਗੇ।

Share