ਕਰੂਜ਼ ਸਵਾਰ ਲੁਟੇਰਿਆਂ ਨੇ ਪੰਜਾਬ ਨੈਸ਼ਨਲ ਬੈਂਕ ਦੇ ਏਟੀਐੱਮ ਵਿੱਚੋਂ 9 ਲੱਖ ਲੁੱਟੇ

689
Share

ਐੱਸਏਐੱਸ ਨਗਰ, 19 ਜੁਲਾਈ (ਪੰਜਾਬ ਮੇਲ)-  ਮੁਹਾਲੀ ਜ਼ਿਲ੍ਹੇ ਅਧੀਨ ਪਿੰਡ ਘੜੂੰਆਂ ਦੀ ਸੰਘਣੀ ਆਬਾਦੀ ਵਿੱਚ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏਟੀਐੱਮ ਨੂੰ ਬੀਤੀ ਰਾਤ ਕੱਟ ਕੇ ਦੋ ਅਣਪਛਾਤੇ ਲੁਟੇਰੇ ਕਰੀਬ 9 ਲੱਖ ਰੁਪਏ ਲੈ ਗਏ। ਪਤਾ ਲੱਗਾ ਹੈ ਕਿ ਏਟੀਐੱਮ ਦੀ ਸੁਰੱਖਿਆ ਲਈ ਰਾਤ ਨੂੰ ਉੱਥੇ ਕੋਈ ਗਾਰਡ ਵੀ ਨਹੀਂ ਸੀ। ਸੂਚਨਾ ਮਿਲਦੇ ਹੀ ਡੀਐੱਸਪੀ ਖਰੜ ਪਾਲ ਸਿੰਘ ਅਤੇ ਘੜੂੰਆਂ ਥਾਣਾ ਦੇ ਐੱਸਐੱਚਓ ਕੈਲਾਸ਼ ਬਹਾਦਰ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਬੈਂਕ ਨੇੜੇ ਸਰਕਾਰੀ ਹਸਪਤਾਲ ਹੈ, ਦੁਕਾਨਾਂ ਅਤੇ ਲੋਕਾਂ ਦੇ ਘਰ ਹਨ। ਸਨਿੱਚਰਵਾਰ ਦੀ ਰਾਤ ਨੂੰ ਦੋ ਅਣਪਛਾਤੇ ਕਰੂਜ਼ ਕਾਰ ਵਿੱਚ ਸਵਾਰ ਹੋ ਕੇ ਆਏ ਸੀ, ਜਿਵੇਂ ਉਹ ਬੈਂਕ ਦੇ ਬਾਹਰ ਪਹੁੰਚੇ ਤਾਂ ਉੱਥੇ ਸੜਕ ’ਤੇ ਬੈਠੇ ਆਵਾਰਾ ਕੁੱਤਿਆਂ ਨੇ ਭੌਂਕਣਾ ਸ਼ੁਰੂ ਕਰ ਦਿੱਤਾ। ਕਿਸੇ ਤਰੀਕੇ ਨਾਲ ਦਵਾਈ ਵਗੈਰਾ ਨਾਲ ਕੁੱਤਿਆਂ ਨੂੰ ਬੇਹੋਸ਼ ਕੀਤਾ ਗਿਆ। ਇਸ ਮਗਰੋਂ ਲੁਟੇਰਿਆਂ ਨੇ ਏਟੀਐੱਮ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਨੂੰ ਤੋੜਿਆਂ। ਗੈਸ ਕਟਰ ਨਾਲ ਸ਼ਟਰ ਕੱਟ ਕੇ ਏਟੀਐੱਮ ਕੈਬਿਨ ਵਿੱਚ ਦਾਖ਼ਲ ਹੋਏ। ਮੁਲਜ਼ਮਾਂ ਨੇ ਏਟੀਐੱਮ ਕੱਟ ਕੇ ਉਸ ’ਚੋਂ 9 ਲੱਖ ਰੁਪਏ ਲੁੱਟੇ ਤੇ ਫ਼ਰਾਰ ਹੋ ਗਏ। ਪੁਲੀਸ ਨੇ ਬੈਂਕ ਅਧਿਕਾਰੀ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ। ਮੁਹਾਲੀ ਦੀ ਐੱਸਪੀ (ਦਿਹਾਤੀ) ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਅਤੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।


Share