ਕਰਫਿਊ ਕਾਰਣ ਰਾਜਸਥਾਨ ‘ਚ ਫਸੇ ਮਜ਼ਦੂਰਾਂ ਨੂੰ ਲੈਣ ਗਏ ਪੀ.ਆਰ.ਟੀ.ਸੀ. ਅਧਿਕਾਰੀਆਂ ‘ਤੇ ਹਮਲਾ

740
Share

ਫਰੀਦਕੋਟ, 28 ਅਪ੍ਰੈਲ (ਪੰਜਾਬ ਮੇਲ)- ਕਰਫਿਊ ਕਾਰਣ ਪੰਜਾਬ ਤੋਂ ਬਾਹਰ ਰਹਿ ਗਏ ਪੰਜਾਬੀਆਂ ਨੂੰ ਵਾਪਸ ਘਰ ਲਿਆਉਣ ਲਈ ਸਰਕਾਰ ਵਲੋਂ ਤਾਂ ਭਾਵੇਂ ਗੰਭੀਰਤਾ ਨਾਲ ਉਪਰਾਲੇ ਕੀਤੇ ਜਾ ਰਹੇ ਹਨ ਪਰ ਇਸ ਕਾਰਣ ਅਧਿਕਾਰੀਆਂ ‘ਤੇ ਹੁਣ ਦੂਜੇ ਰਾਜਾਂ ‘ਚ ਹਮਲੇ ਹੋਣ ਲੱਗੇ ਹਨ। ਤਾਜ਼ਾ ਘਟਨਾ ਰਾਜਸਥਾਨ ‘ਚੋਂ ਮਜ਼ਦੂਰਾਂ ਨੂੰ ਲੈਣ ਗਏ ਪੀ.ਆਰ.ਟੀ.ਸੀ. ਦੇ ਅਧਿਕਾਰੀਆਂ ਦੀ ਹੈ, ਜਿਨ੍ਹਾਂ ਉੱਪਰ ਨਖੁਰਾ (ਬੀਕਾਨੇਰ ਨਜ਼ਦੀਕ) ਟੋਲ ਪਲਾਜ਼ਾ ‘ਤੇ ਮੌਜੂਦ ਕੁਝ ਗੁੰਡਾ ਅਨਸਰਾਂ ਵਲੋਂ ਹਮਲਾ ਕਰ ਦਿੱਤਾ ਗਿਆ। ਉਨ੍ਹਾਂ ਅਧਿਕਾਰੀਆਂ ਦੀ ਕਾਰ ਨੂੰ 2 ਘੰਟੇ ਤੋਂ ਵੱਧ ਸਮਾਂ ਉੱਥੇ ਰੋਕੀ ਰੱਖਿਆ। ਫਿਰ ਪੀ. ਆਰ. ਟੀ. ਸੀ. ਦੇ ਸਾਬਕਾ ਚੇਅਰਮੈਨ ਨਵਦੀਪ ਸਿੰਘ ਬੱਬੂ ਬਰਾੜ ਅਤੇ ਰਾਜਸਥਾਨ ਦੇ ਇਕ ਮੰਤਰੀ ਦੇ ਦਖਲ ਨਾਲ ਇਨ੍ਹਾਂ ਅਧਿਕਾਰੀਆਂ ਨੂੰ ਛੱਡਿਆ ਗਿਆ।
ਪੀ.ਆਰ.ਟੀ.ਸੀ. ਦੀ ਟੀਮ ਤੇ ਅਧਿਕਾਰੀਆਂ ਦੇ ਨਾਲ ਗਏ ਬਠਿੰਡਾ ਡਿਪੂ ਦੇ ਇਕ ਇੰਸਪੈਕਟਰ ਨੇ ਦੱਸਿਆ ਕਿ ਰਾਜ ਸਰਕਾਰ ਦੇ ਹੁਕਮਾਂ ਅਨੁਸਾਰ 60 ਬੱਸਾਂ ਜਿਨਾਂ ‘ਚ 37 ਪੰਜਾਬ ਰੋਡਵੇਜ਼ ਦੀਆਂ ਅਤੇ 23 ਪੀ. ਆਰ. ਟੀ. ਸੀ. ਦੀਆਂ ਬੱਸਾਂ ਸ਼ਾਮਲ ਸੀ, ਰਾਜਸਥਾਨ ‘ਚ ਫਸੇ ਪੰਜਾਬ ਦੇ ਮਜ਼ਦੂਰਾਂ ਨੂੰ ਲੈਣ ਗਏ ਸਨ। ਇਸ ਲਈ ਸੀਨੀਅਰ ਅਧਿਕਾਰੀ ਵੀ ਆਪਣੀ ਵੱਖਰੀ ਗੱਡੀ ‘ਚ ਨਾਲ ਗਏ ਹੋਏ ਸਨ। ਉਨ੍ਹਾਂ ਦੱਸਿਆ ਕਿ ਨਾਖੁਰਾ ਟੋਲ ਪਲਾਜ਼ਾ ‘ਤੇ ਜਦੋਂ ਬੱਸਾਂ ਦੀ ਪਲਾਜ਼ਾ ਵਾਲਿਆਂ ਪਰਚੀ ਕੱਟਣੀ ਚਾਹੀ ਤਾਂ ਇਨ੍ਹਾਂ ਕਰਮਚਾਰੀਆਂ ਕੋਲ ਨਾ ਤਾਂ ਕੋਈ ਪੈਸਾ ਸੀ ਤੇ ਨਾ ਹੀ ਟੋਲ ਵਾਲਿਆਂ ਕੋਲ ਇਨ੍ਹਾਂ ਬਾਰੇ ਕੋਈ ਹੁਕਮ ਸੀ, ਜਿਸ ਕਾਰਣ ਡਰਾਇਵਰਾਂ ਅਤੇ ਟੋਲ ਪਲਾਜ਼ਾ ਵਾਲਿਆਂ ਦੀ ਤੂੰ-ਤੂੰ ਮੈਂ-ਮੈਂ ਹੋ ਗਈ।
ਉਨ੍ਹਾਂ ਦੱਸਿਆ ਕਿ ਡਰਾਇਵਰ ਸਿਰਫ ਸਰਕਾਰੀ ਹੁਕਮਾਂ ‘ਤੇ ਕੋਰੋਨਾ ਵਾਇਰਸ ਕਰ ਕੇ ਸੇਵਾ ਕਰਨ ਲਈ ਹੀ ਚੱਲੇ ਸਨ ਪਰ ਟੋਲ ਵਾਲਿਆਂ ਨੇ ਡਰਾਇਵਰਾਂ ਨਾਲ ਕਥਿਤ ਤੌਰ ‘ਤੇ ਧੱਕੇਸ਼ਾਹੀ ਕੀਤੀ ਪਰ ਉਹ ਲੰਘ ਗਏ। ਉਨ੍ਹਾਂ ਦੱਸਿਆ ਕਿ ਪਰ ਜਦੋਂ ਵਾਪਸੀ ਹੋਈ ਤਾਂ ਇਸ ਟੋਲ ਪਲਾਜ਼ਾ ‘ਤੇ ਪਹਿਲਾਂ ਹੀ ਕਥਿਤ ਤੌਰ ‘ਤੇ 70-80 ਗੁੰਡਿਆਂ ਨੂੰ ਬੁਲਾ ਰੱਖਿਆ ਸੀ ਅਤੇ ਰਾਡਾਂ ਅਤੇ ਹੋਰ ਹਥਿਆਰਾਂ ਨਾਲ ਲੈੱਸ ਸਨ। ਉਨ੍ਹਾਂ ਨੇ ਇਨ੍ਹਾਂ ਉੱਚ ਸਰਕਾਰੀ ਅਧਿਕਾਰੀਆਂ ਦੀ ਸਰਕਾਰੀ ਗੱਡੀ ਟੋਲ ਪਲਾਜ਼ਾ ‘ਤੇ ਘੇਰ ਲਈ। ਇਸ ਉਪਰੰਤ ਅਧਿਕਾਰੀਆਂ ਨੇ ਡੀ. ਐੱਸ. ਜੈਸਲਮੇਰ ਨਾਲ ਗੱਲ ਕੀਤੀ ਅਤੇ ਪੀ. ਆਰ. ਟੀ. ਸੀ. ਸਾਬਕਾ ਚੇਅਰਮੈਨ ਨਵਦੀਪ ਸਿੰਘ ਬੱਬੂ ਬਰਾੜ ਨਾਲ ਸੰਪਰਕ ਕੀਤਾ ਜੋ ਕਿ ਇੰਨੀ ਦਿਨੀਂ ਆਪਣੀ ਫਸਲ ਦੀ ਸਾਂਭ-ਸੰਭਾਲ ਲਈ ਰਾਜਸਥਾਨ ਗਏ ਹੋਏ ਹਨ ਤੇ ਇਨ੍ਹਾਂ ਲਈ ਲੰਗਰ ਦਾ ਪ੍ਰਬੰਧ ਵੀ ਕਰ ਰਹੇ ਸਨ। ਇਸ ਤੋਂ ਇਲਾਵਾ ਰਾਜਸਥਾਨ ਦੇ ਇਕ ਮੰਤਰੀ ਨੇ ਵੀ ਇਸ ਮਾਮਲੇ ‘ਚ ਦਖਲ ਦਿੱਤਾ। ਉਨ੍ਹਾਂ ਦੱਸਿਆ ਕਿ ਰਾਤ ਨੂੰ ਦੇਰ ਤਕ ਘੰਟਿਆਂ ਬੱਧੀ ਇਹ ਗੁੰਡਾਗਰਦੀ ਦਾ ਨਾਚ ਹੁੰਦਾ ਰਿਹਾ ਅਤੇ ਫਿਰ ਇਨ੍ਹਾਂ ਸਾਰਿਆਂ ਦੀ ਮਦਦ ਨਾਲ ਉਹ ਦੀ ਗੁੰਡਾਗਰਦੀ ਤੋਂ ਬਚੇ। ਉਨ੍ਹਾਂ ਦੱਸਿਆ ਕਿ ਲੋਕਲ ਪੁਲਸ ਵੀ ਟੋਲ ਪਲਾਜ਼ਾ ਵਾਲਿਆਂ ਦੀ ਮਦਦ ਕਰਦੀ ਰਹੀ ਅਤੇ ਉਨ੍ਹਾਂ ਦੀ ਮਦਦ ਨਹੀਂ ਕੀਤੀ। ਉਨ੍ਹਾਂ ਮੰਗ ਕੀਤੀ ਕਿ ਟੋਲ ਪਲਾਜ਼ਾ ਵਾਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਹ ਸਬੰਧੀ ਜਦੋਂ ਬਠਿੰਡਾ ਪੀ. ਆਰ. ਟੀ. ਸੀ. ਦੇ ਇੰਸਪੈਕਟ ਜੋ ਕਿ ਅਧਿਕਾਰੀਆਂ ਨਾਲ ਮੌਜੂਦ ਸਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਘਟਨਾ ਦੀ ਪੁਸ਼ਟੀ ਕੀਤੀ ਤੇ ਮੰਗ ਕੀਤੀ ਕਿ ਸਰਕਾਰੀ ਇਸ ਤਰ੍ਹਾਂ ਸੇਵਾ ਕਾਰਜ ਕਰਨ ਜਾਣ ਵਾਲਿਆਂ ਲਈ ਟੋਲ ਪਲਾਜ਼ਿਆਂ ‘ਤੇ ਲੋੜੀਂਦੇ ਹੁਕਮ ਜਾਰੀ ਕਰੇ।


Share