ਕਰਨਾਲ ’ਚ ਪੁਲਿਸ ਲਾਠੀਚਾਰਜ ਦਾ ਕਿਸਾਨ ਜਥੇਬੰਦੀਆਂ ’ਚ ਭਾਰੀ ਰੋਸ

300
Share

– ਮਾਝੇ-ਦੋਆਬੇ ’ਚ ਕਿਸਾਨਾਂ ਨੇ ਤਿੱਖਾ ਵਿਰੋਧ ਕਰਕੇ ਖੱਟੜ ਦੇ ਪੁਤਲੇ ਫੂਕੇ
– ਹਰਿਆਣਾ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦੀ ਦਿੱਤੀ ਚਿਤਾਵਨੀ
– ਲਾਠੀਚਾਰਜ ’ਚ 10 ਕਿਸਾਨ ਜ਼ਖ਼ਮੀ, ਕਈ ਹਿਰਾਸਤ ’ਚ ਲਏ
ਚੰਡੀਗੜ੍ਹ/ਜਲੰਧਰ, 1 ਸਤੰਬਰ (ਪੰਜਾਬ ਮੇਲ)-‘ਸੰਯੁਕਤ ਕਿਸਾਨ ਮੋਰਚਾ’ ਦੇ ਸੱਦੇ ’ਤੇ ਐਤਵਾਰ ਨੂੰ ਕਰਨਾਲ (ਹਰਿਆਣਾ) ’ਚ ਭਾਜਪਾ ਦੀ ਸੂਬਾ ਪੱਧਰੀ ਮੀਟਿੰਗ ਦਾ ਵਿਰੋਧ ਕਰਨ ਲਈ ਇਕੱਠੇ ਹੋ ਕੇ ਅੱਗੇ ਵਧ ਰਹੇ ਕਿਸਾਨਾਂ ’ਤੇ ਪੁਲਿਸ ਨੇ ਬਸਤਾੜਾ ਟੋਲ ਪਲਾਜ਼ਾ ਨੇੜੇ ਲਾਠੀਚਾਰਜ ਕੀਤਾ। ਇਹ ਦੱਸਣਯੋਗ ਹੈ ਕਿ ਕਰਨਾਲ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਵਿਧਾਨ ਸਭਾ ਹਲਕਾ ਹੈ। ਵੇਰਵਿਆਂ ਮੁਤਾਬਕ ਕਿਸਾਨ ਵੱਡੀ ਗਿਣਤੀ ਵਿਚ ਕਰਨਾਲ ਵੱਲ ਵਧ ਰਹੇ ਸਨ, ਜਿੱਥੇ ਭਾਜਪਾ ਦਾ ਸਮਾਗਮ ਸੀ। ਇਸ ਕਾਰਨ ਟਰੈਫ਼ਿਕ ’ਚ ਵੀ ਅੜਿੱਕਾ ਪੈ ਰਿਹਾ ਸੀ। ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕੁਝ ਕਿਸਾਨਾਂ ਨੂੰ ਹਿਰਾਸਤ ’ਚ ਵੀ ਲਿਆ ਗਿਆ ਹੈ। ਲਾਠੀਚਾਰਜ ਦੌਰਾਨ ਹੀ ਸੂਬਾ ਪੁਲਿਸ ਨੇ ਕਿਸਾਨਾਂ ਨੂੰ ਖੇਤਾਂ ਵਿਚ ਧੱਕਣ ਦੀ ਕੋਸ਼ਿਸ਼ ਕੀਤੀ ਤੇ ਕਰੀਬ ਦਸ ਕਿਸਾਨ ਫੱਟੜ ਹੋ ਗਏ ਹਨ।¿;
ਲਾਠੀਚਾਰਜ ਤੋਂ ਨਾਰਾਜ਼ ਹੋਏ ਕਿਸਾਨਾਂ ਨੇ ਸੂਬੇ ਦੇ ਸਾਰੇ ਕੌਮੀ ਮਾਰਗ ਤੇ ਟੋਲ ਪਲਾਜ਼ੇ ਜਾਮ ਕਰ ਦਿੱਤੇ। ਇਸ ਕਾਰਨ ਜੀਂਦ-ਪਟਿਆਲਾ, ਅੰਬਾਲਾ-ਕੁਰੂਕਸ਼ੇਤਰ, ਕਰਨਾਲ ਨੇੜੇ ਦਿੱਲੀ ਮਾਰਗ, ਹਿਸਾਰ-ਚੰਡੀਗੜ੍ਹ, ਕਾਲਕਾ-ਜ਼ੀਰਕਪੁਰ, ਫਤਿਆਬਾਦ-ਚੰਡੀਗੜ੍ਹ, ਗੋਹਾਣਾ-ਪਾਣੀਪਤ ਅਤੇ ਹੋਰ ਕਈ ਮੁੱਖ ਮਾਰਗਾਂ ’ਤੇ ਕਈ-ਕਈ ਕਿਲੋਮੀਟਰ ਲੰਮਾ ਜਾਮ ਲੱਗ ਗਿਆ। ਲੋਕ ਕਈ ਘੰਟੇ ਸੜਕਾਂ ’ਤੇ ਫਸੇ ਰਹੇ। ਦੱਸਣਯੋਗ ਹੈ ਕਿ ਹਰਿਆਣਾ ਭਾਜਪਾ ਨੇ ਕਰਨਾਲ ਵਿਚ ਸੂਬਾ ਪੱਧਰੀ ਮੀਟਿੰਗ ਰੱਖੀ ਸੀ। ਇਸ ਵਿਚ ਮੁੱਖ ਮੰਤਰੀ, ਭਾਜਪਾ ਪ੍ਰਧਾਨ ਓ.ਪੀ. ਧਨਖੜ ਸਣੇ ਸਾਰੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੇ ਪਹੁੰਚਣਾ ਸੀ। ਕਿਸਾਨ ਜਥੇਬੰਦੀਆਂ ਨੇ ਭਾਜਪਾ ਦੀ ਮੀਟਿੰਗ ਦਾ ਵਿਰੋਧ ਕਰਨ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਸੀ। ਭਾਜਪਾ ਦੀ ਮੀਟਿੰਗ 11 ਵਜੇ ਸ਼ੁਰੂ ਹੋਈ ਤੇ ਬਾਅਦ ਦੁਪਹਿਰ 3 ਵਜੇ ਖ਼ਤਮ ਹੋਈ। ਇਸ ਦੌਰਾਨ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ, ਤਾਂ ਕਿ ਕਿਸਾਨਾਂ ਨੂੰ ਕਰਨਾਲ ਸ਼ਹਿਰ ਤੋਂ ਦੂਰ ਰੱਖਿਆ ਜਾ ਸਕੇ। ਕਿਸਾਨ ਜਥੇਬੰਦੀਆਂ ਦੇ ਆਗੂ ਸਵੇਰ ਤੋਂ ਹੀ ਬਸਤਾੜਾ ਟੋਲ ’ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਇਹ ਟੋਲ ਪਲਾਜ਼ਾ ਕਰਨਾਲ ਤੋਂ 15 ਕਿਲੋਮੀਟਰ ਦੂਰ ਹੈ। ਮੀਟਿੰਗ ਵਾਲੀ ਥਾਂ ਵੱਲ ਜਾਣ ਵਾਲੇ ਸਾਰੇ ਰਾਹਾਂ ’ਤੇ ਤਕੜੀ ਬੈਰੀਕੇਡਿੰਗ ਕੀਤੀ ਗਈ ਸੀ।
ਮੁਜ਼ਾਹਰਾਕਾਰੀ ਕਿਸਾਨਾਂ ਨੇ ਸਵੇਰੇ ਬਸਤਾੜਾ ਟੌਲ ’ਤੇ ਹਰਿਆਣਾ ਭਾਜਪਾ ਦੇ ਪ੍ਰਧਾਨ ਓ.ਪੀ. ਧਨਖੜ ਨੂੰ ਕਾਲੇ ਝੰਡੇ ਦਿਖਾਏ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਟੋਲ ਪਲਾਜ਼ੇ ਤੋਂ ਆਵਾਜਾਈ ਲਈ ਦੋ ਰਾਹ ਖੁੱਲ੍ਹੇ ਛੱਡ ਕੇ ਬਾਕੀ ਸਾਰੇ ਬੰਦ ਕਰ ਦਿੱਤੇ। ਇਸ ਦਾ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਨੋਟਿਸ ਲਿਆ ਗਿਆ। ਪੁਲਿਸ ਨੇ ਬਸਤਾੜਾ ਟੋਲ ’ਤੇ ਪਹੁੰਚ ਕੇ ਰਾਹ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਪੁਲਿਸ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ’ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਸਣੇ ਹੋਰਨਾਂ ਕਿਸਾਨ ਆਗੂਆਂ ਨੇ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ ਹੈ। ਕਿਸਾਨ ਧਰਨਿਆਂ ਨੂੰ ਸੰਬੋਧਨ ਕਰਦਿਆਂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕੀਤਾ ਜਾ ਰਿਹਾ ਹੈ। ਉਸ ਦੇ ਬਾਵਜੂਦ ਪੁਲਿਸ ਨੇ ਲਾਠੀਚਾਰਜ ਕਰਦਿਆਂ ‘ਗੁੰਡਾਗਰਦੀ’ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਸੰਵਿਧਾਨਕ ਹੱਕ ਨਾਲ ਅੰਦੋਲਨ ਕਰ ਰਹੇ ਹਨ। ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲਿਆਂ ’ਤੇ ਲਾਠੀਚਾਰਜ ਕਰਨਾ ਬਿਲਕੁਲ ਜਾਇਜ਼ ਨਹੀਂ ਹੈ। ਚੜੂਨੀ ਨੇ ਕਿਹਾ ਕਿ ਜਦੋਂ ਤੱਕ ਹਰਿਆਣਾ ਪੁਲਿਸ ਹਿਰਾਸਤ ਵਿਚ ਲਏ ਗਏ ਕਿਸਾਨਾਂ ਨੂੰ ਰਿਹਾਅ ਨਹੀਂ ਕਰੇਗੀ, ਸੰਘਰਸ਼ ਜਾਰੀ ਰਹੇਗਾ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਦਰਸ਼ਨ ਪਾਲ ਨੇ ਕਿਹਾ ਕਿ ‘ਦਰਜਨਾਂ ਕਿਸਾਨਾਂ’ ਦੇ ਜ਼ਖ਼ਮੀ ਹੋਣ ਤੇ ਕੁਝ ਨੂੰ ਹਿਰਾਸਤ ’ਚ ਲੈਣ ਖਿਲਾਫ਼ ਮੋਰਚੇ ਵੱਲੋਂ ਸ਼ਨਿਚਰਵਾਰ ਸ਼ਾਮ ਪੰਜ ਵਜੇ ਤੱਕ ਸੜਕਾਂ ਤੇ ਟੋਲ ਪਲਾਜ਼ੇ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਸੀ।
ਯੋਗੇਂਦਰ ਯਾਦਵ ਨੇ ਵੀ ਟਵੀਟ ਕਰਦਿਆਂ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ ਹੈ। ਦੱਸਣਯੋਗ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ’ਚ ਭਾਜਪਾ ਅਤੇ ਜੇ.ਜੇ.ਪੀ. ਦੇ ਸਾਰੇ ਸਮਾਗਮਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਨੇ ਕਰਨਾਲ ਵਿਚ ਮੁੱਖ ਮੰਤਰੀ ਦੇ ਸਮਾਗਮ ਵਿਚ ਵਿਘਨ ਪਾਇਆ ਸੀ ਤੇ ਪ੍ਰੋਗਰਾਮ ਰੱਦ ਕਰਨਾ ਪਿਆ ਸੀ। ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਸਣੇ ਹੋਰਨਾਂ ਵਿਧਾਇਕਾਂ ਦਾ ਕਿਸਾਨ ਜਥੇਬੰਦੀਆਂ ਲਗਾਤਾਰ ਵਿਰੋਧ ਕਰ ਰਹੀਆਂ ਹਨ।¿;
ਇਸ ਤੋਂ ਇਲਾਵਾ ਦੋਆਬੇ ਦੀਆਂ ਕਿਸਾਨ ਜਥੇਬੰਦੀਆਂ ਨੇ ਪੁਲਿਸ ਲਾਠੀਚਾਰਜ ਦਾ ਵਿਰੋਧ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਪੁਤਲਾ ਵੀ ਫੂਕਿਆ। ਜਲੰਧਰ ’ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਦੋਆਬਾ, ਕੰਢੀ ਕਿਸਾਨ ਸੰਘਰਸ਼ ਕਮੇਟੀ ਤੇ ਹੋਰ ਕਿਸਾਨ ਜਥੇਬੰਦੀਆਂ ਨੇ ਇਕਜੁੱਟ ਹੁੰਦਿਆਂ ਹਰਿਆਣਾ ਸਰਕਾਰ ਤੇ ਹਰਿਆਣਾ ਪੁਲਿਸ ਵੱਲੋਂ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਗਟਾ ਰਹੇ ਕਿਸਾਨਾਂ ’ਤੇ ਅੰਨ੍ਹੇਵਾਹ ਡਾਂਗਾਂ ਵਰ੍ਹਾਉਣ ਦੀ ਸਖ਼ਤ ਨਿਖੇਧੀ ਕੀਤੀ। ਕਿਸਾਨ ਜਥੇਬੰਦੀਆਂ ਨੇ ਇਥੋਂ ਦੇ ਪੀ.ਏ.ਪੀ. ਚੌਕ ਨੇੜੇ ਨੈਸ਼ਨਲ ਹਾਈਵੇਅ ’ਤੇ ਦੋ ਘੰਟੇ ਦਾ ਜਾਮ ਲਾਇਆ। ਇਸੇ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਲੋਹੀਆਂ ਖ਼ਾਸ ’ਚ ਧਰਨਾ-ਪ੍ਰਦਰਸ਼ਨ ਕਰਨ ਮਗਰੋਂ ਕੇਂਦਰ ਅਤੇ ਹਰਿਆਣਾ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਅੰਮਿ੍ਰਤਸਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਭੰਡਾਰੀ ਪੁਲ ’ਤੇ ਦੋ ਘੰਟੇ ਸੜਕੀ ਆਵਾਜਾਈ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਪੁਤਲਾ ਫੂਕਿਆ। ਕਿਸਾਨਾਂ ਨੇ ਲਾਠੀਚਾਰਜ ਕਰਨ ਤੇ ਕਰਵਾਉਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਜਥੇਬੰਦੀ ਦੇ ਕਿਸਾਨ ਆਗੂ ਪਲਵਿੰਦਰ ਮਾਹਲ, ਬਾਬਾ ਕਰਮਜੀਤ ਸਿੰਘ ਨੇ ਕਿਹਾ ਕਿ ਖੱਟੜ ਸਰਕਾਰ ਨੇ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੇ ਕਿਸਾਨਾਂ ’ਤੇ ਲਾਠੀਚਾਰਜ ਕਰਕੇ ਤਾਨਾਸ਼ਾਹੀ ਕਾਰਵਾਈ ਕੀਤੀ ਹੈ, ਜਿਸ ਕਾਰਨ ਕਈ ਕਿਸਾਨ ਜ਼ਖ਼ਮੀ ਹੋ ਗਏ ਹਨ ਅਤੇ ਇੱਕ ਕਿਸਾਨ ਇਲਾਜ ਦੌਰਾਨ ਸ਼ਹੀਦ ਵੀ ਹੋ ਗਿਆ। ਉਨ੍ਹਾਂ ਹਰਿਆਣਾ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ।
ਪੁਲਿਸ ਲਾਠੀਚਾਰਜ ’ਚ ਜ਼ਖ਼ਮੀ ਹੋਇਆ ਕਿਸਾਨ ਸ਼ਹੀਦ
ਹਰਿਆਣਾ ਦੇ ਕਰਨਾਲ ’ਚ ਬੀਤੇ ਦਿਨੀਂ ਪੁਲਿਸ ਵੱਲੋਂ ਕੀਤੇ ਲਾਠੀਚਾਰਜ ’ਚ ਜ਼ਖ਼ਮੀ ਹੋਏ ਕਿਸਾਨ ਸੁਸ਼ੀਲ ਕਾਜਲ ਦੀ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਦਰਸ਼ਨ ਸਿੰਘ ਗੁਰਨੇ ਕਲਾਂ ਵਲੋਂ ਸੋਸ਼ਲ ਮੀਡੀਆ ਜ਼ਰੀਏ ਇਸ ਦੀ ਪੁਸ਼ਟੀ ਕੀਤੀ ਗਈ ਹੈ। ਕਿਸਾਨ ਆਗੂਆਂ ਅਨੁਸਾਰ ਸੁਸ਼ੀਲ ਢਾਈ ਏਕੜ ਜ਼ਮੀਨ ਦਾ ਮਾਲਕ ਸੀ ਤੇ ਕਿਸਾਨੀ ਸੰਘਰਸ਼ ਵਿਚ ਲੰਬੇ ਸਮੇਂ ਤੋਂ ਹਿੱਸਾ ਲੈਂਦਾ ਆ ਰਿਹਾ ਸੀ। ਕਿਸਾਨ ਜਥੇਬੰਦੀਆਂ ਅਨੁਸਾਰ ਸੁਸ਼ੀਲ ਦਾ ਪਿੰਡ ਰਾਏਪੁਰ ਜਟਾਣਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾਈ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਦਿੱਲੀ ਤੋਂ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹੀਦ ਹੋਏ ਕਿਸਾਨ ਦੀ ਮੌਤ ਸਬੰਧੀ ਸੰਘਰਸ਼ ਲਈ ਹਰਿਆਣਾ ਕਿਸਾਨ ਜਥੇਬੰਦੀ ਨੇ ਮੀਟਿੰਗ ਬੁਲਾਈ ਹੈ, ਜਿਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਉਨ੍ਹਾਂ ਨਾਲ ਗੱਲਬਾਤ ਕਰਕੇ ਅੰਦੋਲਨ ਨੂੰ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲਾਠੀਚਾਰਜ ਲਈ ਭੜਕਾਉਣ ਵਾਲੇ ਐੱਸ.ਡੀ.ਐੱਮ. ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਤੇ ਮੌਤ ਲਈ ਜ਼ਿੰਮੇਵਾਰੀ ਦਾ ਮਾਮਲਾ ਦਰਜ ਕਰਾਉਣ ਲਈ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੀ ਤਰਜ਼ ’ਤੇ ਹਰਿਆਣਾ ਸਰਕਾਰ ਪਾਸੋਂ ਸ਼ਹੀਦ ਦੇ ਪਰਿਵਾਰ ਲਈ ਦਸ ਲੱਖ ਰੁਪਏ ਮੁਆਵਜ਼ੇ, ਕਰਜ਼ਾ ਮੁਆਫੀ ਅਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਜਾਵੇਗੀ।

Share