ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ ਦੀ ਦੋਹਤੀ ਵੱਲੋਂ ਖ਼ੁਦਕੁਸ਼ੀ

258
Share

ਬੰਗਲੌਰ, 28 ਜਨਵਰੀ (ਪੰਜਾਬ ਮੇਲ)- ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਦੀ ਦੋਹਤੀ ਡਾ. ਸੌਂਦਰਿਆ ਵੀਵਾਈ ਨੇ ਅੱਜ ਸਵੇਰੇ ਆਪਣੇ ਵਸੰਤ ਨਗਰ ਫਲੈਟ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਅਨੁਸਾਰ ਨਿੱਜੀ ਹਸਪਤਾਲ ’ਚ ਕੰਮ ਕਰਦੀ 30 ਸਾਲਾ ਡਾਕਟਰ ਵੱਲੋਂ ਚੁੱਕੇ ਗਏ ਇਸ ਕਦਮ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗਿਆ। ਪੁਲਿਸ ਨੇ ਦੱਸਿਆ ਕਿ ਭਾਜਪਾ ਨੇਤਾ ਦੀ ਦੂਜੀ ਧੀ ਪਦਮਾਵਤੀ ਦੀ ਧੀ ਸੌਂਦਰਿਆ ਦਾ ਵਿਆਹ 2018 ਵਿਚ ਉਸੇ ਹਸਪਤਾਲ ਵਿਚ ਕੰਮ ਕਰਨ ਵਾਲੇ ਡਾਕਟਰ ਨੀਰਜ ਐੱਸ ਨਾਲ ਹੋਇਆ ਸੀ। ਸ਼ੁੱਕਰਵਾਰ ਸਵੇਰੇ ਕਰੀਬ 8 ਵਜੇ ਨੀਰਜ ਡਿਊਟੀ ਲਈ ਰਵਾਨਾ ਹੋਇਆ ਅਤੇ ਸ਼ੱਕ ਹੈ ਕਿ ਉਸ ਤੋਂ ਦੋ ਘੰਟੇ ਬਾਅਦ ਸੌਂਦਰਿਆ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਨੌਕਰਾਣੀ ਘਰ ਆਈ ਅਤੇ ਦਰਵਾਜ਼ਾ ਕਈ ਵਾਰ ਖੜਕਾਇਆ। ਉਸ ਨੇ ਡਾਕਟਰ ਨੀਰਜ ਨੂੰ ਸੂਚਿਤ ਕੀਤਾ, ਜਿਸ ਨੇ ਫ਼ੋਨ ਕੀਤਾ ਪਰ ਕੋਈ ਜਵਾਬ ਨਹੀਂ ਆਇਆ। ਪੁਲਿਸ ਨੇ ਕਿਹਾ, ਫਿਰ ਦਰਵਾਜ਼ਾ ਤੋੜਿਆ ਗਿਆ ਤੇ ਲਾਸ਼ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਪੋਸਟਮਾਰਟਮ ਕੀਤਾ ਗਿਆ।

Share