
ਸਿਆਟਲ, 1 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੇ ਉਭਰਦੇ ਪਹਿਲਵਾਨ ਕਰਨਦੀਪ ਚੌਹਾਨ ਨੇ ਸੁਪਰੀਮ ਸਮਰ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ 27-28-29 ਅਗਸਤ ਨੂੰ ਲਾਸ ਵੇਗਸ ਵਿਖੇ ਜੂਨੀਅਰ ਵਰਗ ’ਚੋਂ 138 ਪੌਂਡ ਭਾਰ ’ਚ ਕਾਂਸੀ ਦਾ ਤਮਗਾ ਜਿੱਤ ਕੇ ਸਿਆਟਲ ਪਹੁੰਚਣ ’ਤੇ ਕਰਨਦੀਪ ਸਿੰਘ ਚੌਹਾਨ ਤੇ ਉਸ ਦੇ ਪਿਤਾ ਹਰਦੀਪ ਸਿੰਘ ਚੌਹਾਨ ਨੂੰ ਪੰਜਾਬੀ ਭਾਈਚਾਰੇ ਦੇ ਖੇਡ ਪ੍ਰੇਮੀਆਂ ਨੇ ਵਧਾਈਆਂ ਦਿੱਤੀਆਂ ਅਤੇ ਸਮਾਗਮ ਆਯੋਜਿਤ ਕਰਕੇ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਅਤੇ ਸਿਆਟਲ ਖੇਡ ਕੈਂਪ ਦੀ ਵੱਡੀ ਪ੍ਰਾਪਤੀ ਦੱਸਿਆ। ਹਰਦੇਵ ਸਿੰਘ ਜੱਜ, ਸੇਮ ਵਿਰਕ, ਗੁਰਦੀਪ ਸਿੰਘ ਸਿੱਧੂ ਤੇ ਖੇਡ ਕੈਂਪ ਦੇ ਪ੍ਰਬੰਧਕਾਂ ਨੇ ਸੁਝਾਅ ਦਿੱਤਾ ਕਿ ਪੰਜਾਬੀ ਭਾਈਚਾਰੇ ਦਾ ਕੋਈ ਵੀ ਖਿਡਾਰੀ ਨੈਸ਼ਨਲ ਜਾਂ ਅੰਤਰਰਾਸ਼ਟਰੀ ਪੱਧਰ ’ਤੇ ਭਾਗ ਲਵੇ, ਤਾਂ ਉਸ ਦਾ ਸਾਰਾ ਖਰਚਾ ਪੰਜਾਬੀ ਭਾਈਚਾਰੇ ਵੱਲੋਂ ਸਾਂਝੇ ਤੌਰ ’ਤੇ ਕਰਨਾ ਚਾਹੀਦਾ ਹੈ। ਕਰਨਦੀਪ ਚੌਹਾਨ ਦੇ ਵੱਡੇ ਭਰਾ ਰਜਤ ਚੌਹਾਨ ਵਿਸ਼ਵ ਪਾਵਰਲਿਫਟਿੰਗ ’ਚੋਂ ਸੋਨ ਤਮਗਾ ਜਿੱਤ ਚੁੱਕੇ ਹਨ ਅਤੇ ਪਿਛਲੇ 11 ਸਾਲ ਤੋਂ ਬੱਚਿਆਂ ਦਾ ਖੇਡ ਕੈਂਪ ’ਚ ਭਾਗ ਲੈ ਰਹੇ ਹਨ, ਜਿਨ੍ਹਾਂ ਦੀ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਹੌਂਸਲਾ ਅਫਜ਼ਾਈ ਕੀਤੀ ਜਾਂਦੀ ਹੈ।