ਕਰਤਾਰਪੁਰ ਲਾਂਘੇ ਲਈ ਜ਼ੀਰੋ ਲਾਈਨ ਨੇੜੇ ਪੁਲ ਦੀ ਉਸਾਰੀ 40 ਫ਼ੀਸਦੀ ਤੋਂ ਵਧੇਰੇ ਮੁਕੰਮਲ : ਗਿਲਾਨੀ

63
ਕਰਤਾਰਪੁਰ ਲਾਂਘੇ ਲਈ ਦਰਿਆ ਰਾਵੀ 'ਤੇ ਬਣਾਏ ਜਾ ਰਹੇ ਪੁਲ ਦੇ ਚੱਲ ਰਹੇ ਉਸਾਰੀ ਕੰਮ ਦਾ ਜਾਇਜ਼ਾ ਲੈਂਦੇ ਹੋਏ ਹਬੀਬ ਉਰ ਰਹਿਮਾਨ ਗਿਲਾਨੀ, ਰਾਣਾ ਸ਼ਾਹਿਦ ਸਲੀਮ, ਸਦਾ ਅਜ਼ਗਰ ਅਲੀ ਤੇ ਹੋਰ।
Share

ਅੰਮ੍ਰਿਤਸਰ, 23 ਮਈ (ਪੰਜਾਬ ਮੇਲ)-ਪਾਕਿਸਤਾਨ ਸਰਕਾਰ ਵਲੋਂ ਪਬਲਿਕ ਸੈਕਟਰ ਡਿਵੈਲਪਮੈਂਟ ਪ੍ਰੋਗਰਾਮ ਦੇ ਤਹਿਤ ਕਰਤਾਰਪੁਰ ਲਾਂਘੇ ਲਈ ਭਾਰਤ-ਪਾਕਿ ਜ਼ੀਰੋ ਲਾਈਨ ਨੇੜੇ ਪੁਲ ਦੀ ਸ਼ੁਰੂ ਕੀਤੀ ਉਸਾਰੀ ਲਗਪਗ 40 ਫ਼ੀਸਦੀ ਮੁਕੰਮਲ ਹੋ ਚੁੱਕੀ ਹੈ। ਪੁਲ ਦੀ ਉਸਾਰੀ ਲਈ 45 ਕਰੋੜ 30 ਲੱਖ ਰੁਪਏ (ਪਾਕਿਸਤਾਨੀ ਕਰੰਸੀ) ਦੀ ਰਕਮ ਜਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫ਼ੰਡ ਉਸ 49 ਕਰੋੜ 40 ਲੱਖ ਰੁਪਏ ਦੀ ਕੁੱਲ ਰਕਮ ਦਾ ਹਿੱਸਾ ਹੈ, ਜੋ ਅਗਲੇ ਵਿੱਤੀ ਵਰ੍ਹੇ ਲਈ ਧਾਰਮਿਕ ਮਾਮਲਿਆਂ ਅਤੇ ਇੰਟਰਫੇਥ ਸਦਭਾਵਨਾ ਬਾਰੇ ਮੰਤਰਾਲੇ ਵਲੋਂ ਤਿੰਨ ਨਵੇਂ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਲਈ ਰੱਖੀ ਗਈ ਸੀ। ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ ਅਤੇ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਣਾ ਸ਼ਾਹਿਦ ਸਲੀਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 270 ਮੀਟਰ ਲੰਬੇ ਪੁਲ ਦੀ ਉਸਾਰੀ ਦਾ ਕੰਮ ਠੇਕੇਦਾਰਾਂ ਵਲੋਂ ਜੰਗੀ ਪੱਧਰ ‘ਤੇ ਕੀਤਾ ਜਾ ਰਿਹਾ ਹੈ। ਮੌਕੇ ‘ਤੇ ਮੌਜੂਦ ਈ.ਟੀ.ਪੀ.ਬੀ. ਦੇ ਚੇਅਰਮੈਨ ਹਬੀਬ ਉਰ ਰਹਿਮਾਨ ਗਿਲਾਨੀ ਨੇ ਦੱਸਿਆ ਕਿ ਭਾਰਤ ਨੇ ਇਲਾਕੇ ‘ਚ ਹੜ੍ਹਾਂ ਦੇ ਖ਼ਤਰੇ ਨੂੰ ਦੇਖਦੇ ਹੋਏ ਪੁਲ ਬਣਾਉਣ ਦੀ ਤਜਵੀਜ਼ ਰੱਖੀ ਸੀ, ਜਿਸ ਦੇ ਮੱਦੇਨਜ਼ਰ ਉਸਾਰੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਫ਼ੰਡਾਂ ਦੀ ਘਾਟ ਦੱਸਦਿਆਂ ਪੁਲ ਦਾ ਕੰਮ ਰੋਕੇ ਜਾਣ ਦੀਆਂ ਅਫ਼ਵਾਹਾਂ ਨੂੰ ਰੱਦ ਕਰਦਿਆਂ ਕਿਹਾ ਕਿ ਪੁਲ ਦੀ ਉਸਾਰੀ ਜੰਗੀ ਪੱਧਰ ‘ਤੇ ਜਾਰੀ ਹੈ।


Share