ਕਮਲਾ ਹੈਰਿਸ ਹੋਵੇਗੀ ਅਮਰੀਕਾ ਦੇ ਉਪ-ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ

834
Share

ਵਾਸ਼ਿੰਗਟਨ, 12 ਅਗਸਤ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਿਡਨ ਨੇ ਕਮਲਾ ਹੈਰਿਸ ਨੂੰ ਉਪ-ਰਾਸ਼ਟਰਪਤੀ ਦੇ ਲਈ ਉਮੀਦਵਾਰ ਬਣਾਇਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਕੋਈ ਗੈਰ ਗੋਰੀ ਬੀਬੀ ਦੇਸ਼ ਦੀ ਕਿਸੇ ਵੱਡੀ ਪਾਰਟੀ ਵੱਲੋਂ ਉਪਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣੀ ਹੈ। ਜੇਕਰ ਹੈਰਿਸ ਉਪਰਾਸ਼ਟਰਪਤੀ ਬਣ ਜਾਂਦੀ ਹੈ, ਤਾਂ ਉਹ ਇਸ ਅਹੁਦੇ ‘ਤੇ ਕਾਬਜ ਹੋਣ ਵਾਲੀ ਅਮਰੀਕਾ ਦੀ ਪਹਿਲੀ ਬੀਬੀ ਹੋਵੇਗੀ ਅਤੇ ਅਫਰੀਕੀ ਉਪਰਾਸ਼ਟਰਪਤੀ ਹੋਵੇਗੀ। ਹੈਰਿਸ (55) ਦੇ ਪਿਤਾ ਅਫਰੀਕੀ ਅਤੇ ਮਾਂ ਭਾਰਤੀ ਹੈ। ਉਹ ਅਮਰੀਕਾ ਦੇ ਕੈਲੀਫੋਰਨੀਆ ਦੀ ਸੈਨੇਟਰ ਹਨ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਹੈਰਿਸ ਨੂੰ ਅਕਸਰ ਮਾਰਗਦਰਸ਼ਕ ਦੱਸਦੇ ਹਨ।
ਬਿਡੇਨ (77) ਨੇ ਮੰਗਲਵਾਰ ਦੁਪਹਿਰ ਇਕ ਲਿਖਤੀ ਸੰਦੇਸ਼ ‘ਚ ਇਸ ਦਾ ਐਲਾਨ ਕਰਕੇ ਕਈ ਦਿਨਾਂ ਤੋਂ ਜਾਰੀ ਅਟਕਲਾਂ ਨੂੰ ਖ਼ਤਮ ਕੀਤਾ। ਉਨ੍ਹਾਂ ਨੇ ‘ਡੈਮੋਕਰੇਟਿਕ ਨੈਸ਼ਨਲ ਕਨਵੈਨਸ਼ਨ’ ਤੋਂ ਪਹਿਲਾਂ ਇਹ ਐਲਾਨ ਕੀਤਾ ਹੈ, ਜਿਸ ਵਿਚ ਤਿੰਨ ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਬਿਡੇਨ ਨੂੰ ਰਸਮੀ ਤੌਰ ਉੱਤੇ ਨਾਮਜ਼ਦ ਕੀਤਾ ਜਾਵੇਗਾ। ਬਿਡੇਨ ਨੇ ਸੰਦੇਸ਼ ‘ਚ ਕਿਹਾ, ‘ਜੋਅ ਬਿਡੇਨ ਯਾਨੀ ਮੈਂ, ਕਮਲਾ ਹੈਰਿਸ ਨੂੰ ਉਪਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਚੁਣਿਆ ਹੈ। ਤੁਹਾਡੇ ਨਾਲ ਮਿਲ ਕੇ ਅਸੀਂ ਟਰੰਪ (ਅਮਰੀਕਾ ਦੇ ਰਾਸ਼ਟਰਪਤੀ) ਨੂੰ ਮਾਤ ਦੇਵਾਂਗੇ। ਟੀਮ ਵਿਚ ਉਨ੍ਹਾਂ ਦਾ ਸਵਾਗਤ ਕਰੋ।’ ਬਿਡੇਨ ਨੇ ਕਿਹਾ ਕਿ ਦੇਸ਼ ਨੂੰ ਵਾਪਸ ਪਟੜੀ ‘ਤੇ ਲਿਆਉਣ ਵਿਚ ਉਹ ਸਭ ਤੋਂ ਉੱਤਮ ਸਾਂਝੀਦਾਰ ਹੋਵੇਗੀ। ਬਿਡੇਨ ਦੇ ਚੋਣ ਪ੍ਰਚਾਰ ਅਭਿਆਨ ਨੇ ਕਿਹਾ, ‘ਜੋਅ ਬਿਡਨ ਦੇਸ਼ ਨੂੰ ਅੱਗੇ ਵਧਾਉਣ ਲਈ ਰਾਸ਼ਟਰ ਨੂੰ ਫਿਰ ਤੋਂ ਇੱਕਜੁਟ ਕਰਨ ਲਈ ਚੋਣ ਲੜ ਰਹੇ ਹਨ। ਬਿਡੇਨ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਅਹਿਮੀਅਤ ਦੇ ਬਾਰੇ ਵਿਚ ਚੰਗੀ ਤਰ੍ਹਾਂ ਨਾਲ ਪਤਾ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਦੇਸ਼ ਨੂੰ ਪਟੜੀ ‘ਤੇ ਵਾਪਸ ਲਿਆਉਣ ਵਿਚ ਕਮਲਾ ਹੈਰਿਸ ਸਭ ਤੋਂ ਉੱਤਮ ਸਾਂਝੀਦਾਰ ਹੋਵੇਗੀ।’ ਇਸ ਤੋਂ ਪਹਿਲਾਂ, ਜੋਅ ਬਿਡਨ ਨੇ ਹੈਰਿਸ ਦੇ ਪਰਿਵਾਰ ਨੂੰ ਕੈਲੀਫੋਰਨੀਆ ਤੋਂ ਲਿਆਉਣ ਲਈ ਇਕ ਵਿਸ਼ੇਸ਼ ਜਹਾਜ਼ ਵੀ ਭੇਜਿਆ ਸੀ। ਇਸ ਦੌਰਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਿਡੇਨ ਦੇ ਇਸ ਫੈਸਲੇ ‘ਤੇ ਹੈਰਾਨੀ ਜਤਾਈ ਹੈ। ਟਰੰਪ ਨੇ ਵ੍ਹਾਈਟ ਹਾਊਸ ‘ਚ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ, ‘ਅਸੀਂ ਵੇਖਾਂਗੇ ਉਹ ਕਿਵੇਂ ਕੰਮ ਕਰਦੀ ਹੈ। ਉਨ੍ਹਾਂ ਨੇ ਪ੍ਰਾਇਮਰੀ ‘ਚ ਬੇਹੱਦ ਖ਼ਰਾਬ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਦੇ ਬਿਹਤਰ ਪ੍ਰਦਰਸ਼ਨ ਦੀ ਉਮੀਦ ਸੀ।’ ਉਨ੍ਹਾਂ ਕਿਹਾ, ‘ਉਹ ਕਈ ਚੀਜ਼ਾਂ ਨੂੰ ਲੈ ਕੇ ਚਰਚਾ ਵਿਚ ਸੀ, ਇਸ ਲਈ ਮੈਨੂੰ ਬਿਡੇਨ ਵੱਲੋਂ ਉਨ੍ਹਾਂ ਦੀ ਚੋਣ ਕਰਣ ‘ਤੇ ਥੋੜ੍ਹੀ ਹੈਰਾਨੀ ਹੋ ਰਹੀ ਹੈ।’


Share