ਕਮਲਾ ਹੈਰਿਸ ਸਹੁੰ ਚੁੱਕ ਸਮਾਰੋਹ ਦੌਰਾਨ ਜਸਟਿਸ ਸੋਨੀਆ ਸੋਤੋਮਯੋਰ ਕੋਲੋਂ ਚੁੱਕੇਗੀ ਸਹੁੰ

552
Share

ਫਰਿਜ਼ਨੋ , 18 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਉਪ-ਰਾਸ਼ਟਰਪਤੀ ਚੁਣੀ ਕਮਲਾ ਹੈਰਿਸ ਬੁੱਧਵਾਰ ਦੇ ਦਿਨ ਸਹੁੰ ਚੁੱਕ ਸਮਾਗਮ ਦੌਰਾਨ ਉਦਘਾਟਨ ਸਮੇਂ ਸੁਪਰੀਮ ਕੋਰਟ ਦੀ ਜਸਟਿਸ ਸੋਨੀਆ ਸੋਤੋਮਯੋਰ ਕੋਲੋਂ ਸਹੁੰ ਚੁੱਕੇਗੀ, ਜੋ ਕਿ ਇੱਕ ਇਤਿਹਾਸ ਰਚਣ ਵਾਲੀ ਗੱਲ ਹੋਵੇਗੀ, ਜਿਸ ਵਿਚ ਪਹਿਲੀ ਦੱਖਣੀ ਏਸ਼ੀਆਈ ਮਹਿਲਾ ਚੁਣੀ ਗਈ ਉਪ ਰਾਸ਼ਟਰਪਤੀ, ਸੁਪਰੀਮ ਕੋਰਟ ਦੀ ਪਹਿਲੀ ਲੈਟਿਨਾ ਜਸਟਿਸ ਤੋਂ ਆਪਣੇ ਅਹੁਦੇ ਦੀ ਸਹੁੰ ਲਵੇਗੀ। ਕਮਲਾ ਹੈਰਿਸ, ਜਸਟਿਸ ਸੋਤੋਮਯੋਰ ਦੇ ਪਿਛੋਕੜ ਤੋਂ ਪ੍ਰੇਰਿਤ ਹੈ। ਇਸਦੇ ਇਲਾਵਾ ਸਹੁੰ ਚੁੱਕ ਸਮਾਰੋਹ ਦੇ ਇਤਿਹਾਸਕ ਦਿਨ ਲਈ, ਹੈਰਿਸ ਨੇ ਦੋ ਬਾਈਬਲਾਂ ਦੀ ਚੋਣ ਕੀਤੀ ਹੈ, ਜਿਨ੍ਹਾਂ ਵਿਚੋਂ ਇੱਕ ਰੇਜੀਨਾ ਸ਼ੈਲਟਨ ਨਾਲ ਸਬੰਧਤ ਸੀ, ਜੋ ਕਿ ਹੈਰਿਸ ਅਤੇ ਉਸਦੀ ਭੈਣ ਮਾਇਆ ਲਈ ਦੂਜੀ ਮਾਂ ਵਰਗੀ ਸੀ। ਹੈਰਿਸ ਨੇ ਆਪਣੀ ਸਾਰੀ ਉਮਰ ਸ਼ੈਲਟਨ ਦੀ ਯਾਦ ਨੂੰ ਕਾਇਮ ਰੱਖਿਆ ਅਤੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਅਤੇ ਸੰਯੁਕਤ ਰਾਜ ਦੀ ਸੈਨੇਟ ਦੇ ਸਹੁੰ ਚੁੱਕਣ ਵੇਲੇ ਵੀ ਹੈਰਿਸ ਨੇ ਸ਼ੈਲਟਨ ਦੀ ਬਾਈਬਲ ਦੀ ਵਰਤੋਂ ਕੀਤੀ ਸੀ, ਜਦਕਿ ਦੂਜੀ ਬਾਈਬਲ ਸੁਪਰੀਮ ਕੋਰਟ ਦੇ ਜਸਟਿਸ ਥੁਰਗੁਡ ਮਾਰਸ਼ਲ ਨਾਲ ਸਬੰਧਤ ਹੈ, ਜਿਸਨੇ ਹੈਰਿਸ ਦੇ ਕਰੀਅਰ ਦੇ ਰਸਤੇ ਨੂੰ ਪ੍ਰੇਰਿਤ ਕੀਤਾ ਸੀ। ਹੈਰਿਸ ਨੇ ਹਾਵਰਡ ਯੂਨੀਵਰਸਿਟੀ ਤੋਂ ਦਸਵੀਂ ਪਾਸ ਕਰਨ ਦਾ ਸਿਹਰਾ ਵੀ ਮਾਰਸ਼ਲ ਨੂੰ ਦਿੱਤਾ ਹੈ, ਜਿਸਨੇ ਕਿ ਇਤਿਹਾਸਕ ਤੌਰ ’ਤੇ ਬਲੈਕ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਸੀ। 20 ਜਨਵਰੀ ਨੂੰ ਹੋ ਰਹੇ ਇਸ ਸਹੁੰ ਚੁੱਕ ਸਮਾਗਮ ਵਿਚ ਜਸਟਿਸ ਸੋਨੀਆ ਸੋਤੋਮਯੋਰ ਦੂਸਰੀ ਵਾਰ ਇਸ ਤਰ੍ਹਾਂ ਦੇ ਸਮਾਗਮ ਵਿਚ ਹਿੱਸਾ ਲੈ ਰਹੀ ਹੈ। ਇਸ ਤੋਂ ਪਹਿਲਾਂ ਉਸਨੇ 2013 ਵਿਚ ਰਾਸ਼ਟਰਪਤੀ ਚੁਣੇ ਜੋਅ ਬਾਇਡਨ ਨੂੰ ਉਪ ਰਾਸ਼ਟਰਪਤੀ ਵਜੋਂ ਸਹੁੰ ਚੁਕਵਾਈ ਸੀ।

Share