ਕਮਲਾ ਹੈਰਿਸ ਵੱਲੋਂ ਫਰਾਂਸ ਦੇ ਰਾਸ਼ਟਰਪਤੀ ਨਾਲ ਦੋ ਪੱਖੀ ਤੇ ਗਲੋਬਲ ਮੁੱਦਿਆਂ ’ਤੇ ਚਰਚਾ

438
Share

ਵਾਸ਼ਿੰਗਟਨ, 17 ਫਰਵਰੀ (ਪੰਜਾਬ ਮੇਲ)- ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਗੱਲ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਟ੍ਰਾਂਸਅਟਲਾਂਟਿਕ ਗਠਜੋੜ, ਕੋਵਿਡ-19, ਪੱਛਮੀ ਏਸ਼ੀਆ ਅਤੇ ਆਪਣੇ ਦੇਸ਼ ਤੇ ਪੂਰੀ ਦੁਨੀਆਂ ਵਿਚ ਲੋਕਤੰਤਰ ਦਾ ਸਮਰਥਨ ਕਰਨ ਸਮੇਤ ਕਈ ਦੋ-ਪੱਖੀ ਅਤੇ ਗਲੋਬਲ ਮੁੱਦਿਆਂ ’ਤੇ ਚਰਚਾ ਕੀਤੀ। ਵ੍ਹਾਈਟ ਹਾਊਸ ਨੇ ਇਸ ਬਾਰੇ ਵਿਚ ਜਾਣਕਾਰੀ ਦਿੱਤੀ। ਵ੍ਹਾਈਟ ਹਾਊਸ ਨੇ ਇਸ ਗੱਲਬਾਤ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਦੋਹਾਂ ਨੇਤਾਵਾਂ ਨੇ ਕੋਵਿਡ-19 ਮਹਾਮਾਰੀ, ਜਲਵਾਯੂ ਤਬਦੀਲੀ ਨਾਲ ਨਜਿੱਠਣ ਅਤੇ ਲੋਕਤੰਤਰ ਦੇ ਸਮਰਥਨ ਲਈ ਦੋ-ਪੱਖੀ ਅਤੇ ਬਹੁ-ਪੱਖੀ ਸਹਿਯੋਗ ਦੀ ਲੋੜ ’ਤੇ ਜ਼ੋਰ ਦਿੱਤਾ। ਵ੍ਹਾਈਟ ਹਾਊਸ ਨੇ ਦੱਸਿਆ ਕਿ ਉਨ੍ਹਾਂ ਨੇ ਪੱਛਮੀ ਏਸ਼ੀਆ ਅਤੇ ਅਫਰੀਕਾ ਸਮੇਤ ਕਈ ਖੇਤਰੀ ਚੁਣੌਤੀਆਂ ’ਤੇ ਚਰਚਾ ਕੀਤੀ ਅਤੇ ਇਨ੍ਹਾਂ ਦਾ ਮਿਲ ਕੇ ਹੱਲ ਕੱਢਣ ਦੀ ਲੋੜ ’ਤੇ ਜ਼ੋਰ ਦਿੱਤਾ। ਗੱਲਬਾਤ ਦੌਰਾਨ ਹੈਰਿਸ ਨੇ ਅਮਰੀਕਾ ਅਤੇ ਫਰਾਂਸ ਦਰਮਿਆਨ ਦੋ-ਪੱਖੀ ਸੰਬੰਧਾਂ ਅਤੇ ਟ੍ਰਾਂਸਅਟਲਾਂਟਿਕ ਗਠਜੋੜ ਨੂੰ ਦੁਬਾਰਾ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।¿; ਬਿਆਨ ਮੁਤਾਬਕ, ਹੈਰਿਸ ਨੇ ਲਿੰਗੀ ਸਮਾਨਤਾ ਦੇ ਮੁੱਦੇ ’ਤੇ ਮੈਕਰੋਂ ਦੀ ਅਗਵਾਈ ਅਤੇ ਨਾਸਾ ਦੇ ਮੰਗਲ ਲਈ ‘ਮਾਰਸ 2020’ ਮੁਹਿੰਮ ਵਿਚ ਫਰਾਂਸ ਦੇ ਯੋਗਦਾਨ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ। ਉਪ ਰਾਸ਼ਟਰਪਤੀ ਬਣਨ ਮਗਰੋਂ ਇਹ ਦੂਜੀ ਵਾਰ ਹੈ, ਜਦੋਂ ਹੈਰਿਸ ਨੇ ਕਿਸੇ ਵਿਦੇਸ਼ੀ ਨੇਤਾ ਨਾਲ ਗੱਲ ਕੀਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਫਰਵਰੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਗੱਲ ਕੀਤੀ ਸੀ।

Share