ਕਮਲਾ ਹੈਰਿਸ ਨੇ 10 ਬਿਲੀਅਨ ਡਾਲਰ ਦਾ ਗਲੋਬਲ ਫੰਡ ਬਣਾਉਣ ਦੀ ਕੀਤੀ ਮੰਗ

390
Share

ਫਰਿਜ਼ਨੋ, 23 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਬੁੱਧਵਾਰ ਨੂੰ ਭਵਿੱਖ ਦੀਆਂ ਮਹਾਂਮਾਰੀਆਂ ਲਈ ਤਿਆਰੀ ਨੂੰ ਜ਼ਰੂਰੀ ਦੱਸਦੇ ਹੋਏ ਦੁਨੀਆਂ ਭਰ ਦੇ ਦੇਸ਼ਾਂ ਅਤੇ ਕੰਪਨੀਆਂ ਨੂੰ ਅਗਲੇ ਸਿਹਤ ਸੰਕਟਾਂ ਨਾਲ ਨਜਿੱਠਣ ਲਈ 10 ਬਿਲੀਅਨ ਡਾਲਰ ਦਾ ਗਲੋਬਲ ਹੈਲਥ ਫੰਡ ਬਣਾਉਣ ਲਈ ਅਪੀਲ ਕੀਤੀ ਹੈ। ਕਮਲਾ ਹੈਰਿਸ ਅਨੁਸਾਰ ਇਸ ਫੰਡ ’ਚ ਅਮਰੀਕਾ ਵੱਲੋਂ 250 ਮਿਲੀਅਨ ਡਾਲਰ ਨਾਲ ਸ਼ੁਰੂਆਤੀ ਯੋਗਦਾਨ ਪਾਇਆ ਜਾਵੇਗਾ। ਹੈਰਿਸ ਨੇ ਯੂਨਾਈਟਿਡ ਨੇਸ਼ਨਜ਼ ਮਹਾਂਸਭਾ ਦੇ ਦੌਰਾਨ ਆਯੋਜਿਤ ਕੀਤੇ ਇੱਕ ਵਰਚੁਅਲ ਕੋਵਿਡ-19 ਸੰਮੇਲਨ ਦੌਰਾਨ ਇਹ ਐਲਾਨ ਕੀਤਾ। ਭਵਿੱਖ ਦੀਆਂ ਮਹਾਂਮਾਰੀਆਂ ਨੂੰ ਰੋਕਣ ਬਾਰੇ ਇੱਕ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ, ਹੈਰਿਸ ਨੇ ਕੋਵਿਡ-19 ਨੂੰ ਇੱਕ ਟਿਪਿੰਗ ਪੁਆਇੰਟ ਕਰਾਰ ਦਿੱਤਾ। ਹੈਰਿਸ ਅਨੁਸਾਰ ਮਾਹਰਾਂ ਨੇ ਪੁਸ਼ਟੀ ਕੀਤੀ ਹੈ ਕਿ ਭਵਿੱਖ ਦੇ ਜੈਵਿਕ ਖਤਰੇ ਦੀ ਢੁੱਕਵੀਂ ਤਿਆਰੀ ਲਈ ਲੋੜੀਂਦਾ ਫੰਡ ਨਹੀਂ ਹੈ।
ਇਸ ਲਈ ਹੁਣ ਕਾਰਵਾਈ ਕਰਨ ਦਾ ਸਮਾਂ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਅਮਰੀਕਾ ਇਸ ਫੰਡ ਨੂੰ ਸ਼ੁਰੂ ਕਰਨ ਲਈ 250 ਮਿਲੀਅਨ ਡਾਲਰ ਦਾ ਯੋਗਦਾਨ ਦੇਣ ਲਈ ਤਿਆਰ ਹੈ। ਜਿਸ ਨਾਲ ਕਿ ਭਵਿੱਖ ’ਚ ਸਾਹਮਣੇ ਆਉਣ ਵਾਲੀਆਂ¿; ਵੱਡੀਆਂ ਸਮੱਸਿਆਵਾਂ ਨੂੰ ਵਿਸ਼ਵ ਪੱਧਰ ’ਤੇ ਹੱਲ ਕੀਤਾ ਜਾ ਸਕੇ।

Share