ਕਬੱਡੀ ਦੇ ਬਾਬਾ ਬੋਹੜ ਮਹਿੰਦਰ ਸਿੰਘ ਮੌੜ ਨਹੀਂ ਰਹੇ

868
Share

ਜਲੰਧਰ, 13 ਮਈ (ਪੰਜਾਬ ਮੇਲ)- ਮਾਂ ਖੇਡ ਕਬੱਡੀ ਦੇ ਬਾਬਾ ਬੋਹੜ ਤੇ ਮਸ਼ਹੂਰ ਪ੍ਰਮੋਟਰ ਅਤੇ ਦੇਸ਼ਾਂ-ਵਿਦੇਸ਼ਾਂ ‘ਚ ਕਬੱਡੀ ਨੂੰ ਸਭ ਤੋਂ ਪਹਿਲਾਂ ਪ੍ਰਮੋਟ ਕਰਨ ਵਾਲੇ ਮਹਿੰਦਰ ਸਿੰਘ ਮੌੜ (ਕਾਲਾ ਸੰਘਿਆਂ) ਅਕਾਲ ਚਲਾਣਾ ਕਰ ਗਏ। ਉਹ 88 ਵਰ੍ਹਿਆਂ ਦੇ ਸਨ ਅਤੇ 1958 ਤੋਂ ਯੂ.ਕੇ. ‘ਚ ਰਹਿ ਰਹੇ ਸਨ। ਇਥੇ ਉਹ ਵੁਲਵਰਹੈਂਪਟਨ ਵਿਖੇ ਰਹਿ ਰਹੇ ਸਨ। ਕਾਲਾ ਸੰਘਿਆਂ ਦੇ ਜੰਮਪਲ ਮਹਿੰਦਰ ਸਿੰਘ ਮੌੜ ਨੇ ਲਗਭਗ ਪੰਜ ਦਹਾਕੇ ਕਬੱਡੀ ਨੂੰ ਪ੍ਰਫੁਲਿਤ ਕਰਨ ਲਈ ਅਹਿਮ ਯੋਗਦਾਨ ਪਾਇਆ। ਉਹ ਕਾਫੀ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ।
ਜ਼ਿਕਰਯੋਗ ਹੈ ਕਿ ਮਹਿੰਦਰ ਸਿੰਘ ਮੌੜ ਨੇ ਆਪਣੀ ਸਮੁੱਚੀ ਜ਼ਿੰਦਗੀ ਕਬੱਡੀ ਦੇ ਲੇਖੇ ਲਾ ਦਿੱਤੀ। ਉਨ੍ਹਾਂ ਆਪਣੀ ਕੁੱਲ ਜ਼ਿੰਦਗੀ ‘ਚੋਂ 50 ਸਾਲ ਕਬੱਡੀ ਨੂੰ ਹੀ ਸਮਰਪਿਤ ਕੀਤੇ ਸਨ। ਮਹਿੰਦਰ ਸਿੰਘ ਮੌੜ ਨੇ ਦੇਸ਼ਾਂ-ਵਿਦੇਸ਼ਾਂ ਵਿਚ ਮਾਂ-ਖੇਡ ਕਬੱਡੀ ਨੂੰ ਪ੍ਰਮੋਟ ਕੀਤਾ। ਉਨ੍ਹਾਂ ਨੇ ਹਜ਼ਾਰਾਂ ਕਬੱਡੀ ਖਿਡਾਰੀਆਂ ਨੂੰ ਵਿਦੇਸ਼ ‘ਚ ਖੇਡਣ ਦਾ ਮੌਕਾ ਪ੍ਰਦਾਨ ਕੀਤਾ ਤੇ ਕਈਆਂ ਦੇ ਵਿਆਹ ਕਰਵਾ ਕੇ ਵਿਦੇਸ਼ਾਂ ਵਿਚ ਹੀ ਉਨ੍ਹਾਂ ਨੂੰ ਸੈੱਟ ਕਰਕੇ ਰੋਜ਼ੀ-ਰੋਟੀ ਜੋਗੇ ਕੀਤਾ।
ਮਹਿੰਦਰ ਸਿੰਘ ਮੌੜ ਦੀ ਮੌਤ ਦੀ ਖ਼ਬਰ ਦੇਸ਼ਾਂ-ਵਿਦੇਸ਼ਾਂ ‘ਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਕਬੱਡੀ ਖੇਡ ਪ੍ਰਮੋਟਰਾਂ, ਸਪੋਰਟਸ ਕਲੱਬਾਂ, ਖਿਡਾਰੀਆਂ ਤੇ ਖੇਡ ਪ੍ਰੇਮੀਆਂ ਵੱਲੋਂ ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਕਬੱਡੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।


Share