ਸੈਕਰਾਮੈਂਟੋ, 13 ਮਈ (ਪੰਜਾਬ ਮੇਲ)- ਬੀਤੇ ਦਿਨੀਂ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਲੱਖਣ ਕੇ ਪੱਡਾ ‘ਚ ਠੀਕਰੀ ਪਹਿਰਾ ਦੇ ਰਹੇ ਰਾਸ਼ਟਰੀ ਕਬੱਡੀ ਖਿਡਾਰੀ ਅਰਵਿੰਦਰ ਸਿੰਘ ਪੱਡਾ ਨੂੰ ਕਥਿਤ ਏ.ਐੱਸ.ਆਈ. ਪਰਮਜੀਤ ਸਿੰਘ ਵੱਲੋਂ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਅਤੇ ਮਾਂ ਖੇਡ ਕਬੱਡੀ ਦੇ ਉੱਘੇ ਪ੍ਰਮੋਟਰ ਅਤੇ ਬਾਬਾ ਬੋਹੜ ਮਹਿੰਦਰ ਸਿੰਘ ਮੌੜ ਦੇ ਅਚਾਨਕ ਸਦੀਵੀਂ ਵਿਛੋੜਾ ਦੇ ਜਾਣ ‘ਤੇ ਅਮਰੀਕਾ ਦੇ ਵੱਖ-ਵੱਖ ਕਬੱਡੀ ਜਥੇਬੰਦੀਆਂ ਅਤੇ ਖੇਡ ਕਲੱਬਾਂ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਕੈਲੀਫੋਰਨੀਆ ਕਬੱਡੀ ਫੈਡਰੇਸ਼ਨ, ਅਮਰੀਕਨ ਕਬੱਡੀ ਫੈਡਰੇਸ਼ਨ, ਵੱਖ-ਵੱਖ ਕਬੱਡੀ ਕਲੱਬਾਂ ਨੇ ਕਬੱਡੀ ਜਗਤ ਨੂੰ ਇਸ ਅਚਾਨਕ ਪਏ ਘਾਟੇ ਦਾ ਅਫਸੋਸ ਪ੍ਰਗਟ ਕੀਤਾ ਹੈ। ਕਬੱਡੀ ਆਗੂਆਂ ਨੇ ਮੰਗ ਕੀਤੀ ਹੈ ਕਿ ਅਰਵਿੰਦਰ ਸਿੰਘ ਪੱਡਾ ਨੂੰ ਜਿਸ ਪੁਲਿਸ ਅਫਸਰ ਨੇ ਗੋਲੀਆਂ ਮਾਰ ਕੇ ਹਲਾਕ ਕੀਤਾ ਹੈ, ਉਸ ‘ਤੇ ਧਾਰਾ 302 ਤਹਿਤ ਕੇਸ ਦਰਜ ਕਰਕੇ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਅਰਵਿੰਦਰਜੀਤ ਸਿੰਘ ਪੱਡਾ ਦੇ ਪਰਿਵਾਰ ਨੂੰ ਸਰਕਾਰੀ ਮੁਆਵਜ਼ਾ ਮਿਲਣਾ ਚਾਹੀਦਾ ਹੈ। ਕਬੱਡੀ ਪ੍ਰਮੋਟਰਾਂ ਨੇ ਕਿਹਾ ਕਿ ਅਰਵਿੰਦਰਜੀਤ ਪੱਡਾ ਨੂੰ ਨਾਜਾਇਜ਼ ਤਰੀਕੇ ਨਾਲ ਮਾਰਿਆ ਗਿਆ ਹੈ, ਜਿਸ ਨਾਲ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਇਸ ਸੰਬੰਧੀ ਇਕ ਵਫਦ ਜਲਦ ਹੀ ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰ ਆਗੂਆਂ ਨਾਲ ਸੰਪਰਕ ਕਰਕੇ ਇਸ ਕੇਸ ਦੀ ਤਫਤੀਸ਼ ਕਰਾਉਣ ਦੀ ਮੰਗ ਕਰੇਗਾ।
ਕਬੱਡੀ ਪ੍ਰਮੋਟਰਾਂ ਅਤੇ ਖਿਡਾਰੀਆਂ ਨੇ ਮਹਿੰਦਰ ਸਿੰਘ ਮੌੜ ਦੇ ਅਕਾਲ ਚਲਾਣਾ ਕਰਨ ‘ਤੇ ਵੀ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਮਹਿੰਦਰ ਸਿੰਘ ਮੌੜ ਨੇ ਦੇਸ਼ਾਂ-ਵਿਦੇਸ਼ਾਂ ਵਿਚ ਮਾਂ-ਖੇਡ ਕਬੱਡੀ ਨੂੰ ਪ੍ਰਮੋਟ ਕੀਤਾ। ਉਨ੍ਹਾਂ ਆਪਣੀ ਕੁੱਲ ਜ਼ਿੰਦਗੀ ਵਿਚੋਂ 50 ਸਾਲ ਕਬੱਡੀ ਨੂੰ ਹੀ ਸਮਰਪਿਤ ਕੀਤੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਕਬੱਡੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਦੁੱਖ ਜ਼ਾਹਿਰ ਕਰਨ ਵਾਲਿਆਂ ‘ਚ ਸੁਰਿੰਦਰ ਸਿੰਘ ਛਿੰਦਾ ਅਟਵਾਲ, ਜੌਹਨ ਸਿੰਘ ਗਿੱਲ, ਸੁਰਿੰਦਰਪਾਲ ਸਿੰਘ ਨਿੱਜਰ, ਅੰਮ੍ਰਿਤਪਾਲ ਸਿੰਘ ਨਿੱਜਰ (ਨਿੱਜਰ ਬ੍ਰਦਰਜ਼), ਪਾਲ ਸਿੰਘ ਸਿਹੋਤਾ, ਅਮੋਲਕ ਸਿੰਘ ਗਾਖਲ, ਸ਼ੱਬਾ ਥਿਆੜਾ, ਧੀਰਾ ਨਿੱਜਰ, ਬਲਜੀਤ ਸਿੰਘ ਸੰਧੂ, ਤੀਰਥ ਗਾਖਲ, ਕਾਲਾ ਟਰੇਸੀ, ਬਲਜੀਤ ਬਾਸੀ, ਟੁੱਟ ਬ੍ਰਦਰਜ਼, ਸਤਵੰਤ ਸੰਘੇੜਾ, ਜੈਂਟੀ ਸਿੰਘ, ਦੀਪਾ ਚੌਹਾਨ, ਟਹਿਲ ਥਾਂਦੀ, ਨਾਜਰ ਸਹੋਤਾ, ਪ੍ਰੀਤਮ ਪਾਸਲਾ, ਪਾਲ ਕੈਲੇ, ਰਣਜੀਤ ਨਾਗਰਾ, ਹੈਰੀ ਭੰਗੂ ਤੇ ਰਾਜਾ ਧਾਮੀ, ਜੱਸੀ ਸ਼ੇਰਗਿੱਲ, ਪਰਮਜੀਤ ਸਿੰਘ ਖਹਿਰਾ, ਬਿੱਟੂ ਰਾਏ, ਬਿੱਟੂ ਰੰਧਾਵਾ, ਹੈਪੀ ਬਰਿਆਣਾ, ਮੰਗਲ ਢਿੱਲੋਂ, ਕੁਲਬੀਰ ਦੋਸਾਂਝ ਆਦਿ ਸ਼ਾਮਲ ਹਨ।