ਕਈ ਮਹੀਨਿਆਂ ਬਾਅਦ ਆਈਫਲ ਟਾਵਰ ’ਤੇ ਰੌਣਕਾਂ ਲੱਗਣੀਆਂ ਸ਼ੁਰੂ

409
Share

ਪੈਰਿਸ, 7 ਨਵੰਬਰ (ਸੁਖਵੀਰ ਸਿੰਘ ਸੰਧੂ/ਪੰਜਾਬ ਮੇਲ)- ਭਾਵੇਂ ਕੋਵਿਡ-19 ਨਾਂ ਦੀ ਮਹਾਂਮਾਰੀ ਨੇ ਲੋਕਾਂ ਦਾ ਜਨਜੀਵਨ ਥੰਮ ਦਿੱਤਾ ਸੀ। ਵੱਡੇ-ਵੱਡੇ ਕਾਰੋਬਾਰ ਅਤੇ ਵੇਖਣਯੋਗ ਸਥਾਨ ਬੰਦ ਹੋ ਗਏ ਸਨ। ਪਰ ਇਸ ਮਹਾਂਮਾਰੀ ਉਪਰ ਕੁਝ ਹੱਦ ਤੱਕ ਕਾਬੂ ਪਾ ਲੈਣ ਕਾਰਨ ਲੋਕਾਂ ਦੇ ਚਿਹਰਿਆਂ ’ਤੇ ਖੁਸ਼ੀ ਦੀ ਝਲਕ ਆਈਫਲ ਟਾਵਰ ’ਤੇ ਵੇਖਣ ਨੂੰ ਮਿਲੀ। ਪਿਛਲੇ ਦਿਨੀਂ ਉਥੇ ਜਾਣ ਦਾ ਮੌਕਾ ਮਿਲਿਆ। ਟਾਵਰ ਨੂੰ ਵੇਖਣ ਲਈ ਲੋਕਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਥਾਂ-ਥਾਂ ਲੋਕਾਂ ਦੀ ਭੀੜ ਜੁੜੀ ਹੋਈ ਸੀ। ਕਿਉਂਕਿ ਇਹ ਪਬਲਿਕ ਲਈ 9 ਮਹੀਨੇ ਬੰਦ ਵੀ ਰਿਹਾ ਸੀ। ਟਾਵਰ ਉਪਰ ਸਿਰਫ ਕੋਵਿਡ ਪਾਸ ਧਾਰਕਾਂ ਨੂੰ ਹੀ ਜਾਣ ਦੀ ਇਜ਼ਾਜਤ ਹੈ। ਹਰ ਰੋਜ਼ ਤਕਰੀਬਨ ਤੇਰਾਂ ਹਜ਼ਾਰ ਦੇ ਕਰੀਬ ਲੋਕੀ ਵੇਖਣ ਲਈ ਆਉਦੇ ਹਨ। ਵੀਕਐਂਡ ’ਤੇ ਤੇਈ ਜਾਂ ਚੌਵੀ ਹਜ਼ਾਰ ਦੀ ਗਿਣਤੀ ਵੀ ਹੋ ਜਾਂਦੀ ਹੈ। ਪਰ ਸਾਲ 2019 ਵਿਚ ਪੰਚੀ ਹਜ਼ਾਰ ਦੇ ਕਰੀਬ ਲੋਕੀ ਰੋਜ਼ ਆਉਦੇ ਸਨ। ਇਸ ਗੱਲ ਦਾ ਖੁਲਾਸਾ ਇੱਕ ਕਰਿੰਦੇ ਨੇ ਵੀ ਕੀਤਾ ਹੈ। ਕੋਵਿਡ ਕਾਰਨ ਲਿਫ਼ਟ ਵਿਚ ਚੜ੍ਹਣ ਦੀ ਪੰਜਾਹ ਪ੍ਰਤੀਸ਼ਤ ਦੀ ਕਟੌਤੀ ਵੀ ਕੀਤੀ ਹੋਈ ਹੈ। ਇੱਕ ਅੰਦਾਜ਼ੇ ਮੁਤਾਬਕ ਸਾਲ 2021 ਤੋਂ ਹੁਣ ਤੱਕ ਵੇਖਣ ਵਾਲਿਆਂ ਦੀ ਗਿਣਤੀ 10 ਲੱਖ ਪੰਜਾਹ ਹਜ਼ਾਰ ਦੇ ਕਰੀਬ ਹੈ। ਸਾਲ 2019 ’ਚ ਇਹ ਗਿਣਤੀ 60 ਲੱਖ ਵੀਹ ਹਜ਼ਾਰ ਦੇ ਕਰੀਬ ਸੀ। ਸਾਲ 2024 ਵਿਚ ਹੋ ਰਹੀਆਂ ਓਲੰਪਿੰਕ ਖੇਡਾਂ ਦੇ ਮੱਦੇਨਜ਼ਰ ਆਈਫਲ ਟਾਵਰ ਨੂੰ ਹੋਰ ਖੂਬਸੂਰਤ ਬਣਾਉਣ ਲਈ ਰੰਗ ਰੋਗਨ ਦਾ ਕੰਮ ਪਿਛਲੇ ਦੋ ਅਕਤੂਬਰ ਤੋਂ ਸ਼ੁਰੂ ਕੀਤਾ ਹੋਇਆ ਹੈ, ਜਿਸ ਨੂੰ ਮਹਾਂਮਾਰੀ ਕਾਰਨ ਬੰਦ ਕੀਤਾ ਹੋਇਆ ਸੀ।

Share