ਔਰਤ ਕਾਮਿਆਂ ਤੋਂ ਕੰਮ ਕਰਵਾਉਣ ਵਾਲੇ ਦੇਸ਼ਾਂ ਦੀ ਸੂਚੀ ‘ਚ ਭਾਰਤ 177ਵੇਂ ਸਥਾਨ ‘ਤੇ!

481
Share

-ਵਿਸ਼ਵ ਭਰ ‘ਚ ਔਰਤਾਂ ਕਾਮੇ 38.9 ਫੀਸਦੀ, ਭਾਰਤ ‘ਚ 20.1 ਫੀਸਦੀ ਹਨ ਔਰਤ ਕਾਮੇ
-ਗੁਜਰਾਤ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਪ੍ਰਵਾਸੀ ਮਜ਼ਦੂਰਾਂ ‘ਤੇ ਨਿਰਭਰ
ਲੁਧਿਆਣਾ, 7 ਸਤੰਬਰ (ਪੰਜਾਬ ਮੇਲ)- ਔਰਤ ਕਾਮਿਆਂ ਤੋਂ ਕੰਮ ਕਰਵਾਉਣ ਦੇ ਮਾਮਲੇ ‘ਚ 190 ਦੇਸ਼ਾਂ ਦੀ ਸੂਚੀ ‘ਚ ਭਾਰਤ 177ਵੇਂ ਨੰਬਰ ‘ਤੇ ਪੁੱਜ ਗਿਆ ਹੈ, ਜਦਕਿ 2005 ‘ਚ ਭਾਰਤ 168ਵੇਂ ਅਤੇ 2010 ‘ਚ 174ਵੇਂ ਸਥਾਨ ‘ਤੇ ਸੀ। ਵਿਸ਼ਵ ਭਰ ‘ਚ ਔਰਤ ਕਾਮੇ 38.9 ਫ਼ੀਸਦੀ ਹਨ, ਜਦਕਿ ਭਾਰਤ ‘ਚ ਇਹ 20.1 ਫ਼ੀਸਦੀ ਹਨ। ਚੀਨ ‘ਚ 43.7 ਫ਼ੀਸਦੀ ਔਰਤਾਂ ਕੰਮ ਕਰਦੀਆਂ ਹਨ। ਵਿਸ਼ਵ ਬੈਂਕ ਦੀ ਸਰਵੇਖਣ ਰਿਪੋਰਟ ਅਨੁਸਾਰ ਵਿਸ਼ਵ ਦੇ 190 ਦੇਸ਼ਾਂ ‘ਚ ਭਾਰਤ ਦੀ ਦਰਜਾਬੰਦੀ ਬਹੁਤ ਚਿੰਤਾਜਨਕ ਹੈ। ਪਿਛਲੇ 15 ਸਾਲਾਂ ਤੋਂ ਭਾਰਤ ‘ਚ ਔਰਤ ਕਾਮਿਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਸਾਲ 2005 ‘ਚ ਭਾਰਤ ‘ਚ 26.4 ਫ਼ੀਸਦੀ ਔਰਤ ਕਾਮੇ ਸਨ ਅਤੇ 190 ਦੇਸ਼ਾਂ ਦੀ ਸੂਚੀ ‘ਚ ਭਾਰਤ 168ਵੇਂ ਸਥਾਨ ‘ਤੇ ਸੀ। ਸਾਲ 2010 ‘ਚ ਭਾਰਤ 23 ਫ਼ੀਸਦੀ ਔਰਤ ਕਾਮੇ ਹੋਣ ਕਰਕੇ 174ਵੇਂ ਸਥਾਨ ‘ਤੇ ਪੁੱਜ ਗਿਆ। ਸਾਲ 2015 ‘ਚ 20.6 ਫ਼ੀਸਦੀ ਔਰਤ ਕਾਮਿਆਂ ਕਰਕੇ ਭਾਰਤ 177ਵੇਂ ਸਥਾਨ ‘ਤੇ ਪੁੱਜ ਗਿਆ। ਅਫ਼ਗਾਨਿਸਤਾਨ 21.4 ਫ਼ੀਸਦੀ ਔਰਤ ਕਾਮੇ ਹੋਣ ਕਰਕੇ ਭਾਰਤ ਨਾਲੋਂ ਬਿਹਤਰ ਸਥਿਤੀ ‘ਚ ਹੈ। ਪਾਕਿਸਤਾਨ 20.3 ਫ਼ੀਸਦੀ, ਨਿਪਾਲ ‘ਚ 55.7, ਚੀਨ ‘ਚ 43.7, ਸ੍ਰੀਲੰਕਾ ‘ਚ 34.7 ਅਤੇ ਬੰਗਲਾਦੇਸ਼ ‘ਚ 30.5 ਫ਼ੀਸਦੀ ਔਰਤ ਕਾਮੇ ਹਨ। ਭਾਰਤ ਦੇ ਜੰਮੂ-ਕਸ਼ਮੀਰ ‘ਚ 9.9 ਫ਼ੀਸਦੀ, ਪੰਜਾਬ ‘ਚ 4.4 ਫ਼ੀਸਦੀ, ਦਿੱਲੀ ‘ਚ 11.7 ਫ਼ੀਸਦੀ, ਉੱਤਰ ਪ੍ਰਦੇਸ਼ ‘ਚ 12 ਫ਼ੀਸਦੀ, ਹਿਮਾਚਲ ਪ੍ਰਦੇਸ਼ ‘ਚ 15.1 ਫ਼ੀਸਦੀ, ਮੱਧ ਪ੍ਰਦੇਸ਼ ‘ਚ 17.2 ਫ਼ੀਸਦੀ, ਹਰਿਆਣਾ ‘ਚ 18.7 ਫ਼ੀਸਦੀ ਤੇ ਗੁਜਰਾਤ ‘ਚ 19.9 ਫ਼ੀਸਦੀ ਔਰਤ ਕਾਮੇ ਹਨ। ਭਾਰਤ ਦੇ ਗੁਜਰਾਤ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਅਜਿਹੇ ਰਾਜ ਹਨ, ਜੋ ਪ੍ਰਵਾਸੀ ਮਜ਼ਦੂਰਾਂ ‘ਤੇ ਨਿਰਭਰ ਕਰਦੇ ਹਨ, ਜਦੋਂਕਿ ਇਨ੍ਹਾਂ ਰਾਜਾਂ ਦੇ ਆਪਣੇ ਕਾਮੇ ਬੇਰੁਜ਼ਗਾਰ ਹਨ। ਦੇਸ਼ ਦੇ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਸਿੱਕਮ, ਤੇਲੰਗਾਨਾ ਤੇ ਤ੍ਰਿਪੁਰਾ ਵਰਗੇ ਰਾਜ ਔਰਤ ਕਾਮਿਆਂ ਦੇ ਅਨੁਪਾਤ ‘ਚ ਬਹੁਤ ਵਧੀਆ ਹਨ। ‘ਆਲ ਇੰਡਸਟਰੀਜ਼ ਐਾਡ ਟਰੇਡ ਫੋਰਮ’ ਦੇ ਪ੍ਰਧਾਨ ਬਦੀਸ਼ ਜਿੰਦਲ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਗਈ ਹੈ ਕਿ ਉਹ ਵਿੱਤ, ਖ਼ੁਰਾਕ, ਪ੍ਰੋਸੈਸਿੰਗ, ਖੇਤੀਬਾੜੀ, ਪੈਕਿੰਗ, ਪ੍ਰਿੰਟਿੰਗ, ਕੱਪੜਾ, ਸਾਈਕਲ, ਸੇਵਾ ਖੇਤਰ ‘ਚ ਔਰਤ ਕਾਮਿਆਂ ਨੂੰ ਲਗਾਉਣ ਨੂੰ ਲਾਜ਼ਮੀ ਕਰਨ ਅਤੇ ਔਰਤ ਕਾਮਿਆਂ ਦੀ ਗਿਣਤੀ ਵਧਾਉਣ ਲਈ ਸਰਕਾਰ ਨੂੰ ਵੱਖ-ਵੱਖ ਕਦਮ ਚੁੱਕਣੇ ਚਾਹੀਦੇ ਹਨ, ਜਿਸ ‘ਚ ਔਰਤਾਂ ਲਈ ਹੋਸਟਲ ਬਣਾਉਣ, ਬੱਚਿਆਂ ਦੀ ਸੰਭਾਲ ਲਈ ਬਾਲ ਘਰ ਬਣਾਉਣ ਤੇ ਔਰਤਾਂ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ।


Share