ਔਕਲੈਂਡ ਬਾਕਸਿੰਗ ਐਸੋਸੀਏਸ਼ਨ ਦੇ ਵਿਚ ਪੁੱਜਣ ਵਾਲਾ ਪਹਿਲਾ ਸਿੱਖ ਬਾਕਸਰ ਬਣਿਆ 16 ਸਾਲਾ ਹਰਅੰਸ਼ ਸਿੰਘ

604
Share

ਔਕਲੈਂਡ 16 ਜੁਲਾਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਵਸਦੇ ਕਈ ਸਿੱਖ ਨੌਜਵਾਨ ਜਿੱਥੇ ਆਪਣੇ ਧਰਮ, ਸਭਿਆਚਾਰ ਅਤੇ ਜਨਮ ਤੋਂ ਮਿਲਿਆ ਸਿੱਖ ਵਿਰਸਾ ਸੰਭਾਲੀ ਇਕ ਸੰਤੁਲਿਤ ਬਣਾ ਕੇ ਇਨ੍ਹਾਂ ਦੇਸ਼ਾਂ ਦੇ ਬਿਹਤਰ ਬਾਸ਼ਿੰਦੇ ਬਣ ਰਹੇ ਹਨ ਉਥੇ ਸਥਾਨਕ ਸੰਸਥਾਵਾਂ ਵੀ ਉਨ੍ਹਾਂ ਨੂੰ ਆਪਣੇ ਵਿਚ ਸ਼ਾਮਿਲ ਕਰਕੇ ਮਾਣ ਮਹਿਸੂਸ ਕਰਦੀਆਂ ਹਨ। ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ ਇਕ ਵਕਾਰੀ ਸੰਸਥਾ ਔਕਲੈਂਡ ਬਾਕਸਿੰਗ ਐਸੋਸੀਏਸ਼ਨ ਦੇ ਵਿਚ 16 ਸਾਲਾ ਪਹਿਲੇ ਸਿੱਖ ਨੌਜਵਾਨ ਹਰਅੰਸ਼ ਸਿੰਘ  ਦੀ ਚੋਣ ਕੀਤੀ ਗਈ ਹੈ। ਪਿਛਲੇ ਦਿਨੀਂ ਇਸਨੇ 65 ਕਿਲੋਗ੍ਰਾਮ (ਲਾਈਟ ਵੈਲਟਰ ਵੇਟ) ਵਰਗ ਵਾਲੇ ਏ.ਬੀ. ਏ. (ਔਕਲੈਂਡ ਬਾਕਿਸੰਗ ਐਸੋਸੀਏਸ਼ਨ) ਟੂਰਨਾਮੈਂਟ ਦੇ ਵਿਚ ਭਾਗ ਲਿਆ ਅਤੇ ਮੁਕਾਬਲਾ ਜਿੱਤ ਕੇ ਪਹਿਲਾ ‘ਸਿੱਖ ਐਮਚੁਰ ਬਾਕਸਰ’ ਬਣ ਗਿਆ। ‘ਰੀਵਿਲ ਬਾਕਸਿੰਗ ਜਿੱਮ’ ਦਾ ਇਹ ਹੋਣਹਾਰ ਸਿਖਿਆਰਥੀ ਇਸ ਸਾਰੇ ਦਾ ਸਿਹਰਾ ਆਪਣੇ ਜਿੱਮ ਦੇ ਕੋਚ ਸ੍ਰੀ ਲਾਂਸ ਰਾਵੇਲ (ਕਾਮਨਵੈਲਥ ਤਮਗਾ ਜੇਤੂ) ਨੂੰ ਅਤੇ ਬਾਕੀ ਮਿਲੀ ਸਾਰੀ ਸੁਪੋਰਟ ਨੂੰ ਦਿੰਦਾ ਹੈ। ਉਹ ਆਪਣਾ ਰੋਲ ਮਾਡਲ ਸਵ. ਬਾਕਸਰ ਮੁਹੰਮਦ ਅਲੀ ਨੂੰ ਮੰਨਦਾ ਹੈ। ਇਸ ਸਿੱਖ ਬੱਚੇ ਦਾ ਅਗਲਾ ਨਿਸ਼ਾਨਾ ਰਾਸ਼ਟਰੀ ਖੇਡਾਂ 2021 ਅਤੇ ਕਾਮਨਵੈਲਥ ਖੇਡਾਂ ਦੇ ਵਿਚ ਭਾਗ ਲੈਣਾ ਹੈ।
ਇਸ ਵੇਲੇ ਹਰਅੰਸ਼ ਸਿੰਘ ਪਾਕੂਰੰਗਾ ਕਾਲਿਜ ਦੇ ਵਿਚ 12ਵੇਂ ਸਾਲ ਦੀ ਪੜ੍ਹਾਈ ਕਰ ਰਿਹਾ ਹੈ ਤੇ ਇਕ ਸਾਲ ਪਹਿਲਾਂ ਹੀ ਉਸਨੇ ਟ੍ਰੇਨਿੰਗ ਸ਼ੁਰੂ ਕੀਤੀ ਸੀ ਤੇ ਬਹੁਤ ਹੀ ਕਮਾਲ ਦਾ ਰਿਜਲਟ ਉਸਦੀ ਝੋਲੀ ਪਿਆ ਹੈ।  ਸ. ਜਸਜੀਤ ਸਿੰਘ ਅਤੇ ਸ੍ਰੀਮਤੀ ਜਤਿੰਦਰ ਕੌਰ  ਗੋਇੰਦਵਾਲ (ਤਰਨਤਾਰਨ) ਦਾ ਇਹ ਹੋਣਹਾਰ ਪੁੱਤਰ ਆਪਣੇ ਪਰਿਵਾਰ ਦੇ ਨਾਲ 2 ਸਾਲ ਪਹਿਲਾਂ ਹੀ ਇੰਡੀਆ ਤੋਂ ਇਥੇ ਆ ਕੇ ਵਸਿਆ ਹੈ। ਪੰਜਾਬੀ ਕਮਿਊਨਿਟੀ ਅਤੇ ਪੰਜਾਬੀ ਮੀਡੀਆ ਕਰਮੀਆਂ ਵੱਲੋਂ ਹਰਅੰਸ਼ ਸਿੰਘ ਦੀ ਕਾਮਯਾਬੀ ਲਈ ਸ਼ੁੱਭ ਕਾਮਨਾਵਾਂ ਸ਼ਾਲਾ! ਇਹ ਸਿੱਖ ਬੱਚਾ ਕਮਿਊਨਿਟੀ ਦਾ ਨਾਂਅ ਹੋਰ ਚਮਕਾਵੇ।


Share