ਔਕਲੈਂਡ ਦੇ ਸ਼ਹਿਰ ਪਾਪਾਟੋਏਟੋਏ ’ਚ ਜਬਰਦਸਤ ਚੱਕਰਵਰਤੀ ਤੁਫਾਨ ਨੇ ਕੀਤੇ ਵੱਡੇ ਨੁਕਸਾਨ

146
Share

-1 ਦੀ ਜਾਨ ਗਈ, ਘਰਾਂ ਦੀਆਂ ਛੱਤਾਂ ਉਡੀਆਂ, ਗੱਡੀਆਂ ਪਲਟੀਆਂ, ਕਾਰਾਂ ’ਤੇ ਦਰੱਖਤ ਡਿੱਗੇ, ਤਾਰਾਂ ਟੁੱਟੀਆਂ
ਔਕਲੈਂਡ, 19 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਅੱਜ ਸਵੇਰੇ ਸਾਢੇ ਕੁ 8 ਵਜੇ ਦੱਖਣੀ ਔਕਲੈਂਡ ਦੇ ਸ਼ਹਿਰ ਪਾਪਾਟੋਏਟੋਏ ਜਿੱਥੇ ਪੰਜਾਬੀਆਂ ਦੀ ਸੰਘਣੀ ਆਬਾਦੀ ਹੈ, ਵਿਖੇ ਆਏ ਇਕ ਚੱਕਰਵਰਤੀ ਤੁਫਾਨ (ਟੋਰਨਾਡੋ) ਨੇ ਹਵਾ ਦਾ ਐਸਾ ਬਵੰਡਰ ਬਣਾਇਆ ਕਿ ਇਹ ਇਕ ਵਿਅਕਤੀ ਦੀ ਜਾਨ ਲੈ ਗਿਆ, ਜਦ ਕਿ ਦਰਜਨਾਂ ਘਰਾਂ ਦੀਆਂ ਛੱਤਾਂ ਨੁਕਸਾਨੀਆਂ ਗਈਆਂ, ਰਸਤੇ ਵਿਚ ਕਈ ਜਗ੍ਹਾ ਭਾਰੀ ਕੰਟੇਨਰ ਵੀ ਇਕ ਦੂਜੇ ਦੇ ਉਪਰ ਰੱਖੇ ਹੋਣ ਕਰਕੇ ਹੇਠਾਂ ਡਿਗੇ, ਕੰਟੇਨਰਾਂ ਦੇ ਥੱਲੇ ਖੜੀਆਂ ਗੱਡੀਆਂ ਵੀ ਆਈਆਂ, ਦਰੱਖਤ ਟੁੱਟ ਕੇ ਕਾਰਾਂ ਆਦਿ ਉਤੇ ਡਿੱਗੇ, ਤਾਕੀਆਂ ਦਰਵਾਜੇ ਅਤੇ ਦਰੱਖਤਾਂ ਦੇ ਟਾਹਣੇ ਛੱਤ ਪਾੜ ਕੇ ਕਮਰਿਆਂ ਤੱਕ ਪਹੁੰਚੇ। ਬਹੁਤ ਸਾਰੇ ਇਲਾਕਿਆਂ ਦੇ ਵਿਚ ਬਿਜਲੀ ਗੁੱਲ ਹੋ ਗਈ। ਅੱਗ ਬੁਝਾਊ ਦਸਤਾ, ਪੁਲਿਸ ਅਤੇ ਐਂਬੂਲੈਂਸ ਵਾਲੇ ਤੁਰੰਤ ਹਰਕਤ ਵਿਚ ਆਏ ਅਤੇ ਸੇਵਾਵਾਂ ਸ਼ੁਰੂ ਕੀਤੀਆਂ। ਲੋਕਾਂ ਨੇ ਦੱਸਿਆ ਕਿ ਇਸ ਚੱਕਰਵਰਤੀ ਆਵਾਜ਼ ਦੇ ਨਾਲ ਵੱਡੇ ਨੁਕਸਾਨ ਹੋਏ ਅਤੇ ਇਸ ਤਰ੍ਹਾਂ ਤਹਿਸ-ਨਹਿਸ ਹੋਣ ਦੀਆਂ ਆਵਾਜ਼ਾਂ ਸਨ ਕਿ ਜਿਵੇਂ ਕਈ ਫਿਲਮਾਂ ਦੇ ਵਿਚ ਵਿਖਾਇਆ ਜਾਂਦਾ ਹੈ। ਚੱਕਰਵਰਤੀ ਤੁਫਾਨ ਦੇ ਵਿਚ ਐਨੀ ਤਾਕਤ ਸੀ ਕਿ ਗੱਡੀਆਂ ਪਲਟ ਗਈਆਂ, ਕਾਰਾਂ ਇਕ ਦੂਜੇ ਵਿਚ ਜਾ ਵੱਜੀਆਂ। ਲੋਕਾਂ ਨੇ ਕਿਹਾ ਕਿ ਇਹ ਚੱਕਰਵਰਤੀ ਤੁਫਾਨ ਮਸਾਂ 10 ਸੈਕਿੰਡ ਦੇ ਵਿਚ ਵੱਡੀ ਤਬਾਹੀ ਨੂੰ ਅੰਜ਼ਾਮ ਦੇ ਗਿਆ। ਬਹੁਤ ਸਾਰੇ ਭਾਰਤੀ ਲੋਕਾਂ ਦੇ ਘਰਾਂ ਨੂੰ ਨੁਕਸਾਨ ਪੁੱਜਾ।


Share