ਔਕਲੈਂਡ ‘ਚ ਲੁਧਿਆਣਾ ਦੇ 30 ਤੋਂ ਵੱਧ ਜੋੜਿਆਂ ਨੇ ਆਪਣੀ ਜਾਣ-ਪਹਿਚਾਣ ਸਾਂਝੀ ਕਰਦਿਆਂ ਬਣਾਇਆ ਨਵਾਂ ਪਰਿਵਾਰ

544
Share

 ਲੁਧਿਆਣਾ ਫੈਮਿਲੀ ਗਰੁੱਪ: ਜ਼ਿਲ੍ਹੇ ਤੋਂ ਦਿਲਾਂ ਦੀ ਸਾਂਝ
-‘ਮੈਂ ਬੋਲੀ ਤੇਰੇ ਪੁਰਖਾਂ ਦੀ, ਮੈਨੂੰ ਬੋਲਾਂ ਵਿਚ ਸ਼ਿੰਗਾਰ’
-ਘੰਟਾ ਘਰ ਲੁਧਿਆਣਾ ਦੀ ਤਸਵੀਰ ਮੂਹਰੇ ਹੋਈਆਂ ਤਸਵੀਰਾਂ
ਆਕਲੈਂਡ, 1 ਨਵੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਕਹਿੰਦੇ ਨੇ ਜੇਕਰ ਸਾਰਾ ਕੁਝ ਸੰਪੂਰਨ ਹੁੰਦਾ ਤਾਂ ਤੁਸੀਂ ਕੁਝ ਨਹੀਂ ਸਿੱਖ ਸਕਦੇ ਸੀ ਅਤੇ ਨਾ ਹੀ ਹੋਰ ਵਿਕਾਸ ਕਰ ਸਕਦੇ ਸੀ। ਜੀਵਨ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਇਕ ਦੂਜੇ ਦੇ ਜੀਵਨ ਨਾਲ ਮੇਲ-ਜੋਲ ਰੱਖੋ। ਜੀਵਨ ਇਕ ਸਾਈਕਲ ਵਾਂਗ ਹੈ ਅਤੇ ਸੰਤੁਲਿਨ ਬਣਾ ਕੇ ਚਲਦੇ ਰਹਿਣਾ ਹੀ ਜੀਵਨ ਹੈ। ਰਿਜਕਾਂ ਦੀ ਭਾਲ ਵਿਚ ਪਹੁੰਚੇ ਪੰਜਾਬੀ ਰੁਜ਼ਗਾਰ ਵਾਲੇ ਗੱਡੇ ਰੁੜ ਪੈਣ ‘ਤੇ ਫਿਰ ਯਾਦਾਂ ਦੇ ਯਾਤਰੂਆਂ ਸਹਾਰੇ ਰੱਖੀਆਂ ਪੰਜਾਬੀ ਵਿਰਸੇ ਦੀਆਂ ਪੰਡਾਂ ਹੌਲੀ-ਹੌਲੀ ਖੋਲ੍ਹਣੀਆਂ ਵੀ ਸ਼ੁਰੂ ਕਰ ਦਿੰਦੇ ਹਨ। ਨਿਊਜ਼ੀਲੈਂਡ ‘ਚ ਪੰਜਾਬ ਦੀ ਰਾਜਧਾਨੀ ਲੁਧਿਆਣਾ ਤੋਂ  ਪਹੁੰਚੇ ਸ. ਹਰਦੀਪ ਸਿੰਘ ਗਿੱਲ (ਡਿਸਕਾਊਂਟ ਬਿਨ ਵਾਲੇ) ਦੇ ਉਦਮ ਸਦਕਾ ਇਥੇ ਲੁਧਿਆਣਾ ਫੈਮਿਲੀ ਗਰੁੱਪ ਪੰਜ ਸਾਲ ਪਹਿਲਾਂ ਹੋਂਦ ਵਿਚ ਆਇਆ ਸੀ। ਅੱਜ ਪੰਜਵੇਂ ਸਾਲ ਦੀ ਸਾਲਗਿਰਾ ਉਤੇ ਇਸ ਗਰੁੱਪ ਵੱਲੋਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਕੁਝ ਹੋਰ ਨਵੇਂ ਜੋੜਿਆਂ ਨੂੰ ਸ਼ਾਮਿਲ ਕਰਦਿਆਂ ਆਪਣਾ ਪ੍ਰਦੇਸੀ ਵਸਦਾ ਨਵਾਂ ਪਰਿਵਾਰ ਹੋਰ ਵੱਡਾ ਕਰ ਲਿਆ। ਲਗਪਗ 30 ਤੋਂ ਵੱਧ ਜੋੜੇ ਜਿਸ ਦੇ ਵਿਚ ਮਾਤਾ-ਪਿਤਾ, ਪੁੱਤ-ਨੂੰਹ ਅਤੇ ਧੀ-ਜਵਾਈ ਸ਼ਾਮਿਲ ਹੋਏ।
ਸ. ਹਰਦੀਪ ਸਿੰਘ ਗਿੱਲ ਨੇ ਆਏ ਸਾਰੇ ਜੋੜਿਆਂ ਨੂੰ ‘ਜੀ ਆਇਆਂ’ ਆਖਿਆ। ਰੇਡੀਓ ਪੇਸ਼ਕਾਰ ਸ. ਸ਼ਰਨਜੀਤ ਸਿੰਘ ਨੇ ਮਾਈਕ ਸੰਭਾਲਦਿਆਂ ਮਨੋਰੰਜਨ ਨੁਮਾ ਮਾਹੌਲ ਬਣਾਈ ਰੱਖਿਆ। ਹਰ ਇਕ ਨੇ ਆਪਣੇ ਬਾਰੇ ਜਾਣ-ਪਹਿਚਾਣ ਕਰਵਾਉਂਦਿਆਂ ਆਪਣੇ ਪੇਕੇ ਅਤੇ ਸਹੁਰੇ ਪਿੰਡ ਬਾਰੇ ਗੱਲਬਾਤ ਕੀਤੀ ਅਤੇ ਕਈ ਵਾਰ ਗੱਲਾਂ-ਗੱਲਾਂ ਦੇ ਵਿਚ ਠਹਾਕੇ ਲੱਗੇ। ਜਿਸ ਨੂੰ ਜੋ ਆਉਂਦਾ ਸੀ ਉਸਨੇ ਉਹ ਸੁਣਾ ਕੇ ਪੂਰੇ ਮਾਹੌਲ ਨੂੰ ਹੋਰ ਖੁਸ਼ਗਵਾਰ ਬਣਾਇਆ। ਡਾ. ਮਨਕਰਨ ਸਿੰਘ ਸੰਧੂ ਦੇ ਪਿਤਾ ਸ. ਰਜਿੰਦਰ ਸਿੰਘ ਨੇ ਪੰਜਾਬੀ ਲੋਕ ਗੀਤਾਂ ਨੂੰ ਹੂ ਬ ਹੂ ਸੁਣਾ ਕੇ ਤਵਿਆਂ ਵਾਲਾ ਪੁਰਾਣਾ ਸਮਾਂ ਯਾਦ ਕਰਵਾ ਦਿੱਤਾ। ਸ. ਜਗਦੀਪ ਸਿੰਘ ਮਾਲਵਾ ਕਲੱਬ ਵਾਲਿਆਂ ਆ ਰਹੇ ਪੰਜਾਬੀ ਭਾਸ਼ਾ ਹਫਤੇ ਨੂੰ ਸਮਰਪਿਤ ਇਕ ਕਵਿਤਾ ‘ਮੈਂ ਬੋਲੀ ਤੇਰੇ ਪੁਰਖਾਂ ਦੀ, ਮੈਨੂੰ ਬੋਲਾਂ ਵਿਚ ਸ਼ਿੰਗਾਰ’ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤੀ। ਸ. ਅਮਰਜੀਤ ਸਿੰਘ ਲੱਖਾ ਨੇ ਵੀ ਆਪਣੀ ਬਹੁਤ ਸੋਹਣੀ ਰਚਨਾ ਪੇਸ਼ ਕੀਤੀ। ਸ. ਅਜਮੇਰ ਸਿੰਘ ਵਿਰਦੀ ਨੇ ਵੀ ਢੁੱਕਵੇਂ ਮਾਹੌਲ ਉਤੇ ਗੀਤ ਪੇਸ਼ ਕੀਤਾ। ਇਸ ਪੱਤਰਕਾਰ ਨੇ ਵੀ ਮਾਂ ਨੂੰ ਸਮਰਪਿਤ ਇਕ ਖੂਬਸੂਰਤ ਰਚਨਾ ਪੇਸ਼ ਕੀਤੀ। ਕੁਝ ਹੋਰ ਆਏ ਮਹਿਮਾਨਾਂ ਨੇ ਵੀ ਕੁਝ ਨਾ ਕੁਝ ਸੁਣਾਇਆ। ਬੀਬੀਆਂ ਨੇ ਤੰਬੋਲਾ ਖੇਡ ਦੇ ਵਿਚ ਸਾਰਿਆਂ ਨੂੰ ਸ਼ਾਮਿਲ ਕਰਕੇ ਰੌਣਕ ਲਾਈ। ਲੁਧਿਆਣਾ ਦਾ ਮਸ਼ਹੂਰ ਸੁਨੀਲ ਅਗਰਵਾਲ ਪਰਿਵਾਰ (ਭੱਠੇ ਵਾਲੇ), ਪਹਿਲੀ ਵਾਰ ਇਸ ਫੈਮਿਲੀ ਗਰੁੱਪ ਦਾ ਨਵਾਂ ਮੈਂਬਰ ਬਣਿਆ। ਇਸ ਤੋਂ ਇਲਾਵਾ ਕੁਝ ਹੋਰ ਨਵੇਂ ਮੈਂਬਰ ਵੀ ਸ਼ਾਮਿਲ ਹੋਏ। ਮਾਨ-ਸਨਮਾਨ ਦਾ ਦੌਰ ਵੀ ਚੱਲਿਆ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਬਹੁਤ ਸਾਰੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।
ਪ੍ਰਗੋਰਾਮ ਦੀ ਸਫਲਤਾ ਨੂੰ ਵੇਖਦਿਆਂ ਅਗਲਾ ਪ੍ਰੋਗਰਾਮ ਇਸ ਤੋਂ ਵੱਡਾ ਕਰਨ ਦਾ ਐਲਾਨ ਕੀਤਾ ਗਿਆ ਅਤੇ ਲੁਧਿਆਣਾ ਫੈਮਿਲੀ ਗਰੁੱਪ ਆਉਣ ਵਾਲਾ ਆਪਣਾ ਸਮਾਗਮ ਇਕ ਦਿਨਾਂ ਕਰੂਜ਼ ਦੇ ਵਿਚ ਕਰਨ ਦਾ ਪ੍ਰਬੰਧ ਕਰੇਗਾ। ਚਾਵਲਾ ਰੈਸਟੋਰੈਂਟ ਵਾਲੇ ਸ. ਜਸਪ੍ਰੀਤ ਸਿੰਘ ਹੋਰਾਂ ਦਾ ਲਾਜ਼ੀਜ ਖਾਣੇ ਦੇ ਲਈ ਧੰਨਵਾਦ ਕੀਤਾ ਗਿਆ। ਸ. ਮਨਜੀਤ ਸਿੰਘ ਬਿੱਲਾ ਹੋਰਾਂ ਆਪਣੇ ਨਵੇਂ ਕੈਮਰੇ ਦੀ ਚੱਠ ਕਰਦਿਆਂ ਖਾਸ ਤੌਰ ‘ਤੇ ਬਣਾਏ ਗਏ ਲੁਧਿਆਣਾ ਦੇ ਘੰਟਾਘਰ ਮੂਹਰੇ ਸਾਰਿਆਂ ਦੀਆਂ ਤਸਵੀਰਾਂ ਲਈਆਂ। ਅੰਤ ਦੇ ਵਿਚ ਪਹੁੰਚੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।


Share