ਔਕਲੈਂਡ ‘ਚ ਅੰਮ੍ਰਿਤਧਾਰੀ ਟਰੱਕ ਡ੍ਰਾਈਵਰ ਨੂੰ ਸ੍ਰੀ ਸਾਹਿਬ ਪਾ ਕੇ ਕੰਮ ਕਰਨ ਦੀ ਮਿਲੀ ਇਜਾਜ਼ਤ-ਹੱਕ ਰਿਹਾ ਬਰਕਰਾਰ

392
Share

ਸਿੱਖ ਅਵੇਅਰ: ਕਿਰਪਾਨ ਦੀ ਲੜਾਈ – ਹੁਣ ਗਈ ਸਮਝਾਈ
ਔਕਲੈਂਡ, 18 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਔਕਲੈਂਡ ਦੀ ਇਕ ਟਰੱਕ ਕੰਪਨੀ ਨੇ ਆਪਣੇ ਇਕ ਪੁਰਾਣੇ ਅੰਮ੍ਰਿਤਧਾਰੀ ਡ੍ਰਾਈਵਰ ਸ. ਅਮਨਦੀਪ ਸਿੰਘ ਨੂੰ ਪਿਛਲੇ ਦਿਨੀਂ ਬਿਨਾਂ ਕਿਰਪਾਨ ਪਹਿਨ ਕੇ ਕੰਮ ਕਰਨ ਲਈ ਕਿਹਾ ਸੀ ਜਾਂ ਫਿਰ ਕਿਰਪਾਨ ਪਹਿਨਣ ਦਾ ਹੱਕ ਕਾਨੂੰਨੀ ਤੌਰ ‘ਤੇ ਦੱਸਣ ਲਈ ਪੁਲਿਸ ਦੀ ਚਿੱਠੀ ਲਿਆਉਣ ਲਈ ਕਿਹਾ ਸੀ। ਸ. ਅਮਨਦੀਪ ਸਿੰਘ ਨੇ ਇਹ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਸੀ ਅਤੇ ਚਿੱਠੀ ਦੀ ਮੰਗ ਕੀਤੀ ਸੀ, ਜੋ ਕਿ ਅਜੇ ਵੀ ਪੂਰੀ ਨਹੀਂ ਹੋਈ। ਇਸ ਦਰਮਿਆਨ ‘ਸਿੱਖ ਅਵੇਅਰ ਨਿਊਜ਼ੀਲੈਂਡ’ ਨੇ ਇਹ ਮੁੱਦਾ ਆਪਣੇ ਹੱਥਾਂ ਵਿਚ ਲੈ ਕੇ ਟਰੱਕ ਕੰਪਨੀ ਦੇ ਨਾਲ ਚਿੱਠੀ ਪੱਤਰ ਕੀਤਾ। ਸ. ਅਮਨਦੀਪ ਸਿੰਘ ਨੇ ਇਹ ਮਾਮਲਾ ਸਥਾਨਕ ਗੁਰਦੁਆਰਾ ਕਮੇਟੀ ਕੋਲ ਵੀ ਉਠਾਇਆ। ਇਸ ਸਬੰਧੀ ਖਬਰਾਂ ਛਪਣੀਆਂ ਸ਼੍ਰੁਰੂ ਹੋ ਗਈਆਂ ਅਤੇ ਮਾਮਲਾ ਸ਼੍ਰੋਮਣੀ ਕਮੇਟੀ ਦੇ ਧਿਆਨ ਵਿਚ ਵੀ ਆਇਆ ਅਤੇ ਉਨ੍ਹਾਂ ਇਕ ਅਜਿਹੀ ਪੋਸਟ ਵੀ ਪਾਈ ਕਿ ਭਾਰਤ ਸਰਕਾਰ ਇਸ ਮਾਮਲੇ ਵਿਚ ਦਖਲ ਦੇਵੇ। ‘ਸਿੱਖ ਅਵੇਅਰ’ ਸੰਸਥਾ ਨੇ ਇਸ ਮਾਮਲੇ ਨੂੰ ਟਰੱਕ ਕੰਪਨੀ ਦੇ ਨਾਲ ਵਿਚਾਰਿਆ, ਟ੍ਰੇਡ ਯੂਨੀਅਨ ਨਾਲ ਗੱਲ ਹੋਈ ਅਤੇ ਰੁਜ਼ਗਾਰ ਦਾਤਾ ਨੂੰ ਅਹਿਸਾਸ ਦਿਵਾਇਆ ਕਿ ਇਹ ਇੰਪਲਾਇਮੈਂਟ ਰਿਲੇਸ਼ਨ ਐਕਟ ਅਤੇ ਹਿਊਮਨ ਰਾਈਟਸ ਐਕਟ ਦੀ ਉਲੰਘਣਾ ਹੈ। ਉਨ੍ਹਾਂ ਟਰੱਕ ਕੰਪਨੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਉਤੇ ਕਾਨੂੰਨੀ ਸਲਾਹ ਲੈਣ। ਮੌਜੂਦਾ ਕਾਨੂੰਨ ਅਤੇ ਹੱਕਾਂ ਦੀ ਤਰਜ਼ਮਾਨੀ ਕਰਦੇ ਸਾਰੇ ਸਬੂਤ ਜਦੋਂ ਕੰਪਨੀ ਨੇ ਵਿਚਾਰੇ ਤਾਂ ਉਨ੍ਹਾਂ ਹੁਣ ਸ. ਅਮਨਦੀਪ ਸਿੰਘ ਨੂੰ ਦੁਬਾਰਾ ਸ੍ਰੀ ਸਾਹਿਬ ਪਾ ਕੇ ਕੰਮ ਉਤੇ ਆਉਣ ਲਈ ਕਹਿ ਦਿੱਤਾ ਹੈ।  ਕੰਪਨੀ ਨੇ ਸ. ਅਮਨਦੀਪ ਸਿੰਘ ਨੂੰ ਉਹ 4 ਦਿਨਾਂ ਦੀ ਤਨਖਾਹ ਵੀ ਦਿੱਤੀ ਹੈ ਜਿਸ ਦੌਰਾਨ ਉਹ ਕੰਮ ‘ਤੇ ਇਸ ਕਰਕੇ ਨਹੀਂ ਗਿਆ ਸੀ ਕਿ ਉਹ ਬਿਨਾਂ ਕਿਰਪਾਨ ਪਹਿਨ ਕੰਮ ‘ਤੇ ਨਹੀਂ ਜਾਣਾ ਚਾਹੁੰਦਾ ਸੀ। ਸਿੱਖ ਅਵੇਅਰ ਨੇ ਲੇਬਰ ਪਾਰਟੀ ਦੀ ਉਮੀਦਵਾਰ ਬਲਜੀਤ ਕੌਰ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਸਥਾਨਕ ਸਾਂਸਦ ਲੂਈਸਾ ਵਾਲ ਅਤੇ ਪੁਲਿਸ ਨਾਲ ਇਸ ਮਾਮਲੇ ਵਿਚ ਤਾਲਮੇਲ ਬਣਾਇਆ। ਅਗੇ ਤੋਂ ਅਜਿਹੀ ਮੁਸ਼ਕਿਲ ਕਿਸੇ ਨੂੰ ਪੇਸ਼ ਨਾ ਆਵੇ ਇਸ ਕਰਕੇ ਪੁਲਿਸ ਦਾ ਉਤਰ ਵੀ ਉਡੀਕਿਆ ਜਾ ਰਿਹਾ ਹੈ ਤਾਂ ਕਿ ਉਸਨੂੰ ਭਵਿੱਖ ਦੇ ਲਈ ਵਰਤਿਆ ਜਾ ਸਕੇ। ਸੋ ਸਿੱਖ ਅਵੇਅਰ ਦੀ ਸਹਾਇਤਾ ਨਾਲ ਸ੍ਰੀ ਸਾਹਿਬ ਪਹਿਨ ਕੇ ਕੰਮ ਕਰਨ ਦਾ ਮੌਜੂਦਾ ਹੱਕ ਬਰਕਰਾਰ ਰਿਹਾ ਅਤੇ ਬਿਨਾਂ ਕਿਸੇ ਧਾਰਮਿਕ ਵਿਤਕਰੇ ਦੇ ਕੰਮ ਕਰਨ ਨੂੰ ਉਤਸ਼ਾਹ ਮਿਲਿਆ ਹੈ। ਅਜਿਹੀ ਕਿਸੀ ਮੁਸ਼ਕਿਲ ਲਈ ਸਿੱਖ ਅਵੇਅਰ ਨੂੰ ਈਮੇਲ ([email protected]) ਕੀਤੀ ਜਾ ਸਕਦੀ ਹੈ।


Share