ਔਕਲੈਂਡ ਖੇਤਰ ’ਚ 13 ਸਤੰਬਰ ਤੱਕ ਤਾਲਾਬੰਦੀ ਪੱਧਰ-4 ਰਹੇਗਾ-ਪ੍ਰਧਾਨ ਮੰਤਰੀ

1231
Share

-ਨਾਰਥਲੈਂਡ 2 ਸਤੰਬਰ ਤੋਂ ਬਾਅਦ ਆ ਸਕਦਾ ਹੈ ਪੱਧਰ-3 ’ਤੇ
-ਦੇਸ਼ ਦਾ ਬਾਕੀ ਹਿੱਸਾ ਕੱਲ੍ਹ ਰਾਤ ਹੋ ਜਾਵੇਗਾ ਤਾਲਾਬੰਦੀ ਪੱਧਰ 3 ’ਤੇ
ਔਕਲੈਂਡ, 31 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਪ੍ਰਧਾਨ ਮੰਤਰੀ ਮਾਣਯੋਗ ਜੈਸਿੰਡਾ ਆਰਡਨ ਅਤੇ ਕੈਬਨਿਟ ਨੂੰ ਤਸੱਲੀ ਹੈ ਕਿ ਕਰੋਨਾ ਤਾਲਬੰਦੀ ਕਰਕੇ ਬਿਮਾਰੀ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ। ਇਸੀ ਦੇ ਚਲਦਿਆਂ ਅੱਜ ਕੈਬਨਿਟ ਨੇ ਸਾਰੇ ਨਵੇਂ ਕੇਸਾਂ ਦੀ ਗਿਣਤੀ ਮਿਣਤੀ ਕਰਦਿਆਂ ਹਿਸਾਬ ਲਾਇਆ ਕਿ ਔਕਲੈਂਡ ਖੇਤਰ ਨੂੰ 13 ਸਤੰਬਰ ਤੱਕ ਕਰੋਨਾ ਤਾਲਾਬੰਦੀ ਪੱਧਰ-4 ਉਤੇ ਰੱਖਿਆ ਜਾਵੇਗਾ। ਨੌਰਥਲੈਂਡ ਵਾਲੇ ਪਾਸੇ ਗੰਦੇ ਪਾਣੀ ਦੇ ਰਾਹੀਂ ਕਰੋਨਾ ਫੈਲਣ ਦੇ ਡਰੋਂ ਇਸਨੂੰ 2 ਸਤੰਬਰ ਤੱਕ ਅਜੇ ਪੱਧਰ-4 ਉਤੇ ਰੱਖਿਆ ਗਿਆ ਅਤੇ ਬਾਅਦ ਵਿਚ ਵਿਚਾਰ ਕਰਕੇ ਪੱਧਰ 3 ਕੀਤਾ ਜਾਵੇਗਾ। ਦੇਸ਼ ਦਾ ਬਾਕੀ ਹਿੱਸਾ ਕੱਲ੍ਹ ਰਾਤ 12 ਵਜੇ ਕਰੋਨਾ ਤਾਲਾਬੰਦੀ ਪੱਧਰ 3 ਉਤੇ ਚੱਲਿਆ ਜਾਵੇਗਾ। ਇਸ ਦੌਰਾਨ ਵਿਆਹ ਅਤੇ ਅੰਤਿਮ ਸੰਸਕਾਰ ਵਾਸਤੇ 10 ਤੱਕ ਦੀ ਗਿਣਤੀ ਵਿਚ ਲੋਕ ਇਕੱਠੇ ਹੋ ਸਕਣਗੇ।
ਅੱਜ ਕਰੋਨਾ ਦੇ ਹੋਰ 53 ਨਵੇਂ ਕੇਸ ਆਏ ਜਿਸ ਤੋਂ ਬਾਅਤ ਕਾਰਜਸ਼ੀਲ ਕਰੋਨਾ ਕੇਸਾਂ ਦੀ ਗਿਣਤੀ 562 ਹੋ ਗਈ ਹੈ। 547 ਸਿਰਫ ਔਕਲੈਂਡ ਖੇਤਰ ਦੇ ਵਿਚ ਹਨ ਜਦ ਕਿ 15 ਕੇਸ ਵਲਿੰਗਟਨ ਦੇ ਹਨ। 37 ਲੋਕ ਹਸਪਤਾਲ ਦੇ ਵਿਚ ਦਾਖਲ ਹਨ। 32 ਜਨਰਲ ਵਾਰਡ ਦੇ ਵਿਚ ਅਤੇ 5 ਆਈ. ਸੀ. ਯੂ. ਦੇ ਵਿਚ ਸਥਿਰ ਹਾਲਤ ਦੇ ਵਿਚ ਹਨ।
ਹੈਲੋ ਫ੍ਰੈਸ਼ ਦਾ ਸਟਾਫ ਪਾਜ਼ੇਟਿਵ: ਸਿਹਤਮੰਤ ਭੋਜਨ ਵਾਸਤੇ ਜ਼ਿਮ ਜਾਣ ਵਾਲੇ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੈਲੋ ਫ੍ਰੈਸ਼ ਕੰਪਨੀ ਦੇ ਵਿਤਰਣ ਕੇਂਦਰ ਦੇ ਦੋ ਮੁਲਾਜ਼ਮ ਕਰੋਨਾ ਪਾਜ਼ੇਟਿਵ ਪਾਏ ਗਏ ਹਨ।
ਬੱਸ ਡ੍ਰਾਈਵਰ ਜ਼ਖਮੀ ਕੀਤਾ: ਤਿੰਨ ਸ਼ਰਾਤਤੀ ਨੌਜਵਾਨ ਜਿਸ ਦੇ ਵਿਚ ਦੋ ਲੜਕੀਆਂ ਵੀ ਸ਼ਾਮਿਲ ਸਨ, ਨੇ ਇਕ 69 ਸਾਲਾ ਬੱਸ ਡ੍ਰਾਈਵਰ ਨੂੰ ਜ਼ਖਮੀ ਕਰ ਦਿੱਤਾ। ਉਸਦੀ ਇਕ ਅੱਖ ਉਤੇ ਗਹਿਰੀ ਸੱਟ ਲੱਗੀ। ਕਿਸੇ ਗੱਲ ਨੂੰ ਲੈ ਕੇ ਉਹ ਆਪਸ ਵਿਚ ਖਹਿਬੜ ਪਏ ਅਤੇ 14-15 ਸਾਲਾਂ ਦੇ ਇਨ੍ਹਾਂ ਨੌਜਵਾਨਾਂ ਨੇ ਬੱਸ ਡ੍ਰਾਈਵਰ ਨਾਲ ਕੁੱਟਮਾਰ ਕੀਤੀ। ਐਨ. ਜ਼ੈਡ. ਬੱਸ ਦਾ ਇਹ ਡ੍ਰਾਈਵਰ ਸਾਬਕਾ ਪੁਲਿਸ ਅਤੇ ਆਰਮੀ ਵਿਅਕਤੀ ਸੀ। ਲਾਕਡਾਊਨ ਦੌਰਾਨ ਹੁਣ ਤੱਕ 16 ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ ਜੋ ਕਿ ਬੱਸਾਂ, ਰੇਲਾਂ ਅਤੇ ਫੈਰੀ ਦੇ ਵਿਚ ਹੋਈਆਂ ਹਨ।
ਕੋਵਿਡ ਟੈਸਟ ਵਾਲਾ ਟੈਂਟ ਹੀ ਪੁੱਟ ਕੇ ਲੈ ਗਏ: ਟੌਰੰਗਾ ਵਿਖੇ ਕੋਵਿਡ ਟੈਸਟ ਵਾਸਤੇ ਲਗਾਇਆ ਗਿਆ ਇਕ ਟੈਂਟ ਜਿਸ ਦੀ ਕੀਮਤ 4000 ਡਾਲਰ ਦੇ ਕਰੀਬ ਸੀ, ਚੋਰ ਰਾਤ ਨੂੰ ਪੁੱਟ ਕੇ ਲੈ ਗਏ। ਕੋਵਿਡ ਟੈਸਟ ਭਾਵੇਂ ਜਾਰੀ ਰੱਖੇ ਗਏ ਹਨ ਪਰ ਟੈਂਟ ਲੱਗੇ ਹੋਣ ਦੀ ਕਾਫੀ ਸਹੂਲਤ ਸੀ।


Share