ਓ.ਸੀ.ਆਈ. ਕਾਰਡਧਾਰਕਾਂ ਲਈ ਤਬਲੀਗ ਜਾਂ ਮੀਡੀਆ ਸਰਗਰਮੀਆਂ ’ਚ ਸ਼ਮੂਲੀਅਤ ਲਈ ਸਰਕਾਰ ਤੋਂ ਲੈਣੀ ਪਵੇਗੀ ਵਿਸ਼ੇਸ਼ ਪ੍ਰਵਾਨਗੀ!

113
Share

ਨਵੀਂ ਦਿੱਲੀ, 5 ਮਾਰਚ (ਪੰਜਾਬ ਮੇਲ)- ਪ੍ਰਵਾਸੀ ਭਾਰਤੀ ਨਾਗਰਿਕ (ਓ.ਸੀ.ਆਈ.) ਕਾਰਡਧਾਰਕਾਂ ਨੂੰ ਦੇਸ਼ ਵਿਚ ਕਿਸੇ ਵੀ ਮਿਸ਼ਨਰੀ, ‘ਤਬਲੀਗ’ ਜਾਂ ਮੀਡੀਆ ਨਾਲ ਜੁੜੀਆਂ ਸਰਗਰਮੀਆਂ ’ਚ ਸ਼ਮੂਲੀਅਤ ਕਰਨ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ। ਹਾਲਾਂਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਓ.ਸੀ.ਆਈ. ਕਾਰਡਧਾਰਕਾਂ ਨੂੰ ਘਰੇਲੂ ਉਡਾਣਾਂ ਦੇ ਕਿਰਾਏ ਅਤੇ ਕੌਮੀ ਪਾਰਕਾਂ ਤੇ ਪੁਰਾਤਨ ਇਮਾਰਤਾਂ ਤੇ ਅਜਾਇਬਘਰਾਂ ਦੀ ਫੇਰੀ ਮੌਕੇ ਦਾਖ਼ਲਾ ਫ਼ੀਸਾਂ ਤੇ ਹੋਰ ਸਹੂਲਤਾਂ ਭਾਰਤੀ ਨਾਗਰਿਕਾਂ ਵਾਂਗ ਮਿਲਦੀਆਂ ਰਹਿਣਗੀਆਂ। ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਇਹ ਸਾਰੇ ਨੇਮ ਉਸ ਵੱਲੋਂ ਸਾਲ 2019 ’ਚ ਪ੍ਰਕਾਸ਼ਿਤ ‘ਕਿਤਾਬਚੇ’ ’ਚ ਦਰਜ ਹਨ ਤੇ ਇਨ੍ਹਾਂ ਨੂੰ ਹਾਲ ਹੀ ਵਿਚ ਸੰਗਠਿਤ ਤੇ ਨੋਟੀਫਾਈ ਕੀਤਾ ਗਿਆ ਹੈ। ਮੰੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਵਿਚ ਕਿਹਾ ਕਿ ਓ.ਸੀ.ਆਈ. ਕਾਰਡਧਾਰਕ ਭਾਰਤ ਵਿਚ ‘ਖੋਜ ਕਰਨ ਜਾਂ ਕਿਸੇ ਮਿਸ਼ਨਰੀ ਜਾਂ ਤਬਲੀਗ ਜਾਂ ਪਹਾੜਾਂ ’ਤੇ ਚੜ੍ਹਨ ਜਾਂ ਮੀਡੀਆ ਨਾਲ ਜੁੜੀਆਂ ਸਰਗਰਮੀਆਂ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਵਿਦੇਸ਼ੀ ਨਾਗਰਿਕ ਖੇਤਰੀ ਰਜਿਸਟ੍ਰੇਸ਼ਨ ਅਧਿਕਾਰੀ’ ਜਾਂ ਭਾਰਤੀ ਸਫ਼ਾਰਤਖ਼ਾਨੇ ਤੋਂ ਵਿਸ਼ੇਸ਼ ਮਨਜ਼ੂਰੀ ਲੈਣੀ ਹੋਵੇਗੀ।’’ ਇਸ ਤੋਂ ਇਲਾਵਾ ਓ.ਸੀ.ਆਈ. ਕਾਰਡਧਾਰਕਾਂ ਲਈ ਕਿਸੇ ਪਾਬੰਦੀਸ਼ੁਦਾ ਖੇਤਰ ਵਿਚ ਕੰਮ ਕਰਨ ਲਈ ਵੀ ਵਿਸ਼ੇਸ਼ ਮਨਜ਼ੂਰੀ ਲਾਜ਼ਮੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਓ.ਸੀ.ਆਈ. ਕਾਰਡਧਾਰਕ ਵਿਦੇਸ਼ੀ ਨਾਗਰਿਕ ਹੁੰਦਾ ਹੈ, ਜਿਸ ਕੋਲ ਵਿਦੇਸ਼ ਦਾ ਪਾਸਪੋਰਟ ਹੁੰਦਾ ਹੈ ਅਤੇ ਉਹ ਭਾਰਤ ਦਾ ਨਾਗਰਿਕ ਨਹੀਂ ਹੈ।

Share