ਓਹੀਓ ‘ਚ ਘਰ ‘ਚ ਲੱਗੀ ਅੱਗ, 3 ਬੱਚਿਆਂ ਸਮੇਤ ਹੋਈ 5 ਦੀ ਮੌਤ

203
Share

ਫਰਿਜ਼ਨੋ (ਕੈਲੀਫੋਰਨੀਆ), 16 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/ਪੰਜਾਬ ਮੇਲ) – ਅਮਰੀਕਾ ਦੇ ਓਹੀਓ ‘ਚ ਸੋਮਵਾਰ ਨੂੰ ਵਾਪਰੇ ਇੱਕ ਘਰੇਲੂ ਅਗਨੀ ਹਾਦਸੇ ‘ਚ ਪੰਜ ਲੋਕਾਂ ਦੀ ਮੌਤ ਹੋਈ ਹੈ। ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਸਵੇਰੇ ਉੱਤਰੀ ਓਹੀਓ ‘ਚ ਇੱਕ ਘਰ ‘ਚ ਭਿਆਨਕ ਅੱਗ ਲੱਗਣ ਨਾਲ ਤਿੰਨ ਬੱਚਿਆਂ ਅਤੇ ਦੋ ਬਾਲਗ ਵਿਅਕਤੀਆਂ ਦੀ ਮੌਤ ਹੋਈ ਹੈ। ਸੋਮਵਾਰ ਸਵੇਰੇ 1 ਵਜੇ ਦੇ ਕਰੀਬ ਕਲੀਵਲੈਂਡ ਦੇ ਦੱਖਣ ‘ਚ ਅਕਰੋਨ ‘ਚ ਸਥਿਤ ਘਰ ਨੂੰ ਅੱਗ ਲੱਗਣ ਤੋਂ ਬਾਅਦ ਚਾਰ ਹੋਰ ਲੋਕ ਜ਼ਖਮੀ ਵੀ ਹੋਏ ਹਨ।

ਕਰੋਨ ਪਬਲਿਕ ਸਕੂਲ ਨੇ ਦੱਸਿਆ ਕਿ ਮ੍ਰਿਤਕ ਬੱਚਿਆਂ ਦੀ ਉਮਰ 5, 11 ਅਤੇ 16 ਸਾਲ ਸੀ। ਅਧਿਕਾਰੀਆਂ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਜਦਕਿ ਫਾਇਰ ਅਧਿਕਾਰੀਆਂ ਨੇ ਘਟਨਾ ਬਾਰੇ ਕੋਈ ਵੇਰਵਾ ਜਾਰੀ ਨਹੀਂ ਕੀਤਾ। ਫਾਇਰ ਵਿਭਾਗ ਅਨੁਸਾਰ ਜਦੋਂ ਫਾਇਰ ਫਾਈਟਰ ਕਾਰਵਾਈ ਕਰਦਿਆਂ ਘਰ ਪਹੁੰਚੇ ਤਾਂ ਘਰ ਦੇ ਤਿੰਨ ਪਾਸਿਆਂ ਤੋਂ ਅੱਗ ਦੀਆਂ ਲਪਟਾਂ ਚੱਲ ਰਹੀਆਂ ਸਨ। ਜਾਣਕਾਰੀ ਅਨੁਸਾਰ ਗੁਆਂਢੀਆਂ ਨੇ ਘਟਨਾ ਦੌਰਾਨ ਪੀੜਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਮਾਸੂਮ ਬੱਚਿਆਂ ਦੀ ਜਾਨ ਨਹੀਂ ਬਚ ਸਕੀ।


Share