ਓਹਾਇਓ ਦੀ ਰਾਜਧਾਨੀ ਕੋਲਬੰਸ ਦੀ ਕਾਊਂਟੀ ‘ਚ ਤਕਰੀਬਨ 50 ਹਜ਼ਾਰ ਵੋਟਰਾਂ ਨੂੰ ਭੇਜੇ ਗਏ ਗਲਤ ਬੈਲਟ ਪੇਪਰ

755

ਕੋਲੰਬਸ (ਅਮਰੀਕਾ), 10 ਅਕਤੂਬਰ (ਪੰਜਾਬ ਮੇਲ)- ਅਮਰੀਕੀ ਸੂਬੇ ਓਹਾਇਓ ਦੀ ਰਾਜਧਾਨੀ ਅਤੇ ਸਭ ਤੋਂ ਵੱਡੇ ਸ਼ਹਿਰ ਕੋਲੰਬਸ ਦੀ ਇਕ ਕਾਊਂਟੀ ‘ਚ ਤਕਰੀਬਨ 50,000 ਵੋਟਰਾਂ ਨੂੰ ਭੇਜੇ ਗਏ ਬੈਲਟ ਪੇਪਰ ਗਲਤ ਸਨ। ਇਹ ਬੈਲਟ ਪੇਪਰ ਅਜਿਹੇ ਲੋਕਾਂ ਨੂੰ ਭੇਜੇ ਜਾਂਦੇ ਹਨ, ਜੋ ਮਤਦਾਨ ਕਰਨ ਲਈ ਆਧਿਕਾਰਿਕ ਵੋਟਿੰਗ ਕੇਂਦਰ ਜਾਣ ਵਿਚ ਅਸਮਰਥ ਜਾਂ ਅਨਿੱਛੁਕ ਹਨ।
ਚੋਣ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ, ਹਾਲਾਂਕਿ ਉਨ੍ਹਾਂ ਨੇ ਵਾਅਦਾ ਕੀਤਾ ਕਿ ਅਗਲੇ 72 ਘੰਟੇ ਦੇ ਅੰਦਰ ਲੋਕਾਂ ਨੂੰ ਠੀਕ ਬੈਲਟ ਪੇਪਰ ਮਿਲ ਜਾਣਗੇ। ਅਧਿਕਾਰੀਆਂ ਮੁਤਾਬਕ ਤਕਰੀਬਨ 2,40,000 ਬੈਲਟ ਪੇਪਰ ਭੇਜੇ ਗਏ। ਇਸ ਦਾ ਮਤਲਬ ਹੈ ਕਿ ਪੰਜ ਵੋਟਰਾਂ ਵਿਚੋਂ ਇਕ ਨੂੰ ਗਲਤ ਬੈਲਟ ਪੇਪਰ ਮਿਲਿਆ। ਫਰੈਂਕਲਿਨ ਕਾਊਂਟੀ ਦੇ ਚੋਣ ਅਧਿਕਾਰੀਆਂ ਮੁਤਾਬਕ ਇਹ ਗੜਬੜੀ ਸ਼ਨੀਵਾਰ ਨੂੰ ਹੋਈ, ਜਦੋਂ ਕਿਸੇ ਨੇ ਬੈਲਟ ਪੇਪਰ ਭੇਜਣ ਵਾਲੀ ਇਕ ਮਸ਼ੀਨ ਦੀ ਸੈਟਿੰਗ ਬਦਲ ਦਿੱਤੀ। ਫਰੈਂਕਲਿਨ ਕਾਊਂਟੀ ਚੋਣ ਬੋਰਡ ਨੇ ਕਿਹਾ ਕਿ ਕੁੱਲ 2,37,498 ਲੋਕਾਂ ਨੂੰ ਬੈਲਟ ਪੇਪਰ ਭੇਜੇ ਗਏ ਸਨ, ਜਿਨ੍ਹਾਂ ਵਿਚੋਂ 49,669 ਵੋਟਰਾਂ ਨੂੰ ਗਲਤ ਬੈਲਟ ਪੇਪਰ ਮਿਲੇ। ਫਰੈਂਕਲਿਨ ਕਾਊਂਟੀ ‘ਚ ਤਕਰੀਬਨ 8,80,000 ਰਜਿਸਟਰਡ ਵੋਟਰ ਹਨ। ਚੋਣ ਬੋਰਡ ਨੇ ਐਲਾਨ ਕੀਤਾ ਹੈ ਕਿ ਬੈਲਟ ਪੇਪਰਾਂ ਨੂੰ ਬਦਲਣ, ਉਨ੍ਹਾਂ ਨੂੰ ਲਿਫਾਫੇ ‘ਚ ਪਾਉਣ ਅਤੇ ਭੇਜਣ ਦੀ ਪ੍ਰੀਕਿਰਿਆ ਚੱਲ ਰਹੀ ਹੈ। ਬੋਰਡ ਨੇ ਇਹ ਵੀ ਕਿਹਾ ਕਿ ਉਹ ਉਨ੍ਹਾਂ ਸਾਰੇ ਵੋਟਰਾਂ ਨੂੰ ਪੋਸਟਕਾਰਡ ਭੇਜਕੇ ਹਾਲਤ ਸਪੱਸ਼ਟ ਕਰੇਗਾ, ਜਿਨ੍ਹਾਂ ਨੂੰ ਗਲਤ ਬੈਲਟ ਪੇਪਰ ਮਿਲੇ ਹਨ।