ਓਲੰਪਿਕ ਨੈਸ਼ਨਲ ਪਾਰਕ ‘ਚ ਵਾਹਨ ਅੰਦਰੋਂ ਮਿਲੀ ਚੋਰੀ ਹੋਈ ਡਾਕ

411
Share

ਫਰਿਜ਼ਨੋ (ਕੈਲੀਫੋਰਨੀਆ), 21 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਵਾਸ਼ਿੰਗਟਨ ਦੀ ਕਲਾਲਮ ਕਾਉਂਟੀ ਦੇ ਓਲੰਪਿਕ ਨੈਸ਼ਨਲ ਪਾਰਕ ਵਿੱਚ ਪੁਲਿਸ ਅਧਿਕਾਰੀਆਂ ਦੁਆਰਾ ਇੱਕ ਕਾਰ ਵਿੱਚੋਂ ਚੋਰੀ ਕੀਤੀਆਂ ਹੋਈਆਂ 100 ਤੋਂ ਜ਼ਿਆਦਾ ਡਾਕ ਦੀਆਂ ਚਿੱਠੀਆਂ ਬਰਾਮਦ ਕੀਤੀਆਂ ਗਈਆਂ ਹਨ, ਜਿਹਨਾਂ ਵਿੱਚ ਕੁੱਝ ਰਾਹਤ ਚੈੱਕ ਵੀ ਮੌਜੂਦ ਸਨ। ਇਸ ਸੰਬੰਧ ਵਿੱਚ ਵਾਸ਼ਿੰਗਟਨ ਦੇ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ  ਅਧਿਕਾਰੀਆਂ ਨੇ ਮੰਗਲਵਾਰ ਨੂੰ ਪਾਰਕ ਵਿੱਚ ਇੱਕ ਕਾਲੀ ਕਾਰ ਨੂੰ ਪਾਇਆ, ਜੋ ਕਿ  ਹਾਲ ਹੀ ਵਿੱਚ ਹੁਰੀਕੇਨ ਰੀਜ ਰੋਡ ਤੇ ਡਾਕ ਚੋਰੀ ਦੀਆਂ ਘਟਨਾਵਾਂ ਦੀ ਵੀਡੀਓ ਫੁਟੇਜ ਵਿੱਚ ਦੇਖੀ ਗਈ ਸੀ, ਅਤੇ ਇਸ ਕਾਰ ਦੇ ਨੇੜੇ ਪੋਰਟ ਐਂਜਲਸ ਦਾ 32 ਸਾਲਾ ਮਾਈਕਲ ਰਿਲੀ ਨਾਮ ਦਾ ਵਿਅਕਤੀ ਮਿਲਿਆ ਹੈ। ਅਧਿਕਾਰੀਆਂ ਨੇ ਵਾਹਨ ਵਿੱਚ ਵੱਖ-ਵੱਖ ਨਾਮਾਂ ਅਤੇ ਪਤੇ ਵਾਲੀਆਂ ਡਾਕ ਚਿੱਠੀਆਂ ਨੂੰ ਦੇਖਿਆ । ਇਸ ਦੌਰਾਨ ਵਾਹਨ ਦੀ ਤਲਾਸ਼ੀ ਲੈਣ ਉਪਰੰਤ ਉਸ ਵਿੱਚੋਂ  80 ਵੱਖ-ਵੱਖ ਵਿਅਕਤੀਆਂ ਨਾਲ ਸਬੰਧਿਤ 100 ਤੋਂ ਵਧੇਰੇ ਡਾਕ ਪ੍ਰਾਪਤ ਹੋਈ, ਜਿਹਨਾਂ ਵਿੱਚ ਤਿੰਨ ਰਾਹਤ ਚੈਕ, 15 ਕ੍ਰੈਡਿਟ ਕਾਰਡ ਅਤੇ ਚਾਰ ਰਾਜ ਅਤੇ ਸਰਕਾਰ ਦੁਆਰਾ ਜਾਰੀ ਕੀਤੇ ਗਏ ਆਈ ਡੀ ਕਾਰਡ ਵੀ ਮਿਲੇ। ਪੁਲਿਸ ਅਨੁਸਾਰ ਇਹਨਾਂ ਚਿੱਠੀਆਂ ਨਾਲ ਸੰਬੰਧਿਤ ਵਿਅਕਤੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਮਿੰਕਸ ਨੇ ਜਾਣਕਾਰੀ ਦਿੱਤੀ ਕਿ ਰੀਲੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਅਤੇ ਪੁਲਿਸ ਦੁਆਰਾ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Share