‘ਓਲੰਪਿਕ ਖੇਡ ਮਹਾਂਕੁੰਭ’ ’ਚ ਕਰੋਨਾ ਦੀ ਦਸਤਕ!

327
Share

ਟੋਕੀਓ, 20 ਜੁਲਾਈ (ਪੰਜਾਬ ਮੇਲ)- ਚੈੱਕ ਗਣਰਾਜ ਦਾ ਬੀਚ ਵਾਲੀਬਾਲ ਖਿਡਾਰੀ ਓਂਦਰੇਜ ਪੇਰੁਸਿਕ ਓਲੰਪਿਕ ਖੇਡ ਪਿੰਡ ’ਚ ਕੋਵਿਡ-19 ਲਈ ਪਾਜ਼ੀਟਿਵ ਨਿਕਲਣ ਵਾਲਾ ਤੀਜਾ ਅਥਲੀਟ ਬਣ ਗਿਆ ਹੈ, ਜਦੋਂਕਿ ਸ਼ੀਬਾ ਵਿਚ ਸਿਖਲਾਈ ਲੈ ਰਹੀ ਅਮਰੀਕੀ ਮਹਿਲਾ ਜਿਮਨਾਸਟ ਕਾਰਾ ਈਕਰ ਵੀ ਕਰੋਨਾ ਦੀ ਮਾਰ ਹੇਠ ਆ ਗਈ ਹੈ। ਹੁਣ ਜਦੋਂ ਟੋਕੀਓ ਓਲੰਪਿਕਸ ਸਮਾਂ ਨਜ਼ਦੀਕ ਆ ਗਿਆ ਹੈ, ਤਾਂ ਖੇਡ ਪਿੰਡ ’ਚੋਂ ਕਰੋਨਾ ਕੇਸਾਂ ਦਾ ਨਿਯਮਤ ਰਿਪੋਰਟ ਹੋਣਾ ‘ਖੇਡ ਮਹਾਕੁੰਭ’ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ।
ਇਸ ਤੋਂ ਪਹਿਲਾਂ ਐਤਵਾਰ ਨੂੰ ਦੱਖਣੀ ਅਫਰੀਕਾ ਦੀ ਫੁੱਟਬਾਲ ਟੀਮ ਦੇ ਦੋ ਖਿਡਾਰੀਆਂ ਥਾਬੀਸੋ ਮੋਨਯਾਨੇ ਤੇ ਕਾਮੋਹੇਲੋ ਮਾਹਲਤਸੀ ਨੂੰ ਕਰੋਨਾ ਦੀ ਲਾਗ ਚਿੰਬੜਨ ਦਾ ਖੁਲਾਸਾ ਹੋਇਆ ਸੀ। ਪੇਰੁਸਿਕ ਚੈੱਕ ਗਣਰਾਜ ਦੇ ਖੇਡ ਦਲ ’ਚੋਂ ਰਿਪੋਰਟ ਹੋਇਆ ਦੂਜਾ ਪਾਜ਼ੀਟਿਵ ਕੇਸ ਸੀ। ਟੋਕੀਓ ਓਲੰਪਿਕਸ ਦੀ ਪ੍ਰਬੰਧਕ ਕਮੇਟੀ ਹੁਣ ਤੱਕ ਖੇਡਾਂ ਨਾਲ ਸਬੰਧਤ 58 ਕੋਵਿਡ-19 ਕੇਸਾਂ ਦੀ ਪੁਸ਼ਟੀ ਕਰ ਚੁੱਕੀ ਹੈ। ਚੈੱਕ ਗਣਰਾਜ ਦੇ ਅਧਿਕਾਰਤ ਓਲੰਪਿਕ ਟੀਮ ਹੈਂਡਲ ਤੋਂ ਆਈ ਪੋਸਟ ’ਚ ਲਿਖਿਐ, ‘‘ਸਾਰੀਆਂ ਸਾਵਧਾਨੀਆਂ ਵਰਤਣ ਦੇ ਬਾਵਜੂਦ ਬੀਚ ਵਾਲੀਬਾਲ ਖਿਡਾਰੀ ਓਂਦਰੇਜ ਪੇਰੁਸਿਕ ਕੋਵਿਡ-19 ਦੀ ਲਾਗ ਦਾ ਸ਼ਿਕਾਰ ਹੋ ਗਿਆ। ਹਾਲ ਦੀ ਘੜੀ ਉਸ ਵਿਚ ਕੋਈ ਲੱਛਣ ਨਹੀਂ ਹਨ ਤੇ ਉਸ ਨੂੰ ਨੇਮਾਂ ਮੁਤਾਬਕ ਇਕਾਂਤਵਾਸ ਕਰ ਦਿੱਤਾ ਗਿਆ ਹੈ।’’ ਪੇਰੁਸਿਕ ਤੇ ਉਸ ਦੇ ਜੋੜੀਦਾਰ ਡੈਵਿਡ ਸ਼ਵਾਈਨਰ ਨੇ ਆਪਣਾ ਪਲੇਠਾ ਮੈਚ 26 ਜੁਲਾਈ ਨੂੰ ਖੇਡਣਾ ਸੀ ਤੇ ਚੈੱਕ ਟੀਮ ਵੱਲੋਂ ਹੁਣ ਉਨ੍ਹਾਂ ਦਾ ਮੈਚ ਅੱਗੇ ਪਾਉਣ ਦੀ ਦਰਖਾਸਤ ਦਿੱਤੀ ਜਾਵੇਗੀ। ਉਧਰ ‘ਕਿਓਡੋ’ ਖ਼ਬਰ ਏਜੰਸੀ ਨੇ ਮਗਰੋਂ ਆਪਣੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ‘ਅਮਰੀਕਾ ਦੀ ਮਹਿਲਾ ਜਿਮਨਾਸਟ’ ਕਰੋਨਾ ਦੀ ਲਾਗ ਲਈ ਪਾਜ਼ੀਟਿਵ ਪਾਈ ਗਈ ਹੈ। ਜਿਮਨਾਸਟ, ਜੋ ਕਿ ਅਜੇ ਮੁਟਿਆਰ ਉਮਰ ਦੀ ਹੈ, ਨੂੰ ਟੋਕੀਓ ਵਿਚ ਹੀ ਓਲੰਪਿਕ ਸਿਖਲਾਈ ਕੈਂਪ ਦੌਰਾਨ ਲਾਗ ਚਿੰਬੜੀ ਹੈ। ਅਮਰੀਕਾ ਦੀ ਓਲੰਪਿਕ ਤੇ ਪੈਰਾਲੰਪਿਕ ਕਮੇਟੀ ਨੇ ਇਕ ਬਿਆਨ ’ਚ ਕਿਹਾ ਕਿ ਜਿਹੜੀ ਮਹਿਲਾ ਜਿਮਨਾਸਟ ਕਰੋਨਾ ਲਈ ਪਾਜ਼ੀਟਿਵ ਨਿਕਲੀ ਹੈ, ਉਹ ਬਦਲਵੇਂ ਖਿਡਾਰੀਆਂ ’ਚ ਸ਼ੁਮਾਰ ਸੀ।

Share